80 ਪ੍ਰਤੀਸ਼ਤ ਇਲਾਕਿਆਂ ''ਚ ਦੂਸ਼ਿਤ ਪਾਣੀ

06/29/2017 3:20:26 AM

ਅੰਮ੍ਰਿਤਸਰ,   (ਵੜੈਚ)- ਬਰਸਾਤ ਨੇ ਨਗਰ ਨਿਗਮ ਦੀ ਘਟੀਆ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਪਾਣੀ-ਪਾਣੀ ਹੋ ਗਿਆ ਹੈ।
ਬਰਸਾਤਾਂ ਤੋਂ ਪਹਿਲਾਂ ਸੀਵਰੇਜਾਂ ਦੀ ਸਫਾਈ ਨਾ ਹੋਣ ਕਰ ਕੇ ਲੋਕ ਮੁਸ਼ਕਲਾਂ ਵਿਚ ਘਿਰ ਜਾਂਦੇ ਹਨ। ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਦੀ ਸਜ਼ਾ ਲੋਕ ਭੁਗਤ ਰਹੇ ਹਨ। ਨਿਗਮ ਦੇ 80 ਪ੍ਰਤੀਸ਼ਤ ਵਾਰਡਾਂ ਦੇ ਇਲਾਕਿਆਂ ਵਿਚ ਸੀਵਰੇਜ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਬਰਸਾਤ ਹੋਣ ਉਪਰੰਤ ਕਈ-ਕਈ ਘੰਟੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਪਾਣੀ ਗਲੀਆਂ-ਬਾਜ਼ਾਰਾਂ ਤੇ ਸੜਕਾਂ 'ਤੇ ਫੈਲਿਆ ਹੋਇਆ ਹੈ। ਸੀਵਰੇਜ ਹੋਲ ਕਿਨਾਰਿਆਂ ਤਕ ਭਰੇ ਹੋਣ ਕਰ ਕੇ ਗੰਦਾ ਪਾਣੀ ਵਾਟਰ ਸਪਲਾਈ ਦੀਆਂ ਪਾਈਪਾਂ ਵਿਚ ਮਿਕਸ ਹੋ ਕੇ ਘਰਾਂ ਤਕ ਪਹੁੰਚ ਰਿਹਾ ਹੈ। ਗੰਦੇ ਪਾਣੀ ਦੀ ਸਪਲਾਈ ਤੋਂ ਅੱਧਾ ਸ਼ਹਿਰ ਪਹਿਲਾਂ ਹੀ ਦੁਖੀ ਹੈ। ਰਹਿੰਦੀ ਕਸਰ ਬਰਸਾਤਾਂ ਦੌਰਾਨ ਪੂਰੀ ਹੋ ਰਹੀ ਹੈ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਗੰਦੇ ਪਾਣੀ ਦੀ ਸਪਲਾਈ ਨੇ ਲੋਕਾਂ ਨੇ ਨੱਕ ਵਿਚ ਦਮ ਕਰ ਦਿੱਤਾ ਹੈ। ਕਈ ਇਲਾਕਿਆਂ ਵਾਟਰ ਸਪਲਾਈ ਸ਼ੁਰੂ ਹੋਣ ਤੋਂ ਪਹਿਲਾਂ 15-20 ਮਿੰਟ ਗੰਦਾ ਪਾਣੀ ਆਉਂਦਾ ਹੈ ਬਾਅਦ ਵਿਚ ਪਾਣੀ ਸਾਫ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਕਈ ਇਲਾਕਿਆਂ ਵਿਚ ਲਗਾਤਾਰ ਗੰਦੇ ਪਾਣੀ ਦੀ ਸਪਲਾਈ ਆਉਣ ਨਾਲ ਲੋਕ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ ਪਰ ਨਿਗਮ ਅਧਿਕਾਰੀ ਆਪਣੀ ਮਸਤੀ ਵਿਚ ਮਸਤ ਹਨ। 
ਕਈ ਇਲਾਕਿਆਂ ਦੇ ਲੋਕ ਕਈ-ਕਈ ਵਾਰੀ ਅਧਿਕਾਰੀਆਂ, ਕੌਂਸਲਰਾਂ ਨਾਲ ਮੁਸ਼ਕਲਾਂ ਦੇ ਨਿਪਟਾਰੇ ਲਈ ਅਪੀਲਾਂ ਕਰਦੇ ਹਨ ਪਰ ਲੋਕਾਂ ਦੀਆਂ ਜ਼ਿਆਦਾਤਰ ਮੁਸੀਬਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਹ ਗੱਲ ਗਵਾਹ ਹੈ ਕਿ ਨਿਗਮ ਹਾਊਸ ਵਿਚ ਹਵਾ ਵਿਚ ਹੀ ਪੁਲ ਬਣਾ ਦਿੱਤੇ ਜਾਂਦੇ ਹਨ। ਮਤੇ ਕਾਗਜ਼ਾਂ ਵਿਚ ਦਫਨ ਹੋ ਜਾਂਦੇ ਹਨ। ਪਹਿਲਾਂ ਹੋਣ ਵਾਲੇ ਕੰਮ ਹਮੇਸ਼ਾ ਬਾਅਦ ਵਿਚ ਮੁਸ਼ਕਲਾਂ ਆਉਣ ਉਪਰੰਤ ਲੋਕ ਦਿਖਾਵੇ ਲਈ ਕੀਤੇ ਜਾਂਦੇ ਹਨ। ਬੀਮਾਰੀਆਂ ਫੈਲਣ ਉਪਰੰਤ ਦਵਾਈਆਂ ਦੀ ਖਰੀਦਦਾਰੀ ਤੇ ਛਿੜਕਾਅ ਹੁੰਦਾ ਹੈ। ਮਾਨਸੂਨ ਆਉਣ ਤੋਂ ਪਹਿਲਾਂ ਸੀਵਰੇਜ ਦੀ ਸਫਾਈ ਨਹੀਂ ਕਰਵਾਈ ਜਾਂਦੀ ਹੈ। ਅਧਿਕਾਰੀਆਂ ਦੀ ਘਟੀਆ ਕਾਰਗੁਜ਼ਾਰੀ ਦਾ ਨੁਕਸਾਨ ਮਾਸੂਮ ਲੋਕਾਂ ਨੂੰ ਉਠਾਉਣਾ ਪੈਂਦਾ ਹੈ।


Related News