ਕਿਸਾਨੀ ਲਹਿਰ ’ਚ ਹੋਇਆ ਗੈਂਗਰੇਪ, ਦੋਸ਼ੀਆਂ ਨੂੰ ਮਿਲੇ ਮੌਤ ਦੀ ਸਜ਼ਾ : ਅਸ਼ਵਨੀ ਸ਼ਰਮਾ

05/11/2021 1:26:40 PM

ਚੰਡੀਗੜ੍ਹ (ਸ਼ਰਮਾ) : ਹਰਿਆਣਾ ਦੇ ਟਿਕਰੀ ਬਾਰਡਰ ’ਤੇ ਚੱਲ ਰਹੀ ਕਿਸਾਨੀ ਲਹਿਰ ’ਚ ਸ਼ਾਮਲ ਕਰਨ ਦੇ ਨਾਂ ’ਤੇ ਬੰਗਾਲ ਤੋਂ ਭਰਮਾ ਕੇ ਲਿਆਂਦੀ ਗਈ ਕੁੜੀ ਨਾਲ ਖੁਦ ਨੂੰ ਕਿਸਾਨ ਸੋਸ਼ਲ ਆਰਮੀ ਦੇ ਆਗੂ ਦੱਸਣ ਵਾਲੇ ਕਥਿਤ ਨੇਤਾਵਾਂ ਵਲੋਂ ਗੈਂਗਰੇਪ ਕੀਤੇ ਜਾਣ ਦੀ ਵਾਪਰੀ ਮੰਦਭਾਗੀ ਘਟਨਾ ਦੀ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ  ਇਸ ਕੇਸ ਦੇ ਸਾਰੇ ਮੁਲਜ਼ਮਾਂ ਖ਼ਿਲਾਫ਼ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਸ਼ਰਮਾ ਨੇ ਕਿਹਾ ਕਿ ਹਸਪਤਾਲ ਵਿਚ ਇਲਾਜ ਦੌਰਾਨ ਕੁੜੀ ਨਾਲ ਗੈਂਗਰੇਪ ਦੀ ਗੱਲ ਸਾਹਮਣੇ ਆਈ, ਜਿਥੇ ਕੁੜੀ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਅਤੇ ਭਾਜਪਾ ਕਿਸਾਨ ਅੰਦੋਲਨ ਨਾਲ ਜੁੜੇ ਸੰਗਠਨਾਂ ਦੇ ਨੇਤਾਵਾਂ ਨੂੰ ਅੰਦੋਲਨ ਵਿਚ ਅਰਾਜਕਤਾ ਫੈਲਾਉਣ ਵਾਲੇ ਤੱਤਾਂ ਦੀ ਸ਼ਮੂਲੀਅਤ ਬਾਰੇ ਸਮੇਂ-ਸਮੇਂ ਸਿਰ ਜਾਗਰੂਕ ਕਰਦੀਆਂ ਰਹੀਆਂ ਹਨ ਪਰ ਕਿਸਾਨ ਨੇਤਾਵਾਂ ਨੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ।

ਇਹ ਵੀ ਪੜ੍ਹੋ : ਤਨਖਾਹ ਨਾ ਮਿਲਣ ਤੋਂ ਦੁੱਖੀ ਟੋਲ ਵਰਕਰਾਂ ਨੇ ਐੱਸ.ਡੀ.ਐੱਮ ਦਫ਼ਤਰ ਮੂਹਰੇ ਕੀਤੀ ਆਤਮਦਾਹ ਦੀ ਕੋਸ਼ਿਸ਼

ਉਨ੍ਹਾਂ ਕਿਹਾ ਕਿ ਹਾਲਾਂਕਿ ਕਿਸਾਨ ਸੰਯੁਕਤ ਮੋਰਚਾ ਇਸ ਮਾਮਲੇ ਤੋਂ ਆਪਣਾ ਪੱਲਾ ਝਾੜ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਇਹ ਸਭ ਕੁਝ ਕਥਿਤ ਕਿਸਾਨ ਨੇਤਾਵਾਂ ਵਲੋਂ ਅੰਦੋਲਨ ਵਾਲੀ ਜਗ੍ਹਾ ’ਤੇ ਹੀ ਕੀਤਾ ਗਿਆ ਹੈ, ਜਿਸ ਤੋਂ ਕਿਸਾਨ ਸੰਯੁਕਤ ਮੋਰਚਾ ਦੇ ਆਗੂ ਇਨਕਾਰ ਨਹੀਂ ਕਰ ਸਕਦੇ ਅਤੇ ਇਸ ਲਈ ਪੀੜਤਾ ਨੂੰ ਨਿਆਂ ਦਿਵਾਉਣਾ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪੀੜਤਾ ਨੂੰ ਇਨਸਾਫ਼ ਮਿਲਣ ਤਕ ਭਾਜਪਾ ਚੁੱਪ ਨਹੀਂ ਬੈਠੇਗੀ। ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 5 ਮਹੀਨੇ ਤੋਂ ਦਿੱਲੀ-ਹਰਿਆਣਾ ਬਾਰਡਰਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ 6 ਵਿਅਕਤੀਆਂ 'ਤੇ ਪੁਲਿਸ ਨੇ 25 ਸਾਲਾ ਬੰਗਾਲੀ ਕੁੜੀ ਨਾਲ ਟਿਕਰੀ ਬਾਰਡਰ 'ਤੇ ਸਮੂਹਿਕ ਜਬਰ ਜ਼ਨਾਹ ਕਰਨ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਹਰਿਆਣਾ ਪੁਲਸ ਨੇ ਮਾਮਲੇ ਦੀ ਜਾਂਚ ਲਈ ਐਤਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਗਠਿਤ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਖ਼ਤਰੇ ’ਚ ਸਾਬਕਾ ਕਾਨੂੰਨ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


Anuradha

Content Editor

Related News