ਬਠਿੰਡਾ ਰੈਲੀ : ਪ੍ਰਿਅੰਕਾ ਗਾਂਧੀ ਨੇ ਇਨ੍ਹਾਂ ਮੁੱਦਿਆਂ ’ਤੇ ਘੇਰੇ ਵਿਰੋਧੀ (ਵੀਡੀਓ)

05/14/2019 6:53:38 PM

ਬਠਿੰਡਾ (ਵਰਮਾ, ਬਲਵਿੰਦਰ) - ਬਠਿੰਡਾ ਹਲਕੇ ਦੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ 'ਚ ਬਠਿੰਡਾ ਵਿਖੇ ਕੀਤੀ ਗਈ ਰੈਲੀ 'ਚ ਪ੍ਰਿਯੰਕਾ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਦਿ ਕਈ ਹੋਰ ਕਾਂਗਰਸੀ ਆਗੂ ਵਿਸ਼ੇਸ਼ ਤੌਰ 'ਤੇ ਮੌਜੂਦ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਬੀਤੇ ਦਿਨ ਬਠਿੰਡਾ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਭਾਸ਼ਾ 'ਚ ਕਰਦਿਆਂ ਪੰਜਾਬੀਆਂ ਦੀ ਧਰਤੀ ਅਤੇ ਪੰਜਾਬੀ ਕੌਮ ਨੂੰ ਸਲਾਮ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਬੇਅਦਬੀ, ਨੋਟਬੰਦੀ, ਜੀ. ਐੱਸ .ਟੀ.ਕਰਜ਼ ਮੁਆਫੀ ਆਦਿ ਕਈ ਮੁੱਦਿਆਂ 'ਤੇ ਘੇਰਦੇ ਹੋਏ ਪੰਜਾਬੀਆਂ ਨੂੰ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ। 

ਪੰਜਾਬ ਦੀ ਪਵਿੱਤਰ ਧਰਤੀ 'ਤੇ ਪੈਰ ਰੱਖਦੇ ਹੀ ਪ੍ਰਿਯੰਕਾ ਗਾਂਧੀ ਨੇ ਧਰਤੀ ਨੂੰ ਨਮਨ ਕਰਦਿਆਂ ਕਿਹਾ ਕਿ ਮੇਰਾ ਪਤੀ ਪੰਜਾਬੀ ਹੈ, ਜ਼ਿੰਦਗੀ 'ਚ ਮੈਨੂੰ ਪੰਜਾਬ ਆਉਣ ਦਾ ਪਹਿਲਾ ਮੌਕਾ ਮਿਲਿਆ, ਮੇਰੇ ਪਿਤਾ ਅਤੇ ਦਾਦੀ ਨੇ ਦੇਸ਼ ਦੀ ਏਕਤਾ ਲਈ ਬਲੀਦਾਨ ਦਿੱਤਾ। ਕਾਂਗਰਸ ਨੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਲੈਂਦਿਆਂ ਜੇਲਾਂ ਕੱਟੀਆਂ ਅਤੇ ਕਈ ਕੁਰਬਾਨੀਆਂ ਦਿੱਤੀਆਂ। ਬਠਿੰਡਾ 'ਚ ਪਹਿਲੀ ਵਾਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪੰਜਾਬ 'ਚ ਚਿੱਟੇ ਦਾ ਬੋਲਬਾਲਾ ਰਿਹਾ, ਕਿਸੇ ਵੀ ਆਗੂ ਨੇ ਚਿੱਟੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕੀਤੀ ਪਰ ਉਸ ਦੇ ਭਰਾ ਰਾਹੁਲ ਗਾਂਧੀ ਨੇ ਪਹਿਲੀ ਵਾਰ ਇਹ ਮੁੱਦਾ ਪੰਜਾਬ 'ਚ ਆ ਕੇ ਚੁੱਕਿਆ। ਚਿੱਟੇ ਦੇ ਕੌਣ ਸੌਦਾਗਰ ਹਨ, ਇਹ ਸਾਰਾ ਪੰਜਾਬ ਜਾਣਦਾ ਹੈ ਪਰ ਡਰ ਕਾਰਣ ਕੋਈ ਆਵਾਜ਼ ਚੁੱਕਣ ਨੂੰ ਤਿਆਰ ਨਹੀਂ। ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਾਜਨੀਤਕ ਹਮਲਾ ਕਰਦਿਆਂ ਕਿਹਾ ਕਿ ਸੱਚਾਈ ਦੇਸ਼ ਦੇ ਸਾਹਮਣੇ ਹੈ ਅਤੇ ਮੋਦੀ ਹੁਣ ਜਨਤਾ ਦੀ ਰਾਡਾਰ 'ਤੇ ਹੈ। ਝੂਠੇ ਵਾਅਦੇ ਕਰ ਕੇ 2014 'ਚ ਸੱਤਾ ਹਾਸਲ ਕਰਨ ਵਾਲੇ ਨਰਿੰਦਰ ਮੋਦੀ ਕਹਿ ਰਹੇ ਹਨ ਕਿ 70 ਸਾਲ 'ਚ ਕਾਂਗਰਸ ਨੇ ਕੋਈ ਵਿਕਾਸ ਨਹੀਂ ਕੀਤਾ। ਪ੍ਰਿਯੰਕਾ ਨੇ ਜਨ ਸਭਾ ਵਿਚ ਬੈਠੀ ਜਨਤਾ ਤੋਂ ਪੁੱਛਿਆ ਕਿ ਤੁਸੀਂ ਹੀ ਦੱਸੋ ਕਿ ਸੱਤਾ ਦੌਰਾਨ ਵਿਕਾਸ ਹੋਇਆ ਜਾਂ ਨਹੀਂ। ਮੋਦੀ ਦੇ ਕੋਲ ਅਜਿਹੀ ਕਿਹੜੀ ਜਾਦੂ ਦੀ ਛੜੀ ਹੈ ਕਿ ਉਨ੍ਹਾਂ ਨੇ ਪੰਜ ਸਾਲ 'ਚ ਵਿਕਾਸ ਦੀ ਝੜੀ ਲਾ ਦਿੱਤੀ।

2014 'ਚ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਦਿਆਂ ਕਿਹਾ ਕਿ 15-15 ਲੱਖ ਰੁਪਏ ਤੁਹਾਡੇ ਖਾਤੇ ਵਿਚ ਆਉਣਗੇ। ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ, ਭ੍ਰਿਸ਼ਟਾਚਾਰ ਖਤਮ ਹੋਵੇਗਾ, ਮਹਿੰਗਾਈ ਦੀ ਕਮਰ ਤੋੜ ਦਿੱਤੀ ਜਾਵੇਗੀ, ਦੋ ਕਰੋੜ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਪਰ ਹੋਇਆ ਕੁਝ ਵੀ ਨਹੀਂ। ਕਿਸਾਨਾਂ 'ਤੇ ਬੋਲਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਧੋਖਾ ਦਿੱਤਾ, 10 ਹਜ਼ਾਰ ਕਰੋੜ ਰੁਪਏ ਬੀਮਾ ਰਾਸ਼ੀ ਦੇ ਰੂਪ 'ਚ ਵੱਡੇ-ਵੱਡੇ ਉਦਯੋਗਪਤੀਆਂ ਦੇ ਖਾਤੇ 'ਚ ਪਹੁੰਚਾਏ। ਉਦਯੋਗਪਤੀਆਂ ਦੇ 55 ਹਜ਼ਾਰ ਕਰੋੜ ਰੁਪਏ ਮੁਆਫ ਕੀਤੇ ਗਏ। ਮੋਦੀ ਸਰਕਾਰ ਦੌਰਾਨ ਦੇਸ਼ 'ਚ 12 ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਇਸਦਾ ਜ਼ਿੰਮੇਵਾਰ ਕੌਣ ਹੈ। ਦੇਸ਼ ਦੇ ਕਿਸਾਨਾਂ ਨੇ ਅੰਦੋਲਨ ਕੀਤਾ ਅਤੇ ਮੋਦੀ ਤੋਂ ਪੰਜ ਮਿੰਟ ਮਿਲਣ ਦਾ ਸਮਾਂ ਮੰਗਿਆ ਪਰ ਉਨ੍ਹਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਜਦਕਿ ਉਹ ਜਾਪਾਨ, ਫਰਾਂਸ, ਅਮਰੀਕਾ ਜਾ ਕੇ ਮਜ਼ੇ ਕਰਦੇ ਰਹੇ ਪਰ ਕਿਸਾਨਾਂ ਲਈ ਉਨ੍ਹਾਂ ਕੋਲ ਸਮਾਂ ਨਹੀਂ ਸੀ। ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਦੌਰਾਨ ਧਾਰਮਕ ਗ੍ਰੰਥਾਂ ਦੀ ਬੇਅਦਬੀ ਮਾਮਲੇ 'ਚ ਉਨ੍ਹਾਂ ਕਿਹਾ ਕਿ ਧਰਮ ਦੇ ਠੇਕੇਦਾਰਾਂ ਨੇ ਹੀ ਬੇਅਦਬੀਆਂ ਕਰਵਾਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੰਜਾਬ ਨਾਲ ਗਹਿਰਾ ਲਗਾਅ ਹੈ ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਸਹਿਣ ਨਹੀਂ ਕਰ ਸਕਦੀ।

ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਜ਼ਿਕਰ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ 33 ਫੀਸਦੀ ਮਹਿਲਾਵਾਂ ਨੂੰ ਰਾਖਵਾਂਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਘੋਸ਼ਣਾ ਪੱਤਰ ਤਿਆਰ ਕਰਨ ਲਈ ਸਾਬਕਾ ਵਿੱਤ ਮੰਤਰੀ ਸਮੇਤ ਸਮਝਦਾਰ ਆਗੂਆਂ ਦੀ ਮਦਦ ਲਈ ਗਈ ਜਿਨ੍ਹਾਂ ਨੇ ਦੇਸ਼ ਵਿਚ ਇਕ ਸਾਲ ਤੱਕ ਦੀ ਲੰਬੀ ਖੋਜ ਤੋਂ ਬਾਅਦ ਇਸ ਨੂੰ ਤਿਆਰ ਕੀਤਾ। ਇਸ ਪੱਤਰ ਵਿਚ ਗਰੀਬਾਂ ਨੂੰ ਇਨਸਾਫ ਦੇਣਾ, ਮੁਫਤ ਸਿਹਤ ਸੁਵਿਧਾਵਾਂ ਦੇਣਾ, ਮੁਫਤ 12ਵੀਂ ਤੱਕ ਸਿੱਖਿਆ ਦੇਣਾ, ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਤਿਆਰ ਕਰਨੇ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਜੀ. ਐੱਸ. ਟੀ. ਤੋਂ ਰਾਹਤ ਦੇਣਾ, ਕਿਸਾਨਾਂ ਦਾ ਅਲੱਗ ਤੋਂ ਬਜਟ ਬਣਾਉਣ ਆਦਿ ਸ਼ਾਮਲ ਕੀਤਾ ਗਿਆ ਹੈ।


rajwinder kaur

Content Editor

Related News