ਕਾਂਗਰਸ ਤੇ ਐੱਨ. ਸੀ. ਪੀ. ਦਾ ਮਨਮੁਟਾਅ ਖਤਮ, ਉਪ ਚੋਣਾਂ 'ਚ ਮਿਲਾਇਆ ਹੱਥ

Saturday, May 05, 2018 - 06:16 AM (IST)

ਜਲੰਧਰ (ਧਵਨ) - ਮਹਾਰਾਸ਼ਟਰ 'ਚ ਕਾਂਗਰਸ ਅਤੇ ਐੱਨ. ਸੀ. ਪੀ. ਦਾ ਪਿਛਲੇ ਕੁਝ ਸਾਲਾਂ ਤੋਂ ਚੱਲਿਆ ਆ ਰਿਹਾ ਮਨਮੁਟਾਅ ਆਖਿਰ ਦੂਰ ਹੋ ਗਿਆ ਹੈ ਅਤੇ ਦੋਵਾਂ ਪਾਰਟੀਆਂ ਨੇ ਮਹਾਰਾਸ਼ਟਰ 'ਚ ਹੋਣ ਜਾ ਰਹੀਆਂ 2 ਲੋਕ ਸਭਾ ਸੀਟਾਂ ਅਤੇ ਇਕ ਵਿਧਾਨ ਸੀਟ ਲਈ ਆਪਸ 'ਚ ਹੱਥ ਮਿਲਾ ਲਿਆ ਹੈ। ਦੋਵਾਂ ਪਾਰਟੀਆਂ ਨੇ ਆਪਸ 'ਚ ਸੀਟਾਂ ਦਾ ਤਾਲਮੇਲ ਕਰਨ ਦਾ ਫੈਸਲਾ ਲਿਆ ਹੈ। 21 ਮਈ ਨੂੰ ਮਹਾਰਾਸ਼ਟਰ 'ਚ 6 ਵਿਧਾਨ ਪ੍ਰੀਸ਼ਦ ਦੀਆਂ ਸੀਟਾਂ ਦੀ ਚੋਣ ਵੀ ਪ੍ਰਸਤਾਵਿਤ ਹੈ। ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ 'ਚ ਮੁੜ ਵੱਖ-ਵੱਖ ਪਾਰਟੀਆਂ ਨੂੰ ਇਕਜੁੱਟ ਕਰਨ 'ਚ ਲੱਗ ਗਏ ਹਨ। ਉਹ ਯੂ. ਪੀ. ਏ. ਦਾ ਹਿੱਸਾ ਰਹੀਆਂ ਸਿਆਸੀ ਪਾਰਟੀਆਂ ਨੂੰ ਮੁੜ ਆਪਣੇ ਨਾਲ ਜੋੜਨ ਦੀ ਮੁਹਿੰਮ 'ਚ ਹੈ।
ਕਾਂਗਰਸ ਨੇ ਐੱਨ. ਸੀ. ਪੀ. ਨਾਲ ਮਿਲ ਕੇ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਲੜਨ ਦਾ ਫੈਸਲਾ ਲਿਆ ਹੈ, ਜਿਸ ਦੇ ਤਹਿਤ ਕਾਂਗਰਸ ਪਾਰਭਾਨੀ-ਹਿੰਗੋਲੀ, ਅਮਰਾਵਤੀ ਅਤੇ ਵਾਰਧਾ-ਚੰਦਰਾ ਸੀਟਾਂ 'ਤੇ ਚੋਣਾਂ ਲੜੇਗੀ ਜਦਕਿ ਐੱਨ. ਸੀ. ਪੀ. ਵਲੋਂ ਰਾਏਗੜ੍ਹ-ਰਤਨਾਗਿਰੀ-ਸਿੰਧਦੁਰਗ, ਨਾਸਿਕ ਅਤੇ ਉਸਮਾਨਾਬਾਦ-ਲਾਤੂਰ ਹਲਕਿਆਂ 'ਚ ਚੋਣਾਂ ਲੜੇਗੀ। ਲੋਕਸਭਾ ਸੀਟਾਂ ਦੀਆਂ ਉਪ ਚੋਣਾਂ ਦੀ ਸਥਿਤੀ 'ਚ ਐੱਨ. ਸੀ. ਪੀ. ਵਲੋਂ ਭੰਡਾਰਾ-ਗੋਦਿਆ ਅਤੇ ਕਾਂਗਰਸ ਵਲੋਂ ਪਾਲਗੜ੍ਹ 'ਚ ਆਪਣਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ। ਕਾਂਗਰਸ ਵਲੋਂ ਵਿਧਾਨ ਸਭਾ ਸੀਟਾਂ ਪਾਲੂਸ-ਕਾਦੇਗਾਂਵ 'ਚ ਆਪਣੇ ਉਮੀਦਵਾਰ ਉਤਾਰੇ ਜਾਣਗੇ। ਮਹਾਰਾਸ਼ਟਰ 'ਚ ਪੈਂਦੀ ਭੰਡਾਰਾ ਸੀਟ ਦੀ ਅਗਵਾਈ ਪਹਿਲਾਂ ਭਾਜਪਾ ਦੇ ਸਾਬਕਾ ਸੰਸਦ ਨਾਨਾ ਪਟੋਲੇ ਵਲੋਂ ਕੀਤੀ ਜਾਂਦੀ ਸੀ, ਜਿਨ੍ਹਾਂ ਨੇ ਪਿਛਲੇ ਸਾਲ ਭਾਜਪਾ ਨੂੰ ਅਸਤੀਫਾ ਦਿੰਦੇ ਹੋਏ ਕਾਂਗਰਸ 'ਚ ਘਰ ਵਾਪਸੀ ਕਰ ਲਈ ਸੀ। ਸੀਨੀਅਰ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਐੱਨ. ਸੀ. ਪੀ. ਪ੍ਰਮੁੱਖ ਸ਼ਰਦ ਪਵਾਰ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਅਤੇ ਐੱਨ. ਸੀ. ਪੀ. ਦੇ ਵਿਚਾਲੇ ਸੀਟਾਂ ਦੇ ਤਾਲਮੇਲ ਨੂੰ ਆਪਣੀ ਹਰੀ ਝੰਡੀ ਪ੍ਰਦਾਨ ਕੀਤੀ ਹੈ ਤਾਂ ਜੋ ਮਹਾਰਾਸ਼ਟਰ 'ਚ ਭਾਜਪਾ ਨੂੰ ਹਰਾਇਆ ਜਾ ਸਕੇ। ਕਾਂਗਰਸ ਤੇ ਐੱਨ. ਸੀ. ਪੀ. ਨੇ ਐਲਾਨ ਕੀਤਾ ਹੈ ਕਿ ਭਵਿੱਖ 'ਚ ਹੁਣ ਉਹ ਸਾਰੀਆਂ ਚੋਣਾਂ ਮਿਲ ਕੇ ਲੜਨਗੇ ਜਿਸ ਦਾ ਅਸਰ ਹੁਣ ਦੋਵੇਂ ਪਾਰਟੀਆਂ ਦੇ ਹੇਠਲੇ ਵਰਕਰਾਂ 'ਤੇ ਵੀ ਪਿਆ ਹੈ ਅਤੇ ਉਨ੍ਹਾਂ ਨੇ ਆਪਣੀਆਂ ਦੂਰੀਆਂ ਮਿਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।


Related News