ਸਮਗਰ ਸਿੱਖਿਆ ਦੇ ਕੋਆਰਡੀਨੇਟਰ ਦੇ ਡਰਾਈਵਰ ਦੀ ਸ਼ੱਕੀ ਹਾਲਤ ਵਿਚ ਮੌਤ, ਕਾਰ ’ਚੋਂ ਮਿਲੀ ਲਾਸ਼
Friday, Feb 16, 2024 - 06:16 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਸਿੱਖਿਆ ਵਿਭਾਗ ਦੇ ਸਮਗਰ ਸਿੱਖਿਆ ਦੇ ਕੋਆਰਡੀਨੇਟਰ ਦੇ ਡਰਾਈਵਰ ਦੀ ਲਾਸ਼ ਵੀਰਵਾਰ ਸ਼ਾਮ ਸ਼ੱਕੀ ਹਾਲਤ ਵਿਚ ਇਕ ਸਰਕਾਰੀ ਗੱਡੀ ਵਿਚੋਂ ਮਿਲੀ। ਡਰਾਈਵਰ ਸੀਟ ’ਤੇ ਸ਼ੱਕੀ ਹਾਲਤ ਵਿਚ ਚਾਲਕ ਨੂੰ ਦੇਖ ਕੇ ਸਟਾਫ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਡਰਾਈਵਰ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ 55 ਸਾਲਾਂ ਅਵਤਾਰ ਸਿੰਘ ਵਜੋਂ ਹੋਈ ਹੈ। ਸੈਕਟਰ-3 ਥਾਣੇ ਦੀ ਪੁਲਸ ਨੇ ਲਾਸ਼ ਨੂੰ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਣ ਦਾ ਪਤਾ ਲੱਗੇਗਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਵਤਾਰ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ।
ਸੈਕਟਰ-3 ਥਾਣਾ ਪੁਲਸ ਨੂੰ ਵੀਰਵਾਰ ਸ਼ਾਮ ਕਰੀਬ 5 ਵਜੇ ਸੂਚਨਾ ਮਿਲੀ ਕਿ ਸੈਕਟਰ-9 ਦੇ ਡੀ. ਪੀ. ਆਈ. ਦਫ਼ਤਰ ਦੀ ਪਾਰਕਿੰਗ ਵਿਚ ਖੜ੍ਹੀ ਸਰਕਾਰੀ ਗੱਡੀ ਵਿਚ ਡਰਾਈਵਰ ਸ਼ੱਕੀ ਹਾਲਤ ਵਿਚ ਡਰਾਈਵਰ ਸੀਟ ’ਤੇ ਪਿਆ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਪਹੁੰਚੀ ਅਤੇ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਪੁਲਸ ਨੂੰ ਦੱਸਿਆ ਕਿ ਅਵਤਾਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਣ ਹੋਈ ਹੈ। ਮ੍ਰਿਤਕ ਅਵਤਾਰ ਸਿੰਘ ਸਿੱਖਿਆ ਵਿਭਾਗ ਵਿਚ ਤਾਇਨਾਤ ਸੀ। ਉਨ੍ਹਾਂ ਦੀ ਡਿਊਟੀ ਸਮਗਰ ਸਿੱਖਿਆ ਦੇ ਕੋਆਰਡੀਨੇਟਰ ਨਾਲ ਸੀ। ਸੈਕਟਰ-3 ਥਾਣਾ ਪੁਲਸ ਨੇ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ।