ਰਾਣਾ ਗੁਰਜੀਤ ਖ਼ਿਲਾਫ਼ ਤਿੰਨ ਵਿਧਾਇਕਾਂ ਤੇ ਸੁਖਪਾਲ ਖਹਿਰਾ ਨੇ ਖੋਲ੍ਹਿਆ ਮੋਰਚਾ, ਹਾਈਕਮਾਨ ਨੂੰ ਲਿਖੀ ਚਿੱਠੀ

01/18/2022 5:57:38 PM

ਚੰਡੀਗੜ੍ਹ (ਬਿਊਰੋ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਨੂੰ ਮੁੜ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸੀਟ ਨੂੰ ਲੈ ਕੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਤੇ ਸੁਲਤਾਨਪੁਰ ਲੋਧੀ ਤੋਂ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਆਹਮੋ-ਸਾਹਮਣੇ ਸਨ। ਪਾਰਟੀ ਦੇ ਚਾਰ ਸੀਨੀਅਰ ਆਗੂਆਂ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਖ਼ਿਲਾਫ਼ ਸੁਲਤਾਨਪੁਰ ਲੋਧੀ ਤੋਂ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਾਰਨ ਦਾ ਐਲਾਨ ਕਰ ਕੇ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਦਾ ਇਲਜ਼ਾਮ ਲਗਾਉਂਦਿਆਂ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਸੋਨੀਆ ਗਾਂਧੀ ਨੂੰ ਲਿਖੇ ਪੱਤਰ ’ਚ ਵਿਧਾਇਕ ਨਵਤੇਜ ਸਿੰਘ ਚੀਮਾ, ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਾਏ ਹਨ ਕਿ ਕਾਂਗਰਸ ਪਾਰਟੀ ਅਤੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਮਾਈਨਿੰਗ ਸਕੈਂਡਲ ਕਾਰਨ 2018 ’ਚ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਰਾਣਾ ਗੁਰਜੀਤ ਸਿੰਘ ਫਿਰ ਆਗਾਮੀ ਚੋਣਾਂ ’ਚ ਕਾਂਗਰਸ ਦੀਆਂ ਚੁਣਾਵੀ ਸੰਭਾਵਨਾਵਾਂ ਨੂੰ ਤਬਾਹ ਕਰਨ ਲਈ ਪੂਰੀ ਵਾਹ ਲਗਾ ਰਹੇ ਹਨ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਜੇਲ੍ਹ ’ਚ ਬੰਦ ਹਨ ਤੇ ਭਲਕੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਆਪਣੀ ਹੀ ਸਰਕਾਰ ਨੂੰ ਵਿਖਾਈਆਂ ਅੱਖਾਂ, ਦੋ ਟੁੱਕ ’ਚ ਦਿੱਤਾ ਜਵਾਬ

ਰਾਣਾ ਗੁਰਜੀਤ ਸਿੰਘ ਦੋਆਬਾ ਖੇਤਰ ਦੇ ਅਨੇਕਾਂ ਹਲਕਿਆਂ ਜਿਵੇਂ ਸੁਲਤਾਨਪੁਰ ਲੋਧੀ, ਫਗਵਾੜਾ, ਭੁਲੱਥ, ਜਲੰਧਰ ਉੱਤਰੀ, ਬੰਗਾ ਆਦਿ ’ਚ ਲਗਾਤਾਰ ਜਾਣਬੁੱਝ ਕੇ ਦਖਲਅੰਦਾਜ਼ੀ ਕਰਕੇ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਹਨ, ਭਾਵੇਂ ਕਿ ਅਸੀਂ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਲਗਾਤਾਰ ਚੰਡੀਗੜ੍ਹ ਵਿਖੇ ਪਾਰਟੀ ਲੀਡਰਸ਼ਿਪ ਨੂੰ ਸ਼ਿਕਾਇਤ ਕਰਦੇ ਰਹੇ ਹਾਂ ਪਰ ਬਦਕਿਸਮਤੀ ਨਾਲ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਉਕਤ ਦਾਗ਼ੀ ਲੀਡਰ ਨੂੰ ਮੁੜ ਚੰਨੀ ਕੈਬਨਿਟ ’ਚ ਸ਼ਾਮਲ ਕਰ ਲਿਆ ਗਿਆ, ਜਦਕਿ ਉਸ ਦੇ ਖ਼ਿਲਾਫ਼ ਮਾਈਨਿੰਗ ਸਕੈਂਡਲ ਦੇ ਗੰਭੀਰ ਇਲਜ਼ਾਮ ਅਜੇ ਵੀ ਪੈਂਡਿੰਗ ਹਨ ਤੇ ਉਨ੍ਹਾਂ ਨੂੰ ਕੋਈ ਕਲੀਨ ਚਿੱਟ ਨਹੀਂ ਮਿਲੀ ਹੈ।

ਸੋਨੀਆ ਗਾਂਧੀ ਨੂੰ ਲਿਖੇ ਪੱਤਰ ’ਚ ਉਕਤ ਵਿਧਾਇਕਾਂ ਨੇ ਲਿਖਿਆ ਕਿ ਮੁੜ ਮੰਤਰੀ ਬਣਾਏ ਜਾਣ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਅੱਖੜਪੁਣਾ ਦਿਖਾਉਂਦਿਆਂ ਉਨ੍ਹਾਂ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਬਾਵਜੂਦ ਆਪਣੇ ਬੇਟੇ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸੁਲਤਾਨਪੁਰ ਲੋਧੀ ਦੇ ਪਾਰਟੀ ਉਮੀਦਵਾਰ 2 ਵਾਰ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਖਿਲਾਫ਼ ਆਜ਼ਾਦ ਉਮੀਦਵਾਰ ਐਲਾਨ ਦਿੱਤਾ ਹੈ। ਇਹ ਹੋਰ ਕੁਝ ਨਹੀਂ ਬਲਕਿ ਪਾਰਟੀ ਦੇ ਅਨੁਸ਼ਾਸਨ ਦੀ ਘੋਰ ਉਲੰਘਣਾ ਦੇ ਨਾਲ-ਨਾਲ ਚੋਣ ਮੁਕਾਬਲੇ ਦਾ ਸਾਹਮਣਾ ਕਰਨ ਦੇ ਅਹਿਮ ਮੌਕੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹੈ। ਅਜਿਹਾ ਕਰਕੇ ਰਾਣਾ ਗੁਰਜੀਤ ਸਿੰਘ ਵਿਰੋਧੀ ਪਾਰਟੀਆਂ ਵਿਸ਼ੇਸ਼ ਤੌਰ 'ਤੇ ਭਾਜਪਾ ਦੇ ਹੱਥਾਂ ਵਿੱਚ ਖੇਡ ਰਹੇ ਹਨ, ਜਿਸ ਦੇ ਨਾਲ ਪੰਜਾਬ ਤੇ ਉੱਤਰ ਪ੍ਰਦੇਸ਼ ’ਚ ਸ਼ਰਾਬ ਅਤੇ ਖੰਡ ਮਿੱਲਾਂ ਹੋਣ ਕਾਰਨ ਉਸ ਦੇ ਗੂੜ੍ਹੇ ਰਿਸ਼ਤੇ ਹਨ।

ਰਾਣਾ ਗੁਰਜੀਤ ਸਿੰਘ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਡੂੰਘੇ ਰਿਸ਼ਤੇ ਬਰਕਰਾਰ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੇ ਭੁਲੱਥ ਹਲਕੇ ਤੋਂ ਚੋਣ ਲੜਵਾਉਣ ਵਾਸਤੇ ਆਪਣੇ ਬੇਹੱਦ ਨਜ਼ਦੀਕੀ ਅਮਨਦੀਪ ਸਿੰਘ ਉਰਫ ਗੋਰਾ ਗਿੱਲ ਨੂੰ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਕਰਵਾਇਆ। ਪੰਜਾਬ ’ਚ ਕਾਂਗਰਸ ਪਾਰਟੀ ਨੂੰ ਖਤਮ ਕਰਨ ਦੇ ਮਕਸਦ ਨਾਲ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਰਾਣਾ ਗੁਰਜੀਤ ਸਿੰਘ ਜਨਤਕ ਤੌਰ 'ਤੇ ਪੀ. ਪੀ. ਸੀ. ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਕੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ। ਇਸ ਲਈ ਦਾਗ਼ੀ ਰਾਣਾ ਗੁਰਜੀਤ ਸਿੰਘ ਵੱਲੋਂ ਸ਼ਰੇਆਮ ਅਨੁਸ਼ਾਸਨ ਭੰਗ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਕਪੂਰਥਲਾ ਤੋਂ ਉਨ੍ਹਾਂ ਦੀ ਨਾਮਜ਼ਦਗੀ ਵਾਪਸ ਲਈ ਜਾਵੇ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਅਜਿਹੇ ਆਗੂਆਂ ਨੂੰ ਸਖਤ ਸੁਨੇਹਾ ਦੇਣ ਲਈ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਵੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Manoj

Content Editor

Related News