ਕੀ ਚੌਥੇ ਪੜਾਅ ਦੀਆਂ ਚੋਣਾਂ ’ਚ ਦੱਖਣ ਦੀਆਂ 42 ਸੀਟਾਂ ਬਰਕਰਾਰ ਰੱਖ ਸਕੇਗੀ ਭਾਜਪਾ?
Wednesday, May 15, 2024 - 05:06 PM (IST)
ਨੈਸ਼ਨਲ ਡੈਸਕ- ਚੌਥੇ ਪੜਾਅ ਦੀਆਂ ਚੋਣਾਂ ਐੱਨ. ਡੀ. ਏ. ਅਤੇ ਇੰਡੀਆ ਬਲਾਕ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। 2019 ਦੀਆਂ ਚੋਣਾਂ ਵਿਚ ਜਿਨ੍ਹਾਂ 96 ਸੀਟਾਂ ’ਤੇ ਵੋਟਿੰਗ ਹੋਈ ਸੀ, ਉਨ੍ਹਾਂ ਵਿਚੋਂ 49 ਸੀਟਾਂ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਨੇ ਜਿੱਤੀਆਂ ਸਨ। ਇਨ੍ਹਾਂ ’ਚੋਂ ਇਕੱਲੇ ਭਾਜਪਾ ਨੂੰ 42 ਸੀਟਾਂ ਮਿਲੀਆਂ ਹਨ। ਇਨ੍ਹਾਂ ਵਿਚੋਂ 35 ਸੀਟਾਂ ਉਨ੍ਹਾਂ ਪਾਰਟੀਆਂ ਨੇ ਜਿੱਤੀਆਂ ਜੋ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਸਨ। ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਕੀ ਭਾਜਪਾ 400 ਨੂੰ ਪਾਰ ਕਰਨ ਦੇ ਆਪਣੇ ਨਾਅਰੇ ਨੂੰ ਪੂਰਾ ਕਰਨ ਲਈ ਇਕੱਲੀ ਹੀ 42 ਸੀਟਾਂ ’ਤੇ ਮੁੜ ਕਬਜ਼ਾ ਕਰ ਸਕੇਗੀ। ਹਾਲਾਂਕਿ 10 ਰਾਜਾਂ ਦੀਆਂ ਇਨ੍ਹਾਂ ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਪਣੇ-ਆਪਣੇ ਮੁਲਾਂਕਣ ਹਨ, ਹਾਲਾਂਕਿ ਅਸਲੀਅਤ ਚੋਣ ਨਤੀਜਿਆਂ ਵਾਲੇ ਦਿਨ 4 ਜੂਨ ਨੂੰ ਹੀ ਸਾਹਮਣੇ ਆਵੇਗੀ।
2019 ’ਚ ਭਾਜਪਾ ਤੇ ਕਾਂਗਰਸ ਦੀ ਕੀ ਸੀ ਸਥਿਤੀ
ਇਸ ਪੜਾਅ ’ਚ ਉੱਤਰ ਪ੍ਰਦੇਸ਼ ਦੀਆਂ ਜਿਨ੍ਹਾਂ 13 ਸੀਟਾਂ ’ਤੇ ਵੋਟਿੰਗ ਹੋਈ, ਉਹ ਸਾਰੀਆਂ ਸੀਟਾਂ 2019 ਵਿਚ ਐੱਨ. ਡੀ. ਏ,. ਨੇ ਜਿੱਤੀਆਂ ਸਨ। ਇਸੇ ਤਰ੍ਹਾਂ ਮਹਾਰਾਸ਼ਟਰ ਵਿਚ 11 ਵਿਚੋਂ 8, ਮੱਧ ਪ੍ਰਦੇਸ਼ ਵਿਚ ਸਾਰੀਆਂ 8, ਬਿਹਾਰ ਵਿਚ ਸਾਰੀਆਂ 5, ਤੇਲੰਗਾਨਾ ਵਿਚ 17 ਵਿਚੋਂ 4, ਝਾਰਖੰਡ ਵਿਚ 4 ਵਿਚੋਂ 1, ਪੱਛਮੀ ਬੰਗਾਲ ਵਿਚ 8 ਵਿਚੋਂ 3, ਆਂਧਰਾ ਪ੍ਰਦੇਸ਼ ਵਿਚ 25 ਵਿਚੋਂ 3 ਅਤੇ ਓਡਿਸ਼ਾ ਵਿਚ 4 ਵਿਚੋਂ 1 ਸੀਟ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੇ ਜਿੱਤੀਆਂ ਸਨ।
ਚੌਥੇ ਪੜਾਅ ਦੀਆਂ ਕੁੱਲ ਸੀਟਾਂ ਵਿਚੋਂ 2019 ਦੀਆਂ ਚੋਣਾਂ ਵਿਚ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਨੇ 11 ਸੀਟਾਂ ਜਿੱਤੀਆਂ ਸਨ। ਇਕੱਲੀ ਕਾਂਗਰਸ ਨੂੰ 6 ਸੀਟਾਂ ਮਿਲੀਆਂ ਸਨ। ਇਨ੍ਹਾਂ ਵਿਚੋਂ ਪੱਛਮੀ ਬੰਗਾਲ ਵਿਚ 5, ਤੇਲੰਗਾਨਾ ਵਿਚ 3, ਝਾਰਖੰਡ ਵਿਚ 1, ਓਡਿਸ਼ਾ ਵਿਚ ਇਕ ਅਤੇ ਮਹਾਰਾਸ਼ਟਰ ਵਿਚ ਇਕ ਸੀਟ ਜਿੱਤੀ ਸੀ। ਇਸ ਵਾਰ ਕਈ ਥਾਵਾਂ ’ਤੇ ਉਲਟਫੇਰ ਦੇ ਸਮੀਕਰਨ ਦੇਖਣ ਨੂੰ ਮਿਲ ਰਹੇ ਹਨ। ਇਸ ਵੇਲੇ ਹਰ ਪਾਰਟੀ ਚੋਣਾਂ ਵਿਚ ਆਪਣੀ ਲੀਡ ਦਾ ਦਾਅਵਾ ਕਰ ਰਹੀ ਹੈ।
ਤੇਲੰਗਾਨਾ ਵਿਚ ਬੀ. ਆਰ. ਐੱਸ. ਦੇ ਵੋਟ ਦਾ ਬੈਂਕ ਤੋਂ ਭਾਜਪਾ ਨੂੰ ਉਮੀਦ
ਜਾਣਕਾਰਾਂ ਦੇ ਹਵਾਲੇ ਤੋਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਪੜਾਅ ’ਚ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ’ਚ ਲੀਡ ਮਿਲਣ ਦੀ ਉਮੀਦ ਹੈ। ਇਸ ਵਾਰ ਭਾਜਪਾ ਆਂਧਰਾ ਪ੍ਰਦੇਸ਼ ਵਿਚ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਅਤੇ ਅਦਾਕਾਰ ਪਵਨ ਕਲਿਆਣ ਦੀ ਜਨਸੈਨਾ ਨਾਲ ਹੋਏ ਸਮਝੌਤੇ ਦਾ ਅਸਰ ਦੇਖਣ ਦਾ ਦਾਅਵਾ ਕਰ ਰਹੀ ਹੈ। ਇਥੇ ਭਾਜਪਾ ਨੇ 2019 ਦੀਆਂ ਚੋਣਾਂ ਇਕੱਲਿਆਂ ਲੜੀਆਂ ਸਨ। ਇਸ ਦੇ ਨਾਲ ਹੀ ਤੇਲੰਗਾਨਾ ਵਿਚ ਕਾਂਗਰਸ ਨੇ ਜ਼ੋਰਦਾਰ ਵਾਪਸੀ ਕੀਤੀ ਹੈ।
ਅਜਿਹੇ ’ਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੋ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਰਾਸ਼ਟਰੀ ਕਮੇਟੀ (ਬੀ. ਆਰ. ਐੱਸ.) ਦੀ ਕਮਜ਼ੋਰ ਹੋਣ ਦਾ ਫਾਇਦਾ ਭਾਜਪਾ ਨੂੰ ਵੀ ਮਿਲ ਸਕਦਾ ਹੈ। ਇਸ ਪੱਖੋਂ ਕਾਂਗਰਸ ਅਤੇ ਭਾਜਪਾ ਬਰਾਬਰੀ ’ਤੇ ਦੇਖੇ ਜਾ ਸਕਦੇ ਹਨ। ਤੇਲੰਗਾਨਾ ਵਿਚ ਸਾਲ 2019 ਦੀਆਂ ਚੋਣਾਂ ਵਿਚ 9 ਸੀਟਾਂ ਬੀ. ਆਰ. ਐੱਸ. ਨੂੰ, ਚਾਰ ਸੀਟਾਂ ਭਾਜਪਾ ਅਤੇ ਤਿੰਨ ਸੀਟਾਂ ਕਾਂਗਰਸ ਨੂੰ ਮਿਲੀਆਂ ਸਨ। ਜਦੋਂ ਕਿ ਏ. ਆਈ. ਐੱਮ. ਆਈ. ਐੱਮ. ਨੂੰ ਇਕ ਸੀਟ ਮਿਲੀ ਸੀ। ਜੇਕਰ ਗੱਲ ਆਂਧਰਾ ਪ੍ਰਦੇਸ਼ ਦੀ ਕਰੀਏ ਤਾਂ ਪਿਛਲੀਆਂ ਚੋਣਾਂ ਵਿਚ ਇਥੇ ਇਕੱਲੇ ਵਾਈ. ਐੱਸ. ਆਰ. ਨੇ 22 ਸੀਟਾਂ ਜਿੱਤ ਕੇ ਕਾਂਗਰਸ ਸਮੇਤ ਹੋਰ ਪਾਰਟੀਆਂ ਦਾ ਸਫਾਇਆ ਕਰ ਦਿੱਤਾ ਸੀ। ਇਸ ਵਾਰ ਆਂਧਰਾ ਪ੍ਰਦੇਸ਼ ਵਿਚ ਨਵੇਂ ਸਹਿਯੋਗੀਆਂ ਨਾਲ ਭਾਜਪਾ ਸਫਲਤਾ ਭਾਲ ਰਹੀ ਹੈ, ਜਦਕਿ ਕਾਂਗਰਸ ਨਵੀਂ ਅਗਵਾਈ ਨਾਲ ਇਥੇ ਸਫਲਤਾ ਦੀ ਉਮੀਦ ਕਾਇਮ ਰੱਖੇ ਹੋਏ ਹੈ।