ਹੈਰੋਇਨ ਸਣੇ ਕਾਬੂ ਹਰਮਨ ਪਹਿਲਾਂ ਵੀ ਇਕ ਮਾਮਲੇ ''ਚ ਕੱਟ ਰਿਹੈ ਸਜ਼ਾ

Thursday, Feb 22, 2018 - 11:23 PM (IST)

ਨਵਾਂਸ਼ਹਿਰ, (ਤ੍ਰਿਪਾਠੀ)- 760 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਮੁਲਜ਼ਮ ਹਰਮਨ ਸਿੰਘ ਨਵਾਂਸ਼ਹਿਰ 'ਚ ਦਰਜ ਧਾਰਾ 307 ਦੇ ਇਕ ਮਾਮਲੇ 'ਚ ਸਜ਼ਾ ਯਾਫਤਾ ਹੈ ਤੇ ਜ਼ਮਾਨਤ 'ਤੇ ਚੱਲ ਰਿਹਾ ਹੈ। 
ਡੀ.ਐੱਸ.ਪੀ. ਹਰਵਿੰਦਰ ਸਿੰਘ ਤੇ ਸੀ.ਆਈ.ਏ. ਦੇ ਇੰਚਾਰਜ ਸੁਰਿੰਦਰ ਚਾਂਦ ਨੇ ਦੱਸਿਆ ਕਿ ਹਰਮਨ ਨੇ ਸ਼ੁਰੂਆਤੀ ਜਾਂਚ ਵਿਚ ਦੱਸਿਆ ਕਿ ਉਹ ਮੈਟ੍ਰਿਕ ਫੇਲ ਹੈ ਤੇ ਮੂਲ ਰੂਪ ਤੋਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਕਰੀਬ 3 ਸਾਲ ਪਹਿਲਾਂ ਹੀ ਉਹ ਲੁਧਿਆਣਾ ਆ ਕੇ ਕਿਰਾਏ ਦੇ ਮਕਾਨ 'ਚ ਰਹਿਣ ਲੱਗਾ ਸੀ। ਉਸ ਦੀ ਪਤਨੀ ਤੇ ਕਰੀਬ 8 ਸਾਲਾ ਲੜਕੀ ਉਸ ਨੂੰ ਛੱਡ ਕੇ ਜਾ ਚੁੱਕੀਆਂ ਹਨ। ਉਸ 'ਤੇ ਲੁਧਿਆਣਾ 'ਚ ਇਕ ਐੱਨ.ਡੀ.ਪੀ.ਐੱਸ. ਦਾ ਮਾਮਲਾ ਵੀ ਦਰਜ ਹੈ। ਪੁਲਸ ਦੀ ਸਾਂਝੀ ਟੀਮ ਨੇ ਜਿਸ ਗੱਡੀ 'ਚ ਉਨ੍ਹਾਂ ਨੂੰ ਫੜਿਆ ਹੈ, ਉਹ ਉਸ ਦੀ ਪਤਨੀ ਦੇ ਨਾਂ 'ਤੇ ਹੈ। ਗ੍ਰਿਫ਼ਤਾਰ ਦੂਜਾ ਮੁਲਜ਼ਮ ਸੰਨੀ ਸੂਦ ਮਿਡਲ ਕਲਾਸ ਵੀ ਪਾਸ ਨਹੀਂ ਹੈ ਤੇ ਹਾਲੇ ਤੱਕ ਕੁਆਰਾ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ 'ਤੇ ਲੁਧਿਆਣਾ 'ਚ ਚੋਰੀ ਦਾ ਇਕ ਮਾਮਲਾ ਦਰਜ ਹੈ। 
ਗੋਆ ਤੋਂ ਆਈ ਸੀ ਹੈਰੋਇਨ ਦੀ ਖੇਪ
ਮੁਲਜ਼ਮਾਂ ਨੇ ਦੱਸਿਆ ਕਿ ਹੈਰੋਇਨ ਦੀ ਖੇਪ ਗੋਆ ਤੋਂ ਆਈ ਸੀ, ਜਿਸ ਨੂੰ ਗੋਆ ਦੇ ਸਮੱਗਲਰਾਂ ਨੇ ਉਨ੍ਹਾਂ ਨੂੰ ਦਿੱਲੀ ਦੇ ਖੇਤਰ 'ਚ ਹੈਂਡਓਵਰ ਕੀਤਾ ਸੀ। ਪੁਲਸ ਜਾਂਚ ਵਿਚ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ 6 ਮਹੀਨਿਆਂ ਤੋਂ ਇਸ ਧੰਦੇ 'ਚ ਹਨ ਤੇ 3-4 ਵਾਰ ਖੇਪ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੇ ਵਿਸ਼ੇਸ਼ ਤੌਰ 'ਤੇ ਹੁਸ਼ਿਆਰਪੁਰ ਜ਼ਿਲੇ 'ਚ ਅੱਗੇ ਦੇ ਚੁੱਕੇ ਹਨ। ਡੀ.ਐੱਸ.ਪੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਰਿਮਾਂਡ ਹਾਸਲ ਕਰ ਕੇ ਮੁਲਜ਼ਮਾਂ ਦੇ ਸੰਪਰਕ ਸੂਤਰ, ਖੇਪ ਲਿਆਉਣ ਵਾਲੇ ਗੋਆ ਦੇ ਸਮੱਲਗਰਾਂ ਤੇ ਪੰਜਾਬ 'ਚ ਕਿਸ ਥਾਂ 'ਤੇ ਅਤੇ ਕਿਹੜੇ ਲੋਕਾਂ ਨੂੰ ਡਲਿਵਰੀ ਕੀਤੀ ਜਾਂਦੀ ਸੀ, ਸਬੰਧੀ ਜਾਣਕਾਰੀ ਹਾਸਲ ਕੀਤੀ ਜਾਵੇਗੀ।


Related News