ਠੇਕੇਦਾਰੀ ਪ੍ਰਥਾ ਬੰਦ ਕਰਵਾਉਣ ਲਈ ਐੱਸ.ਈ. ਦੀ ਕੋਠੀ ਦਾ ਘਿਰਾਓ
Tuesday, Jul 03, 2018 - 12:37 AM (IST)
ਨੰਗਲ, (ਗੁਰਭਾਗ)- ਬੀ.ਬੀ.ਐੱਮ.ਬੀ. ਡੇਲੀਵੇਜ ਵਰਕਰਜ਼ ਯੂਨੀਅਨ ਵੱਲੋਂ ਠੇਕੇਦਾਰੀ ਪ੍ਰਥਾ ਬੰਦ ਕਰਵਾਉਣ ਨੂੰ ਲੈ ਕੇ ਅੱਜ ਸਵੇਰੇ ਐੱਸ.ਈ. ਦੀ ਕੋਠੀ ਦਾ ਘਿਰਾਓ ਕਰਨ ਤੋਂ ਬਾਅਦ ਚੀਫ ਦਫ਼ਤਰ ਦੇ ਗੇਟ ਦਾ ਘਿਰਾਓ ਕੀਤਾ ਗਿਆ।
ਉਨ੍ਹਾਂ ਗੇਟਾਂ ਮੂਹਰੇ ਲੰਮੇ ਪੈ ਕੇ ਕਿਸੇ ਵੀ ਅਧਿਕਾਰੀ ਨੂੰ ਅੰਦਰ ਆਉਣ-ਜਾਣ ਨਹੀਂ ਦਿੱਤਾ। ਯੂਨੀਅਨ ਦੇ ਪ੍ਰਧਾਨ ਰਾਮ ਚੰਦ, ਸਕੱਤਰ ਸ਼ਾਮ ਲਾਲ, ਜਨਰਲ ਸਕੱਤਰ ਨਰਾਈਨ ਚੰਦ, ਕੈਸ਼ੀਅਰ ਸੰਨੀ ਨੇ ਕਿਹਾ ਕਿ ਬੀ.ਬੀ.ਐੱਮ.ਬੀ. ਮੈਨੇਜਮੈਂਟ ਵੱਲੋਂ ਡੇਲੀਵੇਜ ਵਰਕਰਾਂ ਨਾਲ ਧੱਕੇਸ਼ਾਹੀ ਵਾਲਾ ਰਵੱਈਆ ਵਰਤਿਆ ਜਾ ਰਿਹਾ ਹੈ ਤੇ ਆਪਣੇ ਚਹੇਤਿਆਂ ਨੂੰ ਵਿਭਾਗ ਵਿਚ ਕੰਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹਡ਼ੇ ਡੇਲੀਵੇਜ ਵਰਕਰ 15-20 ਸਾਲ ਤੋਂ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਛੱਡ ਕੇ ਅਧਿਕਾਰੀ ਆਪਣੇ ਚਹੇਤਿਆਂ ਨੂੰ ਜੋ ਉਨ੍ਹਾਂ ਦੀਆਂ ਕੋਠੀਆਂ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਪਹਿਲ ਦੇ ਅਾਧਾਰ ’ਤੇ ਕੰਮ ਦੇ ਰਹੇ ਹਨ। ਪ੍ਰਧਾਨ ਨੇ ਕਿਹਾ ਕਿ ਠੇਕੇਦਾਰੀ ਪ੍ਰਥਾ ਰਾਹੀਂ ਕੀਤੀ ਜਾ ਰਹੀ ਭਰਤੀ ਵਿਭਾਗ ਵੱਲੋਂ ਤੁਰੰਤ ਬੰਦ ਕੀਤੀ ਜਾਵੇ ਤੇ ਵਰਕਰਾਂ ਨੂੰ ਸਿੱਧੇ ਤੌਰ ’ਤੇ ਕੰਮ ਦਿੱਤਾ ਜਾਵ, ਨਹੀਂ ਤਾਂ ਅਸੀਂ ਹਰ ਰੋਜ਼ ਇਸੇ ਤਰ੍ਹਾਂ ਹੀ ਗੇਟਾਂ ਦੇ ਘਿਰਾਓ ਕਰਾਂਗੇ। ਇਸ ਮੌਕੇ ਬਾਬੂ ਰਾਮ, ਪ੍ਰਦੀਪ, ਰਾਜ ਕੁਮਾਰ, ਧਰਮਪਾਲ, ਸੁਨੀਲ ਕੁਮਾਰ, ਰਵੀ ਕੁਮਾਰ, ਮੋਨੂੰ, ਸੰਗੀਤਾ, ਉਮਾ ਦੇਵੀ, ਸਰੋਜ ਆਦਿ ਹਾਜ਼ਰ ਸਨ।
