ਕੰਪਿਊਟਰ ਅਧਿਆਪਕਾਂ ਸਾੜੀਆਂ ਮਤੇ ਦੀਆਂ ਕਾਪੀਆਂ

02/06/2018 1:54:03 AM

ਸ੍ਰੀ ਮੁਕਤਸਰ ਸਾਹਿਬ,   (ਪਵਨ)-  ਜ਼ਿਲੇ ਕੰਪਿਊਟਰ ਅਧਿਆਪਕ ਯੂਨੀਅਨ (ਪੰਜਾਬ) ਇਕਾਈ ਦੀ ਮੀਟਿੰਗ ਸੀਨੀਅਰ ਆਗੂ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਅਧਿਆਪਕਾਂ ਨੇ ਜ਼ਿਲਾ ਸਿੱਖਿਆ ਦਫ਼ਤਰ ਅੱਗੇ ਵਿਭਾਗ ਵੱਲੋਂ ਜਾਰੀ ਕੀਤੇ ਮਤੇ ਦੀਆਂ ਕਾਪੀਆਂ ਵੀ ਸਾੜੀਆਂ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਜਾ ਰਹੀ ਲਗਾਤਾਰ ਧੱਕੇਸ਼ਾਹੀ ਦੇ ਵਿਰੋਧ 'ਚ ਵਾਅਦਾ ਖਿਲਾਫੀ ਮੁਹਿੰਮ ਦਾ ਐਲਾਨ ਕਰ ਦਿੱਤਾ ਹੈ। 
ਯੂਨੀਅਨ ਆਗੂਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਟਾਲ-ਮਟੋਲ ਦੀ ਨੀਤੀ 'ਤੇ ਚੱਲਦੀ ਆ ਰਹੀ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਅਖੀਰ ਆਰ. ਟੀ. ਆਈ. ਰਾਹੀਂ ਪ੍ਰਾਪਤ ਸੂਚਨਾ ਰਾਹੀਂ ਪਤਾ ਲੱਗਾ ਕਿ ਵਿਭਾਗ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਦੇ ਮੁਲਾਜ਼ਮ ਨਹੀਂ ਮੰਨ ਰਿਹਾ। ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ 27 ਦਸੰਬਰ, 2017 ਨੂੰ ਜਾਰੀ ਕੀਤੇ ਪੱਤਰ ਮੁਤਾਬਕ ਕੰਪਿਊਟਰ ਅਧਿਆਪਕ ਸੂਬਾ ਸਰਕਾਰ ਦੇ ਨਹੀਂ ਸਗੋਂ ਸੁਸਾਇਟੀ ਦੇ ਮੁਲਾਜ਼ਮ ਹਨ, ਸੋ ਇਨ੍ਹਾਂ 'ਤੇ ਸਰਕਾਰੀ ਲਾਭ ਲਾਗੂ ਨਹੀਂ ਕੀਤੇ ਜਾਣਗੇ। 
ਆਰ. ਟੀ. ਆਈ. ਰਾਹੀਂ ਖੁਲਾਸਾ ਹੋਇਆ ਕਿ ਪੰਜਾਬ ਦੇ ਸਰਕਾਰੀ ਸਕੂਲ ਵਿਚ 13 ਸਾਲਾਂ ਦੀਆਂ ਨਿਰੰਤਰ ਸੇਵਾਵਾਂ ਨਿਭਾਉਣ ਦੇ ਬਾਵਜੂਦ ਸਿੱਖਿਆ ਵਿਭਾਗ ਦੀ ਪੰਜਾਬ ਆਈ. ਸੀ. ਟੀ. ਸੁਸਾਇਟੀ ਅਧੀਨ ਕੰਪਿਊਟਰ ਅਧਿਆਪਕਾਂ 'ਤੇ ਕੋਈ ਸਰਵਿਸ ਰੂਲਜ਼ ਲਾਗੂ ਨਹੀਂ ਹਨ। 
ਜ਼ਿਕਰਯੋਗ ਹੈ ਕਿ ਸਾਲ 2005 'ਚ ਕਾਂਗਰਸ ਸਰਕਾਰ ਨੇ ਸਿੱਖਿਆ ਵਿਭਾਗ ਦੀ ਪੰਜਾਬ ਆਈ. ਸੀ. ਟੀ. ਸੁਸਾਇਟੀ ਅਧੀਨ ਕੰਪਿਊਟਰ ਅਧਿਆਪਕਾਂ ਭਰਤੀ ਕੀਤੀ ਸੀ। ਉਪਰੰਤ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਸਾਲ 2011 ਵਿਚ ਰੈਗੂਲਰ ਕਰ ਦਿੱਤਾ ਗਿਆ ਸੀ ਅਤੇ ਨੋਟੀਫਿਕੇਸ਼ਨ 'ਚ ਪੰਜਾਬ ਸੀ. ਐੱਸ. ਆਰ. ਰੂਲਜ਼ ਅਧੀਨ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਸਨ ਪਰ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਸ਼ਰਤਾਂ ਨੂੰ ਕੰਪਿਊਟਰ ਅਧਿਆਪਕਾਂ 'ਤੇ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਆਮ ਮੁਲਾਜ਼ਮਾਂ ਦੀ ਤਰ੍ਹਾਂ ਏ. ਸੀ. ਪੀ., ਅੰਤ੍ਰਿਮ ਰਿਲੀਫ, ਮੈਡੀਕਲ ਰੀਬਰਸਮੈਂਟ, ਸੀ. ਪੀ. ਐੱਫ. ਕਟੌਤੀ ਅਤੇ ਪੰਜਾਬ ਸੀ. ਐੱਸ. ਆਰ. ਰੂਲਜ਼ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। 
7000 ਕੰਪਿਊਟਰ ਅਧਿਆਪਕਾਂ 'ਚ ਸਰਕਾਰ ਖਿਲਾਫ ਭਾਰੀ ਰੋਸ ਹੈ ਕਿਉਂਕਿ 13 ਸਾਲਾਂ ਦੀਆਂ ਸੇਵਾਵਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਾਡੇ ਨਾਲ ਧੋਖਾ ਅਤੇ ਵਾਅਦਾ ਖਿਲਾਫੀ ਕਰ ਰਹੀ ਹੈ ਅਤੇ ਇਸ ਲੰਬੇ ਸਮੇਂ ਤੋਂ ਹੋ ਰਹੇ ਵਿਤਕਰੇ ਕਰ ਕੇ ਉਨ੍ਹਾਂ ਦੇ ਸਬਰ ਦਾ ਬੰਨ ਟੁੱਟ ਚੁੱਕਾ ਹੈ। ਹੁਣ ਉਹ ਕਰੋ ਜਾਂ ਮਰੋ ਵਾਲੀ ਨੀਤੀ ਅਪਣਾ ਕੇ ਸੰਘਰਸ਼ ਕਰਨ ਲਈ ਮੁੜ ਮਜਬੂਰ ਹੋ ਗਏ ਹਨ। ਇਸ ਸਮੇਂ ਮਨਜੋਤ ਸਿੰਘ, ਪ੍ਰਦੀਪ ਬੇਰੀ, ਸੰਦੀਪ, ਜਸਪਾਲ ਸਿੰਘ, ਨਰਿੰਦਰ ਖਿੱਚੀ, ਪ੍ਰੇਮ ਸਾਗਰ, ਗਗਨਦੀਪ, ਮਿਨਾਕਸ਼ੀ ਸੇਤੀਆ, ਲਖਰਾਜ ਸਿੰਘ, ਰਜਨੀ ਬਾਲਾ, ਮਨੋਜ ਖਿੱਚੀ ਆਦਿ ਅਧਿਆਪਕ ਹਾਜ਼ਰ ਸਨ। 


Related News