ਕਾਂਗਰਸ 'ਚੋਂ ਬਾਹਰ ਹੋਣਗੇ ਨਵਜੋਤ ਸਿੰਘ ਸਿੱਧੂ! ਪਾਰਟੀ 'ਚ ਛਿੜੇ ਬਗਾਵਤੀ ਸੁਰ
Wednesday, Dec 20, 2023 - 10:37 PM (IST)
ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਚੱਲ ਰਹੇ ਵਿਵਾਦਾਂ ਕਾਰਨ ਪਾਰਟੀ ਦੇ ਕਈ ਆਗੂ ਸਿੱਧੂ ਦੇ ਖ਼ਿਲਾਫ਼ ਹੋ ਗਏ ਹਨ। ਉਨ੍ਹਾਂ ਸਿੱਧੂ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਹਾਈਕਮਾਨ ਸਿੱਧੂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਵੇ।
ਇਸ ਮਾਮਲੇ 'ਚ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ '' ਰਾਜਨੀਤਿਕ ਮਸਲਿਆਂ ਨੂੰ ਨਿਪਟਾਉਣ ਦੇ ਮਾਮਲੇ 'ਚ ਸਿੱਧੂ ਦੀ ਅਨੁਸ਼ਾਸਨਹੀਨਤਾ ਆਮ ਤੌਰ 'ਤੇ ਕਾਂਗਰਸ ਪਾਰਟੀ ਦੇ ਹਿੱਤਾਂ ਦੇ ਖ਼ਿਲਾਫ਼ ਹੀ ਜਾਂਦੀ ਹੈ। ਇਹ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਨੇ ਸਾਲ 2017 ਦੀਆਂ ਚੋਣਾਂ ਦੌਰਾਨ 78 ਸੀਟਾਂ ਜਿੱਤੀਆਂ ਸਨ, ਜਦਕਿ ਉਨ੍ਹਾਂ ਦੀ ਅਗਵਾਈ ਵੇਲੇ 2022 ਦੀਆਂ ਚੋਣਾਂ 'ਚ ਕਾਂਗਰਸ ਸਿਰਫ਼ 18 ਸੀਟਾਂ 'ਤੇ ਹੀ ਕਾਮਯਾਬ ਹੋ ਸਕੀ।''
ਨਕੋਦਰ ਤੋਂ ਸਾਬਕਾ ਵਿਧਾਇਕ ਨਵਜੋਤ ਸਿੰਘ ਦਹੀਆ ਨੇ ਕਿਹਾ ''ਨਵਜੋਤ ਸਿੱਧੂ ਦਾ ਕਾਂਗਰਸ ਦੇ ਸਮੂਹਿਕ ਰੁਖ਼ ਦੇ ਖ਼ਿਲਾਫ਼ ਹੋਣਾ ਕਾਫ਼ੀ ਦੇਰ ਤੋਂ ਚੱਲਦਾ ਰਿਹਾ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਇਹ ਸਪੱਸ਼ਟ ਹੈ ਕਿ ਉਹ ਟੀਮ ਦੇ ਖਿਡਾਰੀ ਵਜੋਂ ਕੰਮ ਨਹੀਂ ਕਰਦੇ, ਸਗੋਂ ਉਨ੍ਹਾਂ ਦੇ ਕੰਮ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਫਿੱਕਾ ਪਾ ਦਿੰਦੇ ਹਨ।''
ਇਸ ਬਾਰੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ''ਸਿੱਧੂ ਸਾਹਿਬ ਅੱਜ ਤੱਕ ਆਪਣੀ ਪ੍ਰਸ਼ੰਸਾ 'ਤੇ ਹੀ ਕੇਂਦ੍ਰਿਤ ਹਨ। ਉਨ੍ਹਾਂ ਕਦੇ ਵੀ ਪਾਰਟੀ ਦੇ ਏਜੰਡੇ ਦਾ ਸਮਰਥਨ ਨਹੀਂ ਕੀਤਾ। ਇਹ ਅਜਿਹਾ ਮਾਮਲਾ ਹੈ, ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ। ਉਹ ਪਾਰਟੀ ਪ੍ਰਧਾਨ ਹੋਣ 'ਤੇ ਵੀ ਪਾਰਟੀ ਦੀ ਕੋਈ ਮਦਦ ਨਹੀਂ ਕਰ ਸਕੇ ਅਤੇ ਹੁਣ ਵੀ ਟੀਮ ਦੇ ਇਕ ਖਿਡਾਰੀ ਵਜੋਂ ਪ੍ਰਦਰਸ਼ਨ ਕਰਨ 'ਚ ਅਸਮਰੱਥ ਹਨ।''
ਇਸ ਮੌਕੇ ਲਖਬੀਰ ਸਿੰਘ ਲੱਖਾ, ਦਵਿੰਦਰ ਸਿੰਘ ਘੁਬਾਇਆ, ਖੁਸ਼ਬਾਜ਼ ਸਿੰਘ ਜੱਟਾਣਾ, ਅਮਿਤ ਵਿਜ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8