ਕੂਲ ਰੋਡ ਗੋਲੀਕਾਂਡ: ਪਤਨੀ ਠੀਕ ਨਾ ਹੋਣ ਤੱਕ ਨਹੀਂ ਹੋਵੇਗੀ ਕੋਈ ਕਾਰਵਾਈ

03/11/2019 10:28:52 AM

ਜਲੰਧਰ (ਜ.ਬ.)—ਕੂਲ ਰੋਡ 'ਤੇ ਕਾਂਗਰਸੀ ਨੇਤਾ ਦਲਜੀਤ ਸਿੰਘ ਆਹਲੂਵਾਲੀਆ ਦੇ ਸਕਿਓਰਿਟੀ ਗਾਰਡ ਕੋਲੋਂ ਹੋਏ ਫਾਇਰ ਕਾਰਨ ਜ਼ਖਮੀ ਹੋਈ ਨਿਸ਼ਾ ਦੇ ਪਤੀ ਨੇ ਫਿਲਹਾਲ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਹੈ। ਪਤੀ ਮਨਜੀਤ ਰਾਮ ਦਾ ਕਹਿਣਾ ਹੈ ਕਿ ਜਦੋਂ ਤੱਕ ਨਿਸ਼ਾ ਠੀਕ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਕੋਈ ਵੀ ਕਾਰਵਾਈ ਨਹੀਂ ਕਰਵਾਉਣਗੇ। ਉਸ ਦੇ ਠੀਕ ਹੋਣ ਤੋਂ ਬਾਅਦ ਹੀ ਉਹ ਕੁਝ ਫੈਸਲਾ ਲੈ ਸਕਣਗੇ।

ਐੱਲ. ਆਈ. ਸੀ. ਦੇ ਸਾਬਕਾ ਡੀ. ਓ. ਮਨਜੀਤ ਰਾਮ ਸ਼ੁੱਕਰਵਾਰ ਦੇਰ ਰਾਤ 2 ਵਜੇ ਪਿਮਸ ਹਸਪਤਾਲ 'ਚ ਪਹੁੰਚ ਗਏ ਸਨ। ਦੇਰ ਰਾਤ ਤਾਂ ਉਨ੍ਹਾਂ ਦੀ ਮੁਲਾਕਾਤ ਪਤਨੀ ਨਾਲ ਨਹੀਂ ਹੋ ਸਕੀ ਪਰ ਸਵੇਰੇ ਹੋਸ਼ ਆਉਣ ਤੋਂ ਬਾਅਦ ਮਨਜੀਤ ਰਾਮ ਨੂੰ ਪਤਨੀ ਨੂੰ ਮਿਲਣ ਦਿੱਤਾ ਗਿਆ। ਨਿਸ਼ਾ ਕੋਲੋਂ ਕੁਝ ਗੱਲ ਤਾਂ ਨਹੀਂ ਹੋ ਪਾਈ ਪਰ ਜ਼ਖਮੀ ਨਿਸ਼ਾ ਨੇ ਪਤੀ ਨੂੰ ਦੇਖ ਕੇ ਹੱਥ ਹਿਲਾ ਕੇ ਠੀਕ ਹੋਣ ਦਾ ਇਸ਼ਾਰਾ ਕੀਤਾ। 24 ਘੰਟੇ ਬੀਤਣ ਤੋਂ ਬਾਅਦ ਨਿਸ਼ਾ ਦੀ ਹਾਲਤ ਸਥਿਰ ਬਣੀ ਹੋਈ ਹੈ। 

ਸ਼ਨੀਵਾਰ ਨੂੰ ਵੀ ਕਾਂਗਰਸੀ ਨੇਤਾ ਦਲਜੀਤ ਸਿੰਘ ਆਹਲੂਵਾਲੀਆ ਦੇ ਬੇਟੇ ਕਾਕੂ ਆਹਲੂਵਾਲੀਆ ਨਿਸ਼ਾ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ। ਫਿਲਹਾਲ ਮਨਜੀਤ ਰਾਮ ਇਲਾਜ ਲਈ ਵੀ ਮੁਲਾਜ਼ਮ ਕੋਲੋਂ ਪੈਸੇ ਨਹੀਂ  ਲੈਣਾ ਚਾਹੁੰਦਾ। ਉਧਰ, ਥਾਣਾ ਨੰ. 6 ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨਿਸ਼ਾ ਦੇ ਬਿਆਨ ਲੈਣ ਲਈ ਹਸਪਤਾਲ ਗਈ ਸੀ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਅਨਫਿਟ ਦੱਸਿਆ ਹੈ, ਜਿਸ ਕਾਰਨ ਬਿਆਨ ਦਰਜ ਨਹੀਂ ਹੋ ਸਕੇ। ਬਿਆਨ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਫਿਲਹਾਲ ਹੈੱਡ ਕਾਂਸਟੇਬਲ ਸੂਰਮ ਚੰਦ ਨੂੰ ਛੱਡ ਦਿੱਤਾ ਹੈ।


Shyna

Content Editor

Related News