ਪੰਜਾਬ ਦੀਆਂ ਜੇਲ੍ਹਾਂ 'ਚ ਨਵੀਂ ਸ਼ੁਰੂਆਤ, ਰਿਸ਼ਤੇਦਾਰਾਂ ਨੂੰ ਗਲਵੱਕੜੀ ਪਾ ਮਿਲ ਰਹੇ ਕੈਦੀ
Tuesday, Sep 20, 2022 - 02:56 PM (IST)
ਚੰਡੀਗੜ੍ਹ (ਰਮਨਜੀਤ) : ਜੇਲ੍ਹ ਵਿਭਾਗ ਪੰਜਾਬ ਨੇ ਸਜ਼ਾਯਾਫ਼ਤਾ ਅਤੇ ਸੁਣਵਾਈ ਅਧੀਨ ਕੈਦੀਆਂ ਲਈ ‘ਗਲਵੱਕੜੀ’ ਸਕੀਮ ਸ਼ੁਰੂ ਕੀਤੀ ਹੈ। ਜੇਲ੍ਹਾਂ 'ਚ ਬੰਦ ਕੈਦੀਆਂ ਦੀ ਮਾਨਸਿਕ-ਸਮਾਜਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ। ਇਸ ਸਕੀਮ ਤਹਿਤ ਕੈਦੀ ਆਪਣੇ ਪਰਿਵਾਰਾਂ ਨਾਲ ਬੇਝਿਜਕ ਮੁਲਾਕਾਤ ਕਰ ਰਹੇ ਹਨ। ਕੈਦੀ ਸਾਲ ਦੀ ਤਿਮਾਹੀ ਦੌਰਾਨ, ਜੇਲ੍ਹ ਕੰਪਲੈਕਸ ਦੇ ਅੰਦਰ ਬਣਾਏ ਗਏ ਵਿਸ਼ੇਸ਼ ਕਮਰਿਆਂ 'ਚ ਇਕ ਘੰਟੇ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਿੱਜੀ ਤੌਰ ’ਤੇ ਮਿਲ ਸਕਦੇ ਹਨ।
ਇਹ ਵੀ ਪੜ੍ਹੋ : ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਮਾਨ ਸਰਕਾਰ ਨੇ ਸੱਦੀ ਕੈਬਨਿਟ ਬੈਠਕ, ਹੋਣਗੀਆਂ ਅਹਿਮ ਵਿਚਾਰਾਂ
ਇਸ ਸਕੀਮ ਦਾ ਲਾਭ ਸਿਰਫ਼ ਉਨ੍ਹਾਂ ਕੈਦੀਆਂ/ਰਿਮਾਂਡ ’ਤੇ ਕੈਦੀਆਂ ਨੂੰ ਹੀ ਮਿਲ ਰਿਹਾ ਹੈ, ਜਿਨ੍ਹਾਂ ਦੇ ਆਚਰਣ ਦਾ ਰਿਕਾਰਡ ਚੰਗਾ ਹੈ ਅਤੇ ਉਹ ਜੇਲ੍ਹ ਮੈਨੂਅਲ ਦੀ ਪਾਲਣਾ ਵੀ ਕਰ ਰਹੇ ਹਨ। ਇਸ ਸਕੀਮ ਦੇ ਲਾਭ ਵਜੋਂ, ਕੈਦੀ/ਹਵਾਲਾਤੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਭੋਜਨ ਦਾ ਆਨੰਦ ਲੈ ਸਕਣਗੇ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਇਸ ਸਕੀਮ ਦਾ ਲਾਭ ਗੈਂਗਸਟਰ ਅਤੇ ਹੋਰ ਗੰਭੀਰ ਅਪਰਾਧਾਂ ਸਮੇਤ ਹਾਈ ਰਿਸਕ ਕੈਟਾਗਰੀ 'ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਾ ਮਿਲੇ।
ਇਹ ਵੀ ਪੜ੍ਹੋ : 'ਸਵਾਈਨ ਫਲੂ' ਦੇ ਕਹਿਰ ਨੇ ਵਧਾਈ ਲੁਧਿਆਣਵੀਆਂ ਦੀ ਚਿੰਤਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਇਹ ਸਕੀਮ ਸੂਬੇ ਦੀਆਂ 23 ਜੇਲ੍ਹਾਂ 'ਚ ਸ਼ੁਰੂ ਹੋ ਚੁੱਕੀ ਹੈ। ਕੈਦੀ/ਹਲਾਵਤੀ ਫਰਨੀਚਰ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਲੈਸ ਪਰਿਵਾਰਕ ਕਮਰਿਆਂ 'ਚ ਆਪਣੇ 5 ਰਿਸ਼ਤੇਦਾਰਾਂ ਨਾਲ ਇਕ ਘੰਟਾ ਬਿਤਾਉਣ ਸਕਦੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਪਰਿਵਾਰ ਪੰਜਾਬ ਜੇਲ੍ਹ ਵਿਭਾਗ ਦੀ ਅਧਿਕਾਰਿਤ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦਾ ਹੈ ਜਾਂ ਕੈਦੀ ਜੇਲ੍ਹ ਪ੍ਰਸ਼ਾਸਨ ਨਾਲ ਵੀ ਸੰਪਰਕ ਕਰ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ