ਟਕਸਾਲੀ ਅਕਾਲੀ ਪਰਿਵਾਰ ਨੇ ਫੜ੍ਹਿਆ ਕਾਂਗਰਸੀ ਵਿਧਾਇਕ ਆਵਲਾ ਦਾ ਹੱਥ

01/27/2020 1:23:02 PM

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ, ਨਿਖੰਜ) - ਪੰਜਾਬ ਸੂਬੇ ਅੰਦਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਦਿੱਗਜ ਲੀਡਰ ਟੁੱਟ ਰਹੇ ਹਨ, ਉਥੇ ਜਲਾਲਾਬਾਦ ਹਲਕੇ ਅੰਦਰ ਵੀ ਅਕਾਲੀ ਸਮਰਥਕ ਪਰਿਵਾਰਾਂ ਦਾ ਕਾਂਗਰਸ ਦੀ ਬੇੜੀ 'ਚ ਸਵਾਰ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਸਮਰਥਕ ਪਰਿਵਾਰ ਰਾਮ ਲੁਭਾਇਆ ਛਾਬੜਾ ਦਰਜਨਾਂ ਸਮਰਥਕਾਂ ਨਾਲ ਵਿਧਾਇਕ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਇਸ ਮੌਕੇ ਰਾਮ ਲੁਭਾਇਆ ਛਾਬੜਾ ਦੇ ਪੁੱਤਰ ਕਪਤਾਨ ਛਾਬੜਾ, ਰਾਜੀਵ ਛਾਬੜਾ, ਵੰਸ਼ ਛਾਬੜਾ ਨੇ ਵਿਧਾਇਕ ਆਵਲਾ ਅਤੇ ਸੁਖਬੀਰ ਸਿੰਘ ਆਵਲਾ ਨੂੰ ਬੁੱਕੇ ਭੇਟ ਕਰਦੇ ਹੋਏ ਸਨਮਾਨਿਤ ਕੀਤਾ। ਇਸ ਮੌਕੇ ਜਰਨੈਲ ਸਿੰਘ ਮੁਖੀਜਾ, ਜੋਨੀ ਆਵਲਾ, ਅਨਿਲਦੀਪ ਸਿੰਘ ਨਾਗਪਾਲ, ਪ੍ਰੇਮ ਸਰਪੰਚ, ਰਾਜ ਬਖਸ਼ ਕੰਬੋਜ ਆਦਿ ਮੌਜੂਦ ਸਨ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਪਤਾਨ ਛਾਬੜਾ ਨੇ ਕਿਹਾ ਕਿ ਅਸੀਂ 25 ਸਾਲ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ ਪਰ ਸੁਖਬੀਰ ਬਾਦਲ ਆਮ ਲੋਕਾਂ ਨੂੰ ਕਦੇ ਨਹੀਂ ਮਿਲਦੇ। ਉਹ ਸਿਰਫ ਕੁਝ ਚਹੇਤਿਆਂ ਦੇ ਦਾਇਰੇ 'ਚ ਘਿਰੇ ਹੋਏ ਸਨ ਪਰ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਂਦਵਾਰ ਰਮਿੰਦਰ ਆਵਲਾ ਨੇ ਲੋਕਾਂ ਨਾਲ ਤਾਲਮੇਲ ਬਣਾ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦਾ ਆਮ ਜਨਤਾ 'ਚ ਵਿਚਰਣਾ ਤੇ ਲੋਕਾਂ ਦੇ ਦੁੱਖ-ਸੁੱਖ 'ਚ ਸਹਾਈ ਹੋਣਾ ਅਹਿਮ ਗੱਲ ਹੈ। ਇਸ ਮੌਕੇ ਵਿਧਾਇਕ ਆਵਲਾ ਨੇ ਜਿੱਥੇ ਰਾਮ ਲੁਭਾਇਆ ਛਾਬੜਾ ਪਰਿਵਾਰ ਦਾ ਧੰਨਵਾਦ ਕੀਤਾ, ਉਥੇ ਹੀ ਕਿਹਾ ਕਿ ਅਕਸਰ ਲੋਕ ਚੋਣਾਂ ਸਮੇਂ ਵਾਧਾ ਘਾਟਾ ਹੁੰਦਾ ਵੇਖਦੇ ਹੀ ਹਨ। ਜ਼ਿਮਨੀ ਚੋਣ ਮਗਰੋਂ ਜਲਾਲਾਬਾਦ ਹਲਕੇ ਤੋਂ ਮਿਲ ਰਹੇ ਪਿਆਰ ਸਦਕਾ ਹੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਸਾਡੇ ਨਾਲ ਜੁੜ ਰਹੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਉਕਤ ਲੋਕਾਂ ਨੂੰ ਅਕਾਲੀ ਦਲ ਨਾਲੋਂ ਜਿਆਦਾ ਮਾਣ ਸਤਿਕਾਰ ਦੇਵੇਗੀ ਤਾਂਕਿ 2022 ਦੀਆਂ ਚੋਣਾਂ 'ਚ ਕਾਂਗਰਸ ਵੱਡੇ ਅੰਤਰ ਨਾਲ ਜਲਾਲਾਬਾਦ ਤੋਂ ਜਿੱਤ ਹਾਸਲ ਕਰ ਸਕੇ। ਇਸ ਤੋਂ  ਇਲਾਵਾ ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਭਵਿੱਖ 'ਚ ਜੋ ਵੀ ਸਰਕਾਰ ਸਕੀਮਾਂ ਸ਼ੁਰੂ ਕਰੇਗੀ, ਉਸਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
 


rajwinder kaur

Content Editor

Related News