ਤਾਲਮੇਲ ਪੈਰਾ-ਮੈਡੀਕਲ ਕਰਮਚਾਰੀ ਬਿਨਾਂ ਤਨਖਾਹ ਤੋਂ ਡਿਊਟੀ ਕਰਨ ਲਈ ਮਜਬੂਰ
Thursday, Oct 05, 2017 - 06:18 AM (IST)
ਮੋਗਾ, (ਸੰਦੀਪ)- ਸਿਹਤ ਵਿਭਾਗ ਅਤੇ ਹੋਰ ਕਈ ਵਿਭਾਗਾਂ ਵਿਚ ਆਪਣੀ ਡਿਊਟੀ ਨਿਭਾਅ ਰਹੇ ਕਰਮਚਾਰੀਆਂ 'ਚ ਉਨ੍ਹਾਂ ਨੂੰ ਸਰਕਾਰ ਵੱਲੋਂ ਤਨਖਾਹ ਨਾ ਜਾਰੀ ਕਰਨ 'ਤੇ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਸਿਹਤ ਵਿਭਾਗ ਦੀ ਤਾਲਮੇਲ ਪੈਰਾ-ਮੈਡੀਕਲ ਕਮੇਟੀ ਦੇ ਸਟੇਟ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ, ਰਾਜੇਸ਼ ਭਾਰਦਵਾਜ, ਰਾਜ ਕੁਮਾਰ ਅਤੇ ਗੁਰਜੰਟ ਸਿੰਘ ਮਾਹਲਾ ਸਮੇਤ ਹਾਜ਼ਰ ਹੋਰ ਆਗੂਆਂ ਨੇ ਦੱਸਿਆ ਕਿ ਇਕ ਤਾਂ ਉੱਤੋਂ ਮਹਿੰਗਾਈ ਬਹੁਤ ਜ਼ਿਆਦਾ ਹੋਣ ਦੇ ਨਾਲ-ਨਾਲ ਤਿਉਹਾਰੀ ਸੀਜ਼ਨ ਵੀ ਹੈ ਪਰ ਸਰਕਾਰ ਉਨ੍ਹਾਂ ਨੂੰ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਤਨਖਾਹ ਨਹੀਂ ਜਾਰੀ ਕਰ ਰਹੀ।
ਉਕਤ ਆਗੂਆਂ ਨੇ ਦੱਸਿਆ ਕਿ ਵਿੱਤ ਵਿਭਾਗ ਨੂੰ ਆਪਣੇ ਤਨਖਾਹ ਦੇ ਬਿੱਲ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਵਿਭਾਗੀ ਅਧਿਕਾਰੀਆਂ ਨੂੰ ਜਦ ਤਨਖਾਹ ਜਾਰੀ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਸਰਕਾਰ ਦੀ ਮਨਜ਼ੂਰੀ ਨਾ ਮਿਲਣ ਦੀ ਗੱਲ ਕਹਿ ਕੇ ਟਾਲਾ ਵੱਟ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਰਵੱਈਏ ਤੋਂ ਉਹ ਤੰਗ ਆ ਕੇ ਪ੍ਰੇਸ਼ਾਨੀ ਦੇ ਆਲਮ 'ਚੋਂ ਲੰਘ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਤਨਖਾਹ ਆਉਂਦੇ ਕੁੱਝ ਦਿਨਾਂ 'ਚ ਨਾ ਜਾਰੀ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਵਿੰਦਰ ਕਟਾਰੀਆ, ਜਸਪਾਲ ਕੌਰ, ਜਸਵਿੰਦਰ ਕੌਰ, ਰੇਸ਼ਮਾ ਰਾਣੀ, ਮਨਦੀਪ ਭਿੰਡਰ, ਦਵਿੰਦਰ ਸਿੰਘ ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ।
