ਕੁੱਕਰ ਬੰਬ ਮਾਮਲਾ : ਹਰਪ੍ਰੀਤ ਸਿੰਘ ਨੂੰ ਜੇਲ ਭੇਜਿਆ
Friday, Jun 09, 2017 - 07:00 AM (IST)
ਪਟਿਆਲਾ (ਬਲਜਿੰਦਰ) - ਕੁੱਕਰ ਬੰਬ ਕਾਂਡ ਵਿਚ ਗ੍ਰਿਫਤਾਰ ਰਜਤਵੀਰ ਦੇ ਪਿਤਾ ਹਰਪ੍ਰੀਤ ਸਿੰਘ ਨੂੰ ਅੱਜ ਦੋ ਦਿਨਾਂ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ। ਹਰਪ੍ਰੀਤ ਸਿੰਘ ਵੱਲੋਂ ਬਚਾਅ ਪੱਖ ਦੇ ਵਕੀਲ ਐਡਵੋਕੇਟ ਆਸ਼ੂ ਸ਼ਰਮਾ ਪੇਸ਼ ਹੋਏ। ਉਨ੍ਹਾਂ ਇਸ ਕੇਸ ਨੂੰ ਪੁਲਸ ਦੀ ਝੂਠੀ ਕਹਾਣੀ ਦਸਦਿਆਂ ਕਿਹਾ ਕਿ ਪੁਲਸ ਨੇ ਪਟਾਕਿਆਂ ਦੇ ਬਾਰੂਦ ਨੂੰ ਬੰਬ ਬਣਾ ਕੇ ਪੇਸ਼ ਕੀਤਾ ਹੈ। ਉਹ ਹਫਤਾ 'ਘੱਲੂਘਾਰਾ ਹਫਤੇ' ਦੇ ਰੂਪ ਵਿਚ ਮਨਾਇਆ ਜਾ ਰਿਹਾ ਸੀ। ਪੁਲਸ ਨੇ ਇੱਕ ਆਮ ਘਟਨਾ ਨੂੰ ਇੰਨਾ ਵੱਡਾ ਬਣਾ ਕੇ ਪੇਸ਼ ਕਰ ਦਿੱਤਾ। ਐਡਵੋਕੇਟ ਆਸ਼ੂ ਸ਼ਰਮਾ ਨੇ ਕਿਹਾ ਕਿ ਪੁਲਸ ਨੇ ਹਰਪ੍ਰੀਤ ਸਿੰਘ ਨੂੰ 7 ਦਿਨਾਂ ਦੇ ਪੁਲਸ ਰਿਮਾਂਡ 'ਤੇ ਰੱਖਿਆ ਪਰ ਅਜੇ ਤੱਕ ਕੁਝ ਵੀ ਸਾਬਤ ਨਹੀਂ ਕਰ ਸਕੀ। ਘਰ ਦੀ ਸਰਚ ਦੌਰਾਨ ਵੀ ਅਹਿਮ ਸੁਰਾਗ ਮਿਲਣ ਦਾ ਦਾਅਵਾ ਕੀਤਾ ਸੀ।
ਪੁੱਤਰ ਅਤੇ ਪਤਨੀ ਦੇ ਭੋਗ 'ਚ ਸ਼ਾਮਲ ਹੋਇਆ ਹਰਪ੍ਰੀਤ
ਵਕੀਲ ਵੱਲੋਂ ਮਾਣਯੋਗ ਅਦਾਲਤ ਵਿਚ ਅਰਜ਼ੀ ਲਾਈ ਸੀ ਕਿ ਹਰਪ੍ਰੀਤ ਸਿੰਘ ਨੂੰ ਉਸ ਦੇ ਪੁੱਤਰ ਰਜਤਵੀਰ ਅਤੇ ਪਤਨੀ ਕਿਰਨਜੀਤ ਕੌਰ ਦੇ ਭੋਗ ਅਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਹੁਕਮ ਜਾਰੀ ਕੀਤੇ ਕਿ ਹਰਪ੍ਰੀਤ ਸਿੰਘ ਨੂੰ ਰਜਤਵੀਰ ਅਤੇ ਕਿਰਨਜੀਤ ਕੌਰ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਲਿਜਾਇਆ ਜਾਵੇ। ਇਸ ਤੋਂ ਬਾਅਦ ਪੁਲਸ ਦੀ ਹਿਰਾਸਤ ਵਿਚ ਹਰਪ੍ਰੀਤ ਸਿੰਘ ਆਪਣੇ ਪੁੱਤਰ ਅਤੇ ਪਤਨੀ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ।
