ਜਾਖੜ ਨਾਲ ਟਿਕਟ ਦੇ ਚਾਹਵਾਨ ਕਾਂਗਰਸੀਆਂ ਨੇ ਮੁਲਾਕਾਤਾਂ ਸ਼ੁਰੂ ਕੀਤੀਆਂ
Friday, Dec 10, 2021 - 11:45 AM (IST)
ਜਲੰਧਰ (ਧਵਨ) : ਕੇਂਦਰੀ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਕੰਪੇਨ ਕਮੇਟੀ ਦਾ ਚੇਅਰਮੈਨ ਨਾਮਜ਼ਦ ਕਰਨ ਅਤੇ ਉਨ੍ਹਾਂ ਨੂੰ ਟਿਕਟ ਵੰਡ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਟਿਕਟ ਲੈਣ ਦੇ ਚਾਹਵਾਨ ਕਾਂਗਰਸੀਆਂ ਨੇ ਉਨ੍ਹਾਂ ਨਾਲ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ ਹਨ। ਜਾਖੜ ਚੰਡੀਗੜ੍ਹ ਵਿਚ ਸਨ ਅਤੇ ਉਨ੍ਹਾਂ ਨਾਲ ਕਈ ਕਾਂਗਰਸੀਆਂ ਨੇ ਬੈਠਕਾਂ ਕੀਤੀਆਂ। ਇਨ੍ਹਾਂ ਵਿਚ ਉਹ ਕਾਂਗਰਸੀ ਜ਼ਿਆਦਾ ਸਨ, ਜੋ ਟਿਕਟ ਦੇ ਚਾਹਵਾਨ ਹਨ। ਇਨ੍ਹਾਂ ਵਿਚ ਕਈ ਕਾਂਗਰਸੀ ਵਿਧਾਇਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਜਾਖੜ ਦਾ ਸਮਰਥਨ ਜਿੱਤਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਬੈਠਕਾਂ ਨਾਲ ਉਨ੍ਹਾਂ ਅਫਵਾਹਾਂ ’ਤੇ ਵੀ ਰੋਕ ਲੱਗ ਗਈ ਹੈ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਜਾਖੜ ਅਜੇ ਵੀ ਨਾਰਾਜ਼ ਹਨ। ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜਾਖੜ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੇ ਸਿਰਫ ਮੋਦੀ ਸਰਕਾਰ ਤੋਂ ਜੰਗ ਹੀ ਨਹੀਂ ਜਿੱਤੀ, ਦੇਸ਼ ਦੇ ਲੋਕਾਂ ਦੇ ਦਿਲ ਵੀ ਜਿੱਤੇ : ਮਾਨ
ਉਹ ਦੁਪਹਿਰ ਬਾਅਦ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਏ, ਜਿੱਥੇ ਉਹ ਹਾਈਕਮਾਨ ਦੇ ਕੁਝ ਨੇਤਾਵਾਂ ਨਾਲ ਮੁਲਾਕਾਤ ਕਰ ਸਕਦੇ ਹਨ, ਜਿਸ ’ਚ ਉਹ ਨਵੀਆਂ ਨਿਯੁਕਤੀਆਂ ਲਈ ਉਨ੍ਹਾਂ ਦਾ ਧੰਨਵਾਦ ਕਰਨਗੇ। ਜਾਖੜ ਪਿਛਲੀ ਵਾਰ ਮੁੱਖ ਮੰਤਰੀ ਬਣਨ ਦੀ ਦੌੜ ਵਿਚ ਸਭ ਤੋਂ ਅੱਗੇ ਸਨ ਅਤੇ ਕੁਝ ਕਾਂਗਰਸੀਆਂ ਨੇ ਹਿੰਦੂ ਨੂੰ ਮੁੱਖ ਮੰਤਰੀ ਨਾ ਬਣਾਉਣ ਦੀ ਵਕਾਲਤ ਕਰ ਦਿੱਤੀ ਸੀ, ਜਿਸ ਕਾਰਨ ਉਹ ਕਾਫੀ ਸਮੇਂ ਤੋਂ ਚੁੱਪ ਬੈਠੇ ਸਨ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਕਈ ਟਵੀਟ ਵੀ ਕੀਤੇ ਸਨ। ਸੂਤਰਾਂ ਅਨੁਸਾਰ ਉਹ ਅਗਲੇ ਇਕ-ਦੋ ਦਿਨਾਂ ’ਚ ਵਾਪਸ ਚੰਡੀਗੜ੍ਹ ਆ ਜਾਣਗੇ ਅਤੇ ਪਾਰਟੀ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦੇਣਗੇ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਸਮਝੌਤੇ ’ਚ ਨੁਮਾਇੰਦਗੀ ਕਰਨ ਲਈ ਖੁਦ ਨੂੰ ਵਡਭਾਗੀ ਸਮਝਦਾ ਹਾਂ : ਹੁਸਨ ਲਾਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ