ਬਗਾਵਤ ਦੇ ਖ਼ਤਰੇ ਪਿੱਛੋਂ ਪੰਜਾਬ ਕਾਂਗਰਸ ਨੇ ‘ਆਪ’ ਨਾਲ ਕੀਤਾ ਗਠਜੋੜ ਦਾ ਖੁੱਲ੍ਹਾ ਵਿਰੋਧ
Thursday, Sep 07, 2023 - 11:19 AM (IST)
ਜਲੰਧਰ (ਨਰਿੰਦਰ ਮੋਹਨ)–ਪਾਰਟੀ ਵਿਚ ਵੱਡੀ ਬਗਾਵਤ ਦੇ ਖ਼ਤਰੇ ਤੋਂ ਬਾਅਦ ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਪ੍ਰਸਤਾਵਤ ਗਠਜੋੜ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ। ਚੰਡੀਗੜ੍ਹ ਵਿਚ ਪਾਰਟੀ ਦੇ ਬਲਾਕ, ਜ਼ਿਲ੍ਹਾ ਪੱਧਰ ਦੇ ਅਤੇ ਵੱਡੇ ਅਹੁਦੇਦਾਰਾਂ ਦੀ ਚੱਲ ਰਹੀ ਬੈਠਕ ਵਿਚ ਬਹੁਗਿਣਤੀ ਨੇਤਾਵਾਂ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਵਿਰੋਧ ਕੀਤਾ ਜਦੋਂਕਿ ਕੁਝ ਨੇ ਸਪਸ਼ਟ ਤੌਰ ’ਤੇ ਕਹਿ ਦਿੱਤਾ ਕਿ ਅਜਿਹੀ ਸਥਿਤੀ ਵਿਚ ਉਨ੍ਹਾਂ ਕੋਲ ਆਪਣੀ ਸਿਆਸਤ ਬਚਾਉਣ ਲਈ ਕਾਂਗਰਸ ਛੱਡ ਕੇ ਭਾਜਪਾ ਅਤੇ ਕਿਸੇ ਹੋਰ ਪਾਰਟੀ ਵਿਚ ਜਾਣ ਤੋਂ ਇਲਾਵਾ ਕੋਈ ਬਦਲ ਨਹੀਂ ਬਚੇਗਾ। ਬੈਠਕ ਵਿਚ ਨੇਤਾਵਾਂ ਦੀ ਗੱਲ ਪਾਰਟੀ ਹਾਈਕਮਾਨ ਕੋਲ ਰੱਖਣ ਲਈ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਧਿਕਾਰ ਦੇ ਦਿੱਤੇ ਗਏ ਹਨ, ਜੋ 16 ਸਤੰਬਰ ਨੂੰ ਹੈਦਰਾਬਾਦ ਵਿਚ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਸ ਗੰਭੀਰ ਮੁੱਦੇ ਤੋਂ ਪਾਰਟੀ ਹਾਈਕਮਾਨ ਨੂੰ ਜਾਣੂ ਕਰਵਾਉਣਗੇ।
ਬੇਸ਼ੱਕ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ਵਿਚ ਇਸ ਏਕਤਾ ਨੂੰ ਲੈ ਕੇ ਰਚਨਾਤਮਕ ਮਾਹੌਲ ਬਣ ਰਿਹਾ ਹੈ ਪਰ ਗਠਜੋੜ ਦੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਥਿਤੀ ਵਿਸਫੋਟਕ ਬਣਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਦਿੱਲੀ ਵਿਚ ਹੈ। ਉਸ ਦਾ ਮੁਕਾਬਲਾ ਵਿਰੋਧੀ ਪਾਰਟੀ ਵਜੋਂ ਕਾਂਗਰਸ ਪਾਰਟੀ ਨਾਲ ਹੀ ਰਿਹਾ ਹੈ। ਪੰਜਾਬ ’ਚ ਕਾਂਗਰਸ ਪਾਰਟੀ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਵਿਚ ਹੈ। ਅਜਿਹੀ ਸਥਿਤੀ ਵਿਚ ਜੇ ਇੰਡੀਆ ਗਠਜੋੜ ਤਹਿਤ ਸੀਟਾਂ ਦੀ ਵੰਡ ਹੁੰਦੀ ਹੈ ਤਾਂ ਇਹ ਸਥਿਤੀ ਕਾਂਗਰਸ ਲਈ ਜ਼ਿਆਦਾ ਖ਼ਤਰਨਾਕ ਹੋ ਸਕਦੀ ਹੈ। ਕਈ ਨਾਮੀ ਨੇਤਾਵਾਂ ਦੇ ਟਿਕਟ ਲੋਕ ਸਭਾ ਚੋਣਾਂ ਵਿਚ ਇਸ ਲਈ ਕਟ ਸਕਦੇ ਹਨ ਕਿ ਗਠਜੋੜ ਦੇ ਤਹਿਤ ਉਹ ਸੀਟਾਂ ਆਮ ਆਦਮੀ ਪਾਰਟੀ ਕੋਲ ਜਾ ਸਕਦੀਆਂ ਹਨ। ਹਾਲਾਂਕਿ ਕਾਂਗਰਸ ਦੇ ਕੁਝ ਨੇਤਾ ਇਸ ਗਠਜੋੜ ਦੇ ਪੱਖ ਵਿਚ ਵੀ ਹਨ ਪਰ ਜ਼ਿਆਦਾਤਰ ਨੇਤਾ ਇਸ ਗਠਜੋੜ ਦੇ ਵਿਰੋਧ ਵਿਚ ਹਨ। ਵਿਰੋਧ ਕਰਨ ਵਾਲੇ ਨੇਤਾਵਾਂ ਵਿਚ ਉਹ ਲੋਕ ਵੀ ਸ਼ਾਮਲ ਹਨ, ਜੋ ਵਿਜੀਲੈਂਸ ਦੀ ਜਾਂਚ ਵਿਚ ਹਵਾਲਾਤ ਜਾ ਚੁੱਕੇ ਹਨ ਜਾਂ ਵਿਜੀਲੈਂਸ ਦੀਆਂ ਪੇਸ਼ੀਆਂ ਭੁਗਤ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਗਠਜੋੜ ਨਾਲ ਉਨ੍ਹਾਂ ਦਾ ਸਿਆਸੀ ਕਰੀਅਰ ਚੌਪਟ ਹੋ ਜਾਵੇਗਾ।
ਇਹ ਵੀ ਪੜ੍ਹੋ- SHO ਨਵਦੀਪ ਸਿੰਘ ਨੂੰ ਡਿਸਮਿਸ ਕਰਨ ਮਗਰੋਂ ਜਸ਼ਨਬੀਰ ਦਾ ਕੀਤਾ ਗਿਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ
ਇਕ ਦਿਨ ਪਹਿਲਾਂ ਚੰਡੀਗੜ੍ਹ ਵਿਚ ਕਾਂਗਰਸ ਦੇ ਅਹੁਦੇਦਾਰਾਂ ਦੀ ਬੈਠਕ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਪ੍ਰਧਾਨਗੀ ’ਚ ਹੋਈ, ਜਿਸ ਵਿਚ ਵੱਖ-ਵੱਖ ਨੇਤਾਵਾਂ ਨੇ ਇਸ ਪ੍ਰਸਤਾਵਤ ਗਠਜੋੜ ਦੇ ਵਿਰੁੱਧ ਜੀਅ ਭਰ ਕੇ ਗੁਬਾਰ ਕੱਢਿਆ। ਇਕ ਸਾਬਕਾ ਮੰਤਰੀ ਨੇ ਤਾਂ ਸਪਸ਼ਟ ਕਹਿ ਦਿੱਤਾ ਕਿ ਜੇ ਗਠਜੋੜ ਦੀ ਸਥਿਤੀ ਬਣੀ ਤਾਂ ਉਨ੍ਹਾਂ ਕੋਲ ਕਾਂਗਰਸ ਛੱਡ ਕੇ ਭਾਜਪਾ ਵਿਚ ਜਾਣ ਤੋਂ ਇਲਾਵਾ ਕੋਈ ਬਦਲ ਨਹੀਂ ਬਚੇਗਾ। ਸਿਰਫ਼ ਇਹੀ ਨਹੀਂ, ਕੁਝ ਵਿਧਾਇਕ, ਕੁਝ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਅਨੇਕਾਂ ਅਹੁਦੇਦਾਰਾਂ ਦੀ ਇਹ ਰਾਏ ਸੀ ਕਿ ਇਸ ਵੇਲੇ ਕਾਂਗਰਸ ਪਾਰਟੀ ਵਿਰੋਧੀ ਧਿਰ ਦੇ ਰੂਪ ਵਿਚ ਸਭ ਤੋਂ ਵੱਡੀ ਪਾਰਟੀ ਹੈ ਜਦੋਂਕਿ ਪੰਜਾਬ ਵਿਚ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਹੋਰ ਪਾਰਟੀਆਂ ਅਜੇ ਕਮਜ਼ੋਰ ਹਾਲਤ ਵਿਚ ਹਨ। ਅਜਿਹੀ ਸਥਿਤੀ ’ਚ ਗਠਜੋੜ ਦਾ ਫ਼ੈਸਲਾ ਪਾਰਟੀ ਲਈ ਘਾਤਕ ਹੋ ਸਕਦਾ ਹੈ। ਕਾਂਗਰਸ ਦੇ ਅਹੁਦੇਦਾਰਾਂ ਦਾ ਇਹ ਵੀ ਕਹਿਣਾ ਸੀ ਕਿ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਪ੍ਰਸਤਾਵਤ ਗਠਜੋੜ ਨੂੰ ਲੈ ਕੇ ਕਿਸ ਮੂੰਹ ਨਾਲ ਲੋਕਾਂ ਕੋਲ ਵੋਟ ਮੰਗਣ ਜਾਵੇਗੀ।
ਜਾਣਕਾਰੀ ਮੁਤਾਬਕ ਬੈਠਕ ਵਿਚ ਨੇਤਾਵਾਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਸੂਬਾ ਕਾਂਗਰਸ ਪ੍ਰਧਾਨ ਜਾਂ ਤਾਂ ਸਥਿਤੀ ਸਪਸ਼ਟ ਕਰਨ, ਨੇਤਾਵਾਂ ਦੀ ਅਵਾਜ਼ ਪਾਰਟੀ ਹਾਈਕਮਾਨ ਕੋਲ ਪਹੁੰਚਾਉਣ ਦਾ ਵਾਅਦਾ ਕਰਨ ਅਤੇ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਗੱਲ ਨੂੰ ਸਪਸ਼ਟ ਕਰਨ ਕਿ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਚੋਣ ਗਠਜੋੜ ਅਤੇ ਸੀਟਾਂ ਦੀ ਵੰਡ ਨਹੀਂ ਹੈ, ਨਹੀਂ ਤਾਂ ਉਹ ਖ਼ੁਦ ਪ੍ਰੈੱਸ ਕਾਨਫ਼ਰੰਸ ਕਰਕੇ ਸਾਰੀ ਗੱਲ ਮੀਡੀਆ ਸਾਹਮਣੇ ਰੱਖ ਦੇਣਗੇ। ਇਸ ਖ਼ਤਰੇ ਨੂੰ ਵੇਖਦੇ ਹੋਏ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਗੱਲ ਨੂੰ ਸਪਸ਼ਟ ਵੀ ਕੀਤਾ।
ਇਹ ਵੀ ਪੜ੍ਹੋ- ਕੋਰੋਨਾ ਦੇ ਪਿਰੋਲਾ ਵੇਰੀਐਂਟ ਕਾਰਨ ਕਈ ਦੇਸ਼ਾਂ ’ਚ ਦਹਿਸ਼ਤ, ਭਾਰਤ ’ਚ ਚੌਕਸੀ ਵਰਤਣ ਦੇ ਹੁਕਮ ਜਾਰੀ
ਜਾਣਕਾਰੀ ਮੁਤਾਬਕ ਕਾਂਗਰਸ ਦੇ ਨੇਤਾਵਾਂ ਨੇ ਪਾਰਟੀ ਹਾਈਕਮਾਨ ਨੂੰ ਪੰਜਾਬ ਦੇ ਫ਼ੈਸਲੇ ਤੋਂ ਜਾਣੂ ਕਰਵਾਉਣ ਲਈ ਸੂਬਾ ਪ੍ਰਧਾਨ ਨੂੰ ਸਾਰੇ ਅਧਿਕਾਰ ਦਿੱਤੇ ਹਨ ਅਤੇ ਸੂਬਾ ਪ੍ਰਧਾਨ 16 ਸਤੰਬਰ ਨੂੰ ਹੈਦਰਾਬਾਦ ਵਿਚ ਹੋ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਸ ਗੱਲ ਨੂੰ ਪਾਰਟੀ ਹਾਈਕਮਾਨ ਦੇ ਸਾਹਮਣੇ ਰੱਖਣਗੇ। ਗਠਜੋੜ ਦੇ ਮਾਮਲੇ ਵਿਚ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਪਾਰਟੀ ਹਾਈਕਮਾਨ ਵੀ ਗਠਜੋੜ ਦਾ ਫ਼ੈਸਲਾ ਨਹੀਂ ਕਰੇਗੀ। ਉਨ੍ਹਾਂ ਦੀ ਦਲੀਲ ਸੀ ਕਿ ਗਠਜੋੜ ਦਾ ਮਤਲਬ ਚੋਣਾਂ ਤੋਂ ਬਾਅਦ ਵੇਖਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਹਾਈਕਮਾਨ ਨੇ ਪੰਜਾਬ ਵਿਚ ਗਠਜੋੜ ਨੂੰ ਲੈ ਕੇ ਕੋਈ ਸੂਚਨਾ ਨਹੀਂ ਦਿੱਤੀ ਅਤੇ ਪੰਜਾਬ ਕਾਂਗਰਸ ਨੂੰ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਲੋਕ ਸਭਾ ਚੋਣਾਂ ਲਈ ਤਿਆਰੀ ਕਰਨ ਵਾਸਤੇ ਕਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਆ ਰਹੇ ਬਿਜਲੀ ਦੇ ਜ਼ੀਰੋ ਬਿੱਲਾਂ ਸਬੰਧੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ