ਗੁਰਦੁਆਰਾ ਛੋਟਾ ਘੱਲੂਘਾਰਾ ਦਾ ਵਿਵਾਦ ਗਰਮਾਇਆ, ਮਾਸਟਰ ਜੌਹਰ ਸਿੰਘ ਨਾਲ ਕੀਤੀ ਕੁੱਟਮਾਰ, ਪਾੜੇ ਕੱਪੜੇ
Wednesday, Oct 25, 2017 - 11:27 AM (IST)

ਗੁਰਦਾਸਪੁਰ — ਗੁਰਦਾਸਪੁਰ ਦੇ ਗੁਰਦੁਆਰਾ ਛੋਟਾ ਘੱਲੂਘਾਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਗੁਰਦੁਆਰਾ ਬਚਾਓ ਸੰਘਰਸ਼ ਕਮੇਟੀ ਨਾਲ ਸੰਬੰਧਿਤ ਔਰਤਾਂ ਤੇ ਮਰਦਾਂ ਵਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਉਸ ਦੇ ਕਮਰੇ ਤੋਂ ਬਾਹਰ ਕੱਢ ਦਿੱਤਾ ਤੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਮਾਸਟਰ ਦੀ ਪੱਗ ਉੱਤਰ ਗਈ ਤੇ ਸਾਰੇ ਕੱਪੜੇ ਵੀ ਫੱਟ ਗਏ।
ਮਾਸਟਰ ਜੌਹਰ ਸਿੰਘ ਸਰਬਤ ਖਾਲਸਾ ਵਲੋਂ ਸੁਣਾਈ ਗਈ ਧਾਰਮਿਕ ਸਜ਼ਾ ਕੱਟਣ ਤੋਂ ਬਾਅਦ ਗੁਰਦਾਸਪੁਰ ਪਹੁੰਚੇ ਸਨ। ਉਦੋਂ ਅਚਾਨਕ ਸੰਘਰਸ਼ ਕਮੇਟੀ ਨਾਲ ਸੰਬੰਧਿਤ ਔਰਤਾਂ ਤੇ ਮਰਦਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਮੌਕੇ 'ਤੇ ਪਹੁੰਚੇ ਭੈਣੀ ਮੀਆਂ ਖਾਂ ਦੇ ਐੱਸ. ਐੱਚ. ਓ. ਦਿਲਬਾਗ ਸਿੰਘ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਕਮੇਟੀ ਦੇ ਇਕ ਮੈਂਬਰ ਨੂੰ ਔਰਤ ਨਾਲ ਇਤਰਾਜ਼ਯੋਗ ਹਾਲਤ 'ਚ ਫੜ੍ਹਿਆ ਗਿਆ ਸੀ, ਜਿਸ ਤੋਂ ਬਾਅਦ ਇਹ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਮਹੀਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਅੰਦਰ ਵੜ੍ਹਨ ਨਹੀਂ ਦਿੱਤਾ ਸੀ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੇ ਮਾਸਟਰ ਜੌਹਰ ਸਿੰਘ ਨੂੰ ਸਿੱਖ ਪੰਥ ਤੋਂ ਕੱਢ ਦਿੱਤਾ ਸੀ। ਉਥੇ ਹੀ ਸਰਬਤ ਖਾਲਸਾ ਨੇ ਵੀ ਉਨ੍ਹਾਂ ਵਲੋਂ ਸ੍ਰੀ ਦਰਬਾਰ ਸਾਹਿਬ 'ਚ ਸੇਵਾ ਕਰਨ ਦੀ ਸਜ਼ਾ ਸੁਣਾਈ ਸੀ। ਬੀਤੀ ਰਾਤ ਵੀ ਉਹ ਸਰਬਤ ਖਾਲਸਾ ਵਲੋਂ ਸੁਣਵਾਈ ਗਈ ਧਾਰਮਿਕ ਸਜ਼ਾ ਕੱਟਣ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚੇ ਸਨ। ਜਿਸ ਦੌਰਾਨ ਉਨ੍ਹਾਂ ਦੇ ਨਾਲ ਸੰਗਤ ਨੇ ਕੁੱਟਮਾਰ ਕੀਤੀ ਹੈ।