ਕਣਕ ਦੇ ਖੇਤ 'ਚ ਡਿੱਗੀ ਬੱਚੇ ਦੀ ਚੱਪਲ, ਤੈਸ਼ 'ਚ ਆਏ ਠੇਕੇਦਾਰ ਨੇ ਦਿੱਤੀ ਦਿਲ ਝੰਜੋੜ ਦੇਣ ਵਾਲੀ ਸਜ਼ਾ
Thursday, Feb 02, 2023 - 06:33 PM (IST)
ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਸਥਾਨਕ ਖੰਨਾ ਰੋਡ ’ਤੇ ਸਥਿਤ ਪਿੰਡ ਮੋਰਾਂਵਾਲੀ ਵਿਖੇ ਇਕ ਵਿਅਕਤੀ ਵੱਲੋਂ ਅਨੁਸੂਚਿਤ ਪਰਿਵਾਰ ਨਾਲ ਸਬੰਧਤ ਨਾਬਾਲਿਗ ਬੱਚੇ ਨੂੰ ਡੰਡੇ ਮਾਰ ਕੇ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੀ ਸੋਸ਼ਲ ਮੀਡੀਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਇਕ ਵੀਡੀਓ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਲੇਰਕੋਟਲਾ ਜ਼ਿਲ੍ਹਾ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਵੀਡੀਓ ’ਚ ਕੁੱਟਮਾਰ ਕਰਦੇ ਦਿਖਾਈ ਦਿੰਦੇ ਵਿਅਕਤੀ ਗੁਰਬੀਰ ਸਿੰਘ ਵਾਸੀ ਪਿੰਡ ਕਕਰਾਲਾ ਤਹਿਸੀਲ ਨਾਭਾ ਜ਼ਿਲਾ ਪਟਿਆਲਾ ਦੇ ਖਿਲਾਫ ਥਾਣਾ ਸਦਰ ਅਹਿਮਦਗੜ੍ਹ ਵਿਖੇ ਕੁੱਟ-ਮਾਰ ਕਰਨ ਅਤੇ ਧਮਕੀਆਂ ਦੇਣ ਦੀਆਂ ਧਾਰਾਵਾਂ ਸਮੇਤ ਐੱਸ.ਸੀ/ਐੱਸ.ਟੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਭਰੀ ਜਵਾਨੀ 'ਚ ਜਹਾਨੋਂ ਤੁਰ ਗਏ ਨੌਜਵਾਨ
ਪੀੜਤ ਬੱਚੇ ਦੀ ਨਾਨੀ ਰਾਜ ਕੌਰ ਪਤਨੀ ਭੋਲਾ ਸਿੰਘ ਵਾਸੀ ਪਿੰਡ ਮੋਰਾਂਵਾਲੀ ਨੇ ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ’ਚ ਦੱਸਿਆ ਕਿ ਉਸਦਾ 13 ਸਾਲਾ ਦੋਹਤਾ ਸਿਮਰਨ ਸਿੰਘ ਬਚਪਨ ਤੋਂ ਹੀ ਸਾਡੇ ਕੋਲ ਨਾਨਕੇ ਪਿੰਡ ਮੋਰਾਂਵਾਲੀ ਵਿਖੇ ਰਹਿੰਦਾ ਹੈ ਅਤੇ ਅੱਠਵੀਂ ਕਲਾਸ ’ਚ ਪੜ੍ਹਦਾ ਹੈ। ਲੰਘੀ 27 ਜਨਵਰੀ ਦੀ ਸ਼ਾਮ ਨੂੰ ਜਦੋਂ ਸਾਡਾ ਬੱਚਾ ਸਿਮਰਨ ਸਿੰਘ ਪਿੰਡ ਮੋਰਾਵਾਲੀ ਦੇ ਹੀ ਰਹਿਣ ਵਾਲੇ ਆਪਣੇ 14 ਸਾਲਾ ਦੋਸਤ ਸੋਨੂੰ ਪੁੱਤਰ ਰਜਿੰਦਰ ਸਿੰਘ ਨਾਲ ਸਰਕਾਰੀ ਸਕੂਲ ਦੇ ਸਾਹਮਣੇ ਵਾਲੇ ਗਰਾਊਂਡ ’ਚ ਇਕ-ਦੂਜੇ ਦੇ ਚੱਪਲਾਂ ਮਾਰ ਕੇ ਖੇਡ ਰਹੇ ਸਨ ਤਾਂ ਉਨ੍ਹਾਂ ਦੀ ਚੱਪਲ ਗਰਾਉਂਡ ਦੇ ਨਾਲ ਲੱਗਦੇ ਕਣਕ ਦੇ ਖੇਤ ’ਚ ਜਾ ਡਿੱਗੀ। ਉਕਤ ਖੇਤ ਵਾਲੀ ਜ਼ਮੀਨ ਕਥਿਤ ਦੋਸ਼ੀ ਗੁਰਬੀਰ ਸਿੰਘ ਨੇ ਪਿੰਡ ਦੇ ਸਰਦਾਰਾਂ ਪਾਸੋਂ ਕਾਫ਼ੀ ਅਰਸੇ ਤੋਂ ਠੇਕੇ ’ਤੇ ਲੈ ਕੇ ਕਣਕ ਬੀਜੀ ਹੋਈ ਹੈ।
ਇਹ ਵੀ ਪੜ੍ਹੋ- ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ
ਪੀੜਤ ਬੱਚਾ ਸਿਮਰਨ ਸਿੰਘ ਅਤੇ ਸੋਨੂੰ ਆਪਣੀ ਚੱਪਲ ਚੁੱਕਣ ਲਈ ਜਦੋਂ ਖੇਤ ’ਚ ਗਏ ਤਾਂ ਠੇਕੇਦਾਰ ਗੁਰਬੀਰ ਸਿੰਘ ਨੇ ਮੌਕੇ ’ਤੇ ਆ ਕੇ ਉਨ੍ਹਾਂ ਨੂੰ ਘੇਰ ਲਿਆ ਅਤੇ ਗਾਲੀ-ਗਲੋਚ ਕਰਦਾ ਹੋਇਆ ਆਪਣੇ ਹੱਥ ’ਚ ਫੜੇ ਡੰਡੇ ਨਾਲ ਬੱਚੇ ਸਿਮਰਨ ਨੂੰ ਬੁਰੀ ਤਰ੍ਹਾਂ ਕੁੱਟਣ ਲੱਗਾ। ਰਾਜ ਕੌਰ ਨੇ ਬਿਆਨਾਂ ’ਚ ਦੱਸਿਆ ਕਿ ਦਰਦ ਨਾਲ ਉੱਚੀ-ਉੱਚੀ ਰੋਂਦੇ-ਕੁਰਲਾਉਂਦੇ ਆਪਣੇ ਬੱਚੇ ਦੀਆਂ ਚੀਕਾਂ ਸੁਣ ਮੌਕੇ ’ਤੇ ਪੁੱਜ ਕੇ ਮੈਂ ਉਕਤ ਕਥਿਤ ਦੋਸ਼ੀ ਗੁਰਬੀਰ ਸਿੰਘ ਨੂੰ ਬੱਚਿਆਂ ਦੀ ਕੁੱਟ-ਮਾਰ ਕਰਨ ਤੋਂ ਰੋਕਣ ਲਈ ਕਾਫ਼ੀ ਮਿੰਨਤਾ-ਤਰਲੇ ਕੀਤੇ ਪਰ ਉਹ ਨਹੀਂ ਹਟਿਆ ਅਤੇ ਮੇਰੇ ਸਾਹਮਣੇ ਹੀ ਬੇਰਹਿਮੀ ਨਾਲ ਬੱਚੇ ਨੂੰ ਕੁੱਟਦਾ ਮਾਰਦਾ ਰਿਹਾ। ਜਿਸ ਨੇ ਤੈਸ਼ ’ਚ ਆ ਕੇ ਮੇਰੇ ਵੀ ਡੰਡਾ ਮਾਰਿਆ, ਫਿਰ ਮੈਨੂੰ ਅਤੇ ਬੱਚਿਆਂ ਨੂੰ ਸਾਡੀ ਜਾਤੀ ਪ੍ਰਤੀ ਅਪਸ਼ਬਦ ਬੋਲਦਾ ਹੋਇਆ ਧਮਕੀਆਂ ਦੇਣ ਲੱਗਾ ਕਿ ਜੇਕਰ ਅੱਗੇ ਤੋਂ ਮੇਰੀ ਕਣਕ ’ਚ ਵੜੇ ਤਾਂ ਜਾਨੋਂ ਮਾਰ ਦੇਵਾਂਗਾ। ਜਿਸ ਤੋਂ ਡਰਦੇ ਅਸੀਂ ਆਪਣੇ ਘਰ ਬੈਠ ਗਏ ਸੀ ਪਰ ਮੇਰੇ ਦੋਹਤੇ ਸਿਮਰਨ ਸਿੰਘ ਦੇ ਸੱਟਾਂ ਦੀ ਹੁਣ ਜ਼ਿਆਦਾ ਤਕਲੀਫ਼ ਹੋਣ ਕਾਰਨ ਇਲਾਜ ਲਈ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ ਪਹੁੰਚੇ ਰਾਜਪਾਲ ਪੁਰੋਹਿਤ ਨੇ ਨਸ਼ਿਆਂ 'ਤੇ ਜਤਾਈ ਚਿੰਤਾ, ਖ਼ਾਲਿਸਤਾਨ ਤੇ SYL ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਉੱਧਰ, ਐੱਸ.ਐੱਸ.ਪੀ. ਮਾਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਜਿਉਂ ਹੀ ਸਾਡੇ ਧਿਆਨ ’ਚ ਆਈ ਤਾਂ ਮਾਲੇਰਕੋਟਲਾ ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਪੀੜਤ ਬੱਚੇ ਦੇ ਵਾਰਸਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।