ਸੁਖਬੀਰ ਨੇ ਮਨਪ੍ਰੀਤ ਬਾਦਲ 'ਤੇ ਕੱਸੇ ਵਿਅੰਗ ਕਿਹਾ, ਮਨਪ੍ਰੀਤ ਦੀ ਕਹਿਣੀ ਤੇ ਕਰਨੀ 'ਚ ਅੰਤਰ
Friday, Sep 08, 2017 - 02:20 PM (IST)
ਚੰਡੀਗੜ੍ਹ — ਕਾਂਗਰਸ ਸਰਕਾਰ ਸੂਬੇ 'ਚ ਛੇ ਮਹੀਨੇ ਦਾ ਕਾਰਜਕਾਲ ਪੂਰਾ ਕਰ ਚੁੱਕੀ ਹੈ, ਜਿਸ ਦੇ ਤਹਿਤ ਅਕਾਲੀ ਦਲ ਨੇ ਕੈਪਟਨ ਸਰਕਾਰ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਹਰ ਫਰੰਟ 'ਤੇ ਫੇਲ ਹੋਈ ਸਰਕਾਰ ਘੋਸ਼ਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ 'ਚ ਜਿੰਨੇ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ। ਉਨ੍ਹਾਂ ਤੋਂ ਉਲਟ ਹੀ ਕੰਮ ਕੀਤੇ ਹਨ, ਕਿਸਾਨਾਂ ਦਾ ਕਰਜ਼ ਮੁਆਫ ਕਰਨ ਦੀ ਬਜਾਏ ਉਨ੍ਹਾਂ ਦੀਆਂ ਮੁਸ਼ਕਲਾਂ 'ਚ ਵਾਧਾ ਕੀਤਾ ਹੈ। ਇੰਡਸਟਰੀ ਨੂੰ ਬਹਾਲ ਕਰਨ ਦਾ ਰਾਗ ਅਲਾਪ ਰਹੀ ਕਾਂਗਰਸ ਸਰਕਾਰ ਨੇ ਬਿਜਲੀ ਦਰਾਂ 'ਚ ਕਟੌਤੀ ਕਰਨ ਦਾ ਵਾਅਦਾ ਤਾਂ ਕਰ ਦਿੱਤਾ ਪਰ ਬਿਜਲੀ ਦਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ। ਇਹ ਹੀ ਨਹੀਂ ਅਕਾਲੀ ਸਰਕਾਰ ਵਲੋਂ ਜਾਰੀ ਕੀਤੀਆਂ ਭਲਾਈ ਸਕੀਮਾਂ ਤਕ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਸਪਸ਼ੱਟ ਕਿਹਾ ਕਿ ਵਿਰੋਧੀ ਧਿਰ ਵਜੋਂ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹਨ ਤੇ ਉਹ ਪਰਚਿਆਂ ਦੀ ਪਰਵਾਹ ਨਹੀਂ ਕਰਦੇ।
ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਵੀ ਤਿੱਖੇ ਵਿਅੰਗ ਕੱਸਦੇ ਹੋਏ ਕਿਹਾ ਕਿ ਜਿਸ ਵਿਅਕਤੀ ਨੂੰ ਫਾਈਨੈਂਸ ਸੰਬੰਧੀ ਕੋਈ ਜਾਣਕਾਰੀ ਨਹੀਂ ਉਹ ਵਿਅਕਤੀ ਇਸ ਸਮੇਂ ਪੰਜਾਬ ਦਾ ਫਾਈਨੈਂਸ ਡਿਪਾਰਟਮੈਂਟ ਸੰਭਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨਕਾਰਾਤਮਕ ਵਿਚਾਰਾਂ ਦੇ ਮਾਲਕ ਹਨ ਤੇ ਉਨ੍ਹਾਂ ਦੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੈ ਤੇ ਪੰਜਾਬ ਦੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਇਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
