ਸਾਈਡ ਨਾ ਦੇਣ ਕਾਰਨ 2 ਵਾਹਨ ਚਾਲਕਾਂ ਵਿਚਾਲੇ ਹੋਇਆ ਵਿਵਾਦ
Friday, Aug 04, 2017 - 12:53 PM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ) — ਫਾਜ਼ਿਲਕਾ-ਮਲੋਟ ਰੋਡ 'ਤੇ ਖਰਾਸ ਵਾਲੀ ਢਾਣੀ ਦੇ ਅੱਗੇ 9:30 ਵਜੇ ਵਾਹਨ ਨੂੰ ਸਾਈਡ ਨਾ ਦੇਣ ਕਾਰਨ ਟਰੱਕ ਤੇ ਜੀਪ ਚਾਲਕ ਵਿਚਕਾਰ ਹੋਏ ਵਿਵਾਦ 'ਚ ਜਿਥੇ ਟਰੱਕ ਤੇ ਜੀਪ ਚਾਲਕ ਜ਼ਖਮੀ ਹੋ ਗਏ, ਉਥੇ ਹੀ ਟਰੱਕ ਚਾਲਕ ਨੇ ਟਰੱਕ 'ਚੋਂ ਅਖੌਤੀ ਰੂਪ 'ਚ ਨਕਦੀ ਤੇ ਹੋਰ ਸਾਮਾਨ ਕੱਢੇ ਜਾਣ ਦੇ ਦੋਸ਼ ਲਾਏ ਹਨ।
ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਮਹਿਲ ਸਿੰਘ (43) ਵਾਸੀ ਮੰਡੀ ਅਰਨੀਵਾਲਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਤੀਜਾ ਜਤਿੰਦਰ ਸਿੰਘ (28) ਪਠਾਨਕੋਟ ਤੋਂ ਆਪਣੇ ਟਰਾਲੇ 'ਚ ਬੱਜਰੀ ਲੱਦ ਕੇ ਫਾਜ਼ਿਲਕਾ ਆਏ ਸਨ। ਉਨ੍ਹਾਂ ਦੱਸਿਆ ਕਿ ਰਾਤ ਲਗਭਗ 9:30 ਵਜੇ ਜਦੋਂ ਉਹ ਫਾਜ਼ਿਲਕਾ ਦੀ ਟਰੱਕ ਯੂਨੀਅਨ ਨੇੜੇ ਟਰਾਲੇ 'ਚੋਂ ਅੱਧੀ ਬੱਜਰੀ ਉਤਰਾਨ ਤੋਂ ਬਾਅਦ ਜਦ ਫਾਜ਼ਿਲਕਾ-ਮਲੋਟ ਰੋਡ 'ਤੇ ਸਥਿਤ ਪਿੰਡ ਚਾਹਲਾਂ ਵਾਲੀ 'ਚ ਬਾਕੀ ਬਚੀ ਹੋਈ ਬੱਜਰੀ ਉਤਾਰਨ ਲਈ ਜਾ ਰਹੇ ਸਨ ਤਾਂ ਫਾਜ਼ਿਲਕਾ ਦੀ ਖਰਾਸ ਵਾਲੀ ਢਾਣੀ ਦੇ ਸੇਮਨਾਲੇ ਨੇੜੇ ਇਕ ਜੀਪ ਚਾਲਕ ਨੇ ਅਖੌਤੀ ਰੂਪ ਨਾਲ ਟਰਾਲੇ 'ਚ ਸਾਈਡ ਮਾਰੀ। ਜਦ ਉਸ ਨੇ ਉਕਤ ਜੀਪ ਚਾਲਕ ਦਾ ਵਿਰੋਧ ਕੀਤਾ ਤਾਂ ਉਸ ਨੇ ਟਰੱਕ ਦੇ ਅੱਗੇ ਜੀਪ ਲਗਾ ਕੇ ਉਨ੍ਹਾਂ ਨਾਲ ਝਗੜਾ ਕੀਤਾ। ਉਸ ਨੇ ਦੱਸਿਆ ਕਿ ਇਕ ਵਾਰ ਤਾਂ ਜੀਪ ਚਾਲਕ ਉਥੋਂ ਚਲਿਆ ਗਿਆ ਪਰ ਕੁਝ ਕੁ ਦੂਰੀ 'ਤੇ ਉਪ ਮੰਡਲ ਦੇ ਪਿੰਡ ਚੁਵਾੜਿਆਂ ਵਾਲੀ ਨੇੜੇ ਉਕਤ ਜੀਪ ਚਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫਿਰ ਤੋਂ ਉਸ ਦੇ ਅਤੇ ਉਸ ਦੇ ਭਤੀਜੇ ਜਤਿੰਦਰ ਸਿੰਘ ਨਾਲ ਮਾਰਕੁੱਟ ਕੀਤੀ ਤੇ ਉਸ ਦੇ ਭਤੀਜੇ ਨੂੰ ਆਪਣੇ ਨਾਲ ਜੀਪ 'ਤੇ ਲੈ ਗਏ।
ਉਸ ਨੇ ਦੱਸਿਆ ਕਿ ਇਸ ਝਗੜੇ ਦੌਰਾਨ ਉਕਤ ਜੀਪ ਚਾਲਕ ਤੇ ਉਸ ਦੇ ਸਾਥੀਆਂ ਨੇ ਅਖੌਤੀ ਰੂਪ ਨਾਲ ਉਸ ਦੇ ਟਰੱਕ 'ਚ ਰੱਖੀ ਨਕਦੀ ਤੇ ਹੋਰ ਸਾਮਾਨ ਕੱਢ ਲਿਆ ਤੇ ਟਰੱਕ ਦੀ ਭੰਨਤੋੜ ਵੀ ਕੀਤੀ। ਮਹਿਲ ਸਿੰਘ ਨੇ ਦੱਸਿਆ ਕਿ ਇਸ ਝਗੜੇ 'ਚ ਉਸ ਦੇ ਸਰੀਰ 'ਤੇ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਇਸ ਝਗੜੇ 'ਚ ਜ਼ਖਮੀ ਦੂਜੇ ਪੱਖ ਦੇ ਗੌਤਮ ਰਾਮ (40) ਵਾਸੀ ਢਾਣੀ ਖਰਾਸ ਵਾਲੀ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9:30 ਵਜੇ ਉਹ ਆਪਣੀ ਜੀਪ 'ਤੇ ਜਾ ਰਿਹਾ ਸੀ ਤਾਂ ਖਰਾਸ ਵਾਲੀ ਢਾਣੀ ਦੇ ਸੇਮਨਾਲੇ ਦੇ ਪੁਲ ਦੇ ਨੇੜੇ ਅੱਗੇ ਇਕ ਟਰਾਲਾ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਟਰਾਲੇ ਚਾਲਕ ਤੋਂ ਸਾਈਡ ਮੰਗੀ ਤਾਂ ਟਰਾਲਾ ਚਾਲਕ ਨੇ ਜੀਪ ਨੂੰ ਸਾਈਮ ਮਾਰ ਦਿੱਤੀ, ਜਿਸ 'ਤੇ ਉਸ ਨੇ ਟਰਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰਾਲਾ ਚਾਲਕ ਨੇ ਟਰਾਲਾ ਨਹੀਂ ਰੋਕਿਆ। ਇਸ ਤੋਂ ਬਾਅਦ ਪਿੰਡ ਚੁਵਾੜਿਆਂ ਵਾਲੀ ਦੇ ਨੇੜੇ ਜਦੋਂ ਉਸ ਨੇ ਅਤੇ ਢਾਣੀ ਖਰਾਸ ਵਾਲੀ ਵਾਸੀ ਲੋਕਾਂ ਨੇ ਟਰਾਲੇ ਨੂੰ ਰੋਕਿਆ ਤਾਂ ਉਕਤ ਟਰਾਲਾ ਚਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਮੂੰਹ ਅਤੇ ਹੋਰਨਾਂ ਹਿੱਸਿਆ 'ਤੇ ਸੱਟਾਂ ਲੱਗੀਆਂ ਹਨ।
