ਗਰਭ ’ਚ ਪਲ਼ ਰਹੇ ਭਰੂਣ ਵੀ ਪ੍ਰਦੂਸ਼ਣ ਦੀ ਲਪੇਟ ’ਚ
Friday, Sep 20, 2019 - 01:37 PM (IST)
ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਸਾਡੀ ਧਰਤੀ ’ਤੇ ਜਿਸ ਹਿਸਾਬ ਨਾਲ ਦਿਨ ਪ੍ਰਤੀ ਦਿਨ ਪ੍ਰਦੂਸ਼ਣ ਵਧ ਰਿਹਾ ਹੈ, ਉਹ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਸਾਡੇ ਜੀਵਨ ਦੇ ਤਿੰਨ ਮੁੱਖ ਅਧਾਰ ਹਵਾ-ਪਾਣੀ ਅਤੇ ਮਿੱਟੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਇਸ ਸਭ ਦੇ ਮਾਰੂ ਪ੍ਰਭਾਵ ਇਹ ਹਨ ਕਿ ਪ੍ਰਦੂਸ਼ਤ ਚੁਗਿਰਦੇ ਕਾਰਨ ਮਨੁੱਖੀ ਨਸਲ ਅਤੇ ਇਸ ਦਾ ਡੀ. ਐੱਨ. ਏ. ਵੀ ਪ੍ਰਭਾਵਿਤ ਹੋਣ ਲੱਗਾ ਹੈ। ਸਟੇਟ ਆਫ ਗਲੋਬਲ ਏਅਰ ਦੀ ਤਾਜਾ ਰਿਪੋਰਟ 2019 ਦੇ ਮੁਤਾਬਕ ਭਾਰਤ ਵਿਚ ਹਰ ਸਾਲ 12.4 ਲੱਖ ਲੋਕ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਭੇਟ ਚੜ੍ਹ ਰਹੇ ਹਨ। ਇੱਥੇ ਹੀ ਬੱਸ ਨਹੀਂ ਪ੍ਰਦੂਸ਼ਣ ਦੇ ਇਸ ਦੈਂਤ ਨੇ ਮਾਵਾਂ ਦੇ ਗਰਭ ਵਿਚ ਪਲ਼ ਰਹੇ ਬੱਚਿਆਂ ਨੂੰ ਵੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਗੱਲ ਜਨਰਲ ਨੇਚਰ ਕਮਿਊਨੀਕੇਸ਼ਨ ਵਿਚ ਛਪੀ ਇਕ ਰਿਪੋਰਟ ਮੁਤਾਬਕ ਬੈਲਜੀਅਮ ਵਿਚ ਕੀਤੇ ਗਏ ਖੋਜ ਨਤੀਜਿਆਂ ਤੋਂ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਕੀਤੇ ਗਏ ਖੋਜ ਨਤੀਜਿਆਂ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਵਧ ਰਹੇ ਹਵਾ ਪ੍ਰਦੂਸ਼ਣ ਨਾਲ ਗਰਭ ਦਾ ਡਿੱਗਣਾ, ਨਵਜੰਮੇ ਬੱਚੇ ਦਾ ਵਜ਼ਨ ਘੱਟ ਹੋਣਾਂ ਅਤੇ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋਣਾਂ ਵਰਗੀਆਂ ਸਮੱਸਿਆ ਪੈਦਾ ਹੋਈਆਂ ਹਨ। ਇਸ ਖੋਜ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਗਰਭਵਤੀ ਮਾਂ ਦੇ ਸਾਹਾਂ ਰਾਹੀਂ ਬਲੈਕ ਕਾਰਬਨ ਦੇ ਕਣ ਮਾਂ ਦੇ ਗਰਭ ਦੇ ਅੰਦਰ ਵੀ ਪਹੁੰਚ ਜਾਂਦੇ ਹਨ। ਖੋਜ ਮੁਤਾਬਕ ਮਾਂ ਦੀ ਗਰਭਨਲੀ ਵਿਚ ਇਸ ਤਰ੍ਹਾਂ ਦੇ ਅਨੇਕਾਂ ਕਣ ਮਿਲੇ ਹਨ, ਜਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਫੈਕਟਰੀਆਂ ਅਤੇ ਹੋਰ ਮਸ਼ੀਨਰੀ ਦਾ ਧੂੰਆਂ ਗਰਭ ਵਿਚ ਪਲ਼ ਰਹੇ ਬੱਚਿਆਂ ਨੂੰ ਲਪੇਟ ਵਿਚ ਲੈ ਰਿਹਾ ਹੈ। ਗਰਭ ਅਵਸਥਾ ਦੌਰਾਨ ਗਰਭ ਨਲੀ ਦਾ ਮੁੱਖ ਕਾਰਜ ਬੱਚੇ ਤੱਕ ਹਾਨੀਕਾਰਕ ਚੀਜਾਂ ਨੂੰ ਪਹੁੰਚਣ ਤੋਂ ਰੋਕ ਕੇ ਉਸਨੂੰ ਸੁਰੱਖਿਅਤ ਖੁਰਾਕ ਪਹੁੰਚਾਉਣਾ ਹੁੰਦਾ ਹੈ। ਪ੍ਰਦੂਸ਼ਣ ਕਣਾਂ ਦਾ ਇਸ ਬੇਮਿਸਾਲ ਸਰੁੱਖਿਆ ਕਵਚ ਨੂੰ ਤੋੜ ਕੇ ਗਰਭ ਨਲੀ ਦੇ ਅੰਦਰ ਤੱਕ ਪੁੱਜ ਜਾਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਗਰਭ ਵਿਚ ਪਲ ਰਹੇ ਭਰੂਣ ਵੀ ਪ੍ਰਦੂਸ਼ਣ ਦੀ ਲਪੇਟ ’ਚ ਆਏ ਹਨ, ਜੋ ਸਾਡੇ ਲਈ ਗੰਭੀਰ ਖਤਰੇ ਦੀ ਘੰਟੀ ਹੈ। ਖੋਜ ਦੌਰਾਨ ਡਾਕਟਰਾਂ ਵੱਲੋਂ ਉਨ੍ਹਾਂ 28 ਗਰਭਵਤੀ ਔਰਤਾਂ ਨੂੰ ਲਿਆ ਗਿਆ ਸੀ ਜੋ, ਬੀੜੀ ਸਿਗਰੇਟ ਜਾਂ ਤੰਬਾਕੂ ਬਿਲਕੁਲ ਨਹੀਂ ਪੀਂਦੀਆਂ ਸਨ। ਇਸ ਖੋਜ ਦੌਰਾਨ ਹਾਈਰੈਜੂਲੇਸ਼ਨ ਅਮੇਜਿੰਗ ਤਕਨੀਕ ਦਾ ਸਹਾਰਾ ਲਿਆ ਗਿਆ। ਇਸ ਤਕਨੀਕ ਰਾਹੀਂ ਗਰਭਨਲੀ ਦੇ ਨਮੂਨਿਆਂ ਨੂੰ ਸਕੈਨ ਕੀਤਾ ਗਿਆ, ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਹਰ ਨਮੂਨੇ ਵਿਚ ਕਾਰਬਨ ਕਣ ਮਿਲੇ ਹਨ। ਉਨ੍ਹਾਂ ਔਰਤਾਂ ਦੇ ਨਮੂਨਿਆਂ ਵਿਚ ਕਾਰਬਨ ਕਣ ਵੱਧ ਮਾਤਰਾ ਵਿਚ ਮਿਲੇ ਹਨ, ਜੋ ਭੀੜ-ਭਾੜ ਅਤੇ ਪ੍ਰਦੂਸ਼ਿਤ ਇਲਾਕਿਆਂ ਵਿਚ ਰਹਿੰਦੀਆਂ ਹਨ।
ਛੋਟੇ ਉਮਰ ਦੇ ਬੱਚੇ ਹੁੰਦੇ ਹਨ ਵੱਧ ਸ਼ਿਕਾਰ
ਇਸ ਰਿਪੋਰਟ ਵਿਚ ਇਹ ਦਾਆਵਾ ਵੀ ਕੀਤਾ ਗਿਆ ਹੈ ਕਿ ਵੱਡੇ ਅਤੇ ਮੈਟਰੋ ਸ਼ਹਿਰਾਂ ਵਿਚ ਰਹਿ ਰਹੇ ਬੱਚੇ ਹਵਾ ਪ੍ਰਦੂਸ਼ਣ ਦਾ ਸਭ ਤੋਂ ਵਧੇਰੇ ਸ਼ਿਕਾਰ ਹੁੰਦੇ ਹਨ। ਭਾਰਤ ਵਿਚ ਹਰ ਸਾਲ 10 ਹਜਾਰ ਬੱਚਿਆਂ ਵਿਚੋਂ 8.5 ਬੱਚੇ 5 ਸਾਲ ਦੀ ਉਮਰ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਸਾਲ 2016 ਵਿਚ 5 ਤੋਂ 14 ਸਾਲ ਦੀ ਉਮਰ ਦੇ 7 ਹਜਾਰ ਬੱਚੇ ਪ੍ਰਦੂਸ਼ਿਤ ਹਵਾ ਦੇ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ ਸਨ। ਭਾਰਤ ਦੇ ਉੱਤਰੀ ਸੂਬੇ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਹਵਾ ਪ੍ਰਦੂਸ਼ਣ ਦੀ ਲਪੇਟ ਵਿਚ ਸਭ ਤੋਂ ਵੱਧ ਹਨ।
ਹਵਾ ਪ੍ਰਦੂਸ਼ਣ ਕਾਰਨ ਇਨ੍ਹਾਂ ਬਿਮਾਰੀਆਂ ’ਚ ਵੀ ਹੋਇਆ ਵੱਡਾ ਵਾਧਾ
ਪਿਛਲੇ ਸਮੇਂ ਦੌਰਾਨ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਵੱਲੋ ਕੀਤੇ ਗਏ ਅਧਿਐਨ ਮੁਤਾਬਕ ਇਹ ਦਾਅਵਾ ਕੀਤਾ ਗਿਆ ਸੀ ਕਿ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਹਵਾ ਪ੍ਰਦੂਸ਼ਣ ਹੈ। ਇਸ ਅਧਿਐਨ ਮੁਤਾਬਕ ਇਹ ਗੱਲ ਸਾਹਮਣੇ ਆਈ ਸੀ ਕਿ 1988 ਤੋਂ ਲੈ ਕੇ 2018 ਤੱਕ ਜਿੰਨਾ 70 ਫੀਸਦੀ ਮਰੀਜਾਂ ਦੇ ਫੇਫੜਿਆਂ ਦੀ ਸਰਜਰੀ ਕੀਤੀ ਗਈ ਉਹ ਤੰਬਾਕੂ ਦਾ ਇਸਤੇਮਾਲ ਨਹੀਂ ਕਰਦੇ ਸਨ। ਇਸੇ ਤਰ੍ਹਾਂ 'ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼' ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਹਵਾ ਪ੍ਰਦੂਸ਼ਣ ਅਲਜ਼ਾਈਮਰ ਅਤੇ ਡਿਮੇਨਸ਼ੀਆ ਵਰਗੀਆਂ ਬਿਮਾਰੀਆਂ ਵਿਚ ਵੀ ਵਾਧਾ ਹੁੰਦਾ ਹੈ। ਇਸ ਦੇ ਨਾਲ ਮਨੁੱਖ ਦੀ ਸੋਚਣ-ਸਮਝਣ ਦੀ ਸ਼ਕਤੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ-ਨਾਲ ਸਾਹ ਦੀਆਂ ਹੋਰ ਬਿਮਾਰੀਆਂ, ਅੱਖਾਂ ਦੇ ਰੋਗ, ਅਟੈਕ, ਸ਼ੂਗਰ ਆਦਿ ਬਿਮਾਰੀਆਂ ਦਾ ਇਕ ਮੁੱਖ ਕਾਰਨ ਵੀ ਹਵਾ ਪ੍ਰਦੂਸ਼ਣ ਹੀ ਹੈ।