ਬਲਵੰਤ ਸ਼ੇਰਗਿਲ ਕਤਲ ਕੇਸ: ਸੂਰੀ ਵਿਦੇਸ਼ ਨਾ ਭੱਜੇ ਇਸ ਲਈ ਇਮੀਗ੍ਰੇਸ਼ਨ ਚੈੱਕ ਪੋਸਟ ''ਤੇ ਭੇਜਿਆ ਅਲਰਟ

07/29/2018 10:49:07 AM

ਜਲੰਧਰ (ਵਰੁਣ)— ਸੂਰੀ ਗੰਨ ਹਾਊਸ ਦਾ ਮਾਲਕ ਪਰਵਿੰਦਰ ਸੂਰੀ ਵਿਦੇਸ਼ ਨਾ ਭੱਜ ਜਾਵੇ ਇਸ ਲਈ ਪੁਲਸ ਨੇ ਇਮੀਗ੍ਰੇਸ਼ਨ ਚੈੱਕ ਪੋਸਟ 'ਤੇ ਅਲਰਟ ਭੇਜ ਦਿੱਤਾ ਹੈ। ਪੁਲਸ ਦੇ ਹੱਥ ਸੂਰੀ ਦਾ ਪਾਸਪੋਰਟ ਤਾਂ ਨਹੀਂ ਲੱਗਾ ਪਰ ਪਾਸਪੋਰਟ ਦਫਤਰ ਜਾ ਕੇ ਪੁਲਸ ਨੇ ਸੂਰੀ ਦੇ ਪਾਸਪੋਰਟ ਦੀ ਸਾਰੀ ਡਿਟੇਲ ਕੱਢਵਾ ਕੇ ਇਹ ਕਾਰਵਾਈ ਕੀਤੀ। ਵੀਰਵਾਰ ਤੱਕ ਜੇਕਰ ਸੂਰੀ ਭਾਰਤ 'ਚ ਹੀ ਸੀ ਤਾਂ ਹੁਣ ਉਹ ਵਿਦੇਸ਼ ਨਹੀਂ ਜਾ ਸਕਦਾ। ਹਾਲਾਂਕਿ ਹੁਣ ਤੱਕ ਪੁਲਸ ਸੂਰੀ ਦਾ ਐੱਲ. ਓ. ਸੀ. ਨੋਟਿਸ ਜਾਰੀ ਨਹੀਂ ਕਰ ਸਕੀ।
ਪੁਲਸ ਦਾ ਕਹਿਣਾ ਹੈ ਕਿ ਐੱਲ. ਓ. ਸੀ. ਨੋਟਿਸ ਜਾਰੀ ਕਰਨ ਤੋਂ ਪਹਿਲਾਂ ਕਾਫੀ ਪ੍ਰੋਸੈੱਸ ਹੈ, ਜਿਸ ਕਾਰਨ ਉਨ੍ਹਾਂ ਨੇ ਇਮੀਗ੍ਰੇਸ਼ਨ ਚੈੱਕ ਪੋਸਟ 'ਤੇ ਅਲਰਟ ਭੇਜ ਦਿੱਤਾ। ਜਲਦੀ ਹੀ ਐੱਲ. ਓ. ਸੀ. ਨੋਟਿਸ ਵੀ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਦਾ ਪਾਸਪੋਰਟ ਨਹੀਂ ਮਿਲ ਸਕਿਆ ਹੈ। ਓਧਰ ਸ਼ੁੱਕਰਵਾਰ ਦੇਰ ਰਾਤ ਕਰੀਬ ਢਾਈ ਵਜੇ ਪੁਲਸ ਨੇ ਸੂਰੀ ਦੀ ਤਲਾਸ਼ 'ਚ ਛੋਟੀ ਬਾਰਾਦਰੀ ਰਹਿੰਦੇ ਉਸ ਦੇ ਸਹੁਰੇ ਪਰਿਵਾਰ ਦੇ ਘਰ ਛਾਪੇਮਾਰੀ ਕੀਤੀ ਪਰ ਸੂਰੀ ਦਾ ਕੁਝ ਪਤਾ ਨਹੀਂ ਲੱਗ ਸਕਿਆ।
ਥਾਣਾ ਨੰ. 4 ਦੇ ਮੁਖੀ ਸੁਖਦੇਵ ਸਿੰਘ ਨੇ ਕਿਹਾ ਕਿ ਸਹੁਰਾ ਪਰਿਵਾਰ ਵੀ ਘਰ ਵਿਚ ਨਹੀਂ ਸੀ। ਸੂਰੀ ਹੁਣ ਸਹੁਰੇ ਵਾਲਿਆਂ ਨਾਲ ਹੈ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। 5 ਦਿਨ ਬੀਤ ਜਾਣ ਬਾਅਦ ਵੀ ਸੂਰੀ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇਸ ਤੋਂ ਪਹਿਲਾਂ ਪੁਲਸ ਪਰਵਿੰਦਰ ਸੂਰੀ ਦੇ ਕਈ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰਾਂ ਵਿਚ ਛਾਪੇਮਾਰੀ ਕਰ ਚੁੱਕੀ ਹੈ ਪਰ ਸੂਰੀ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪੁਲਸ ਦੀ ਨਜ਼ਰ ਸੂਰੀ ਦੇ ਕਰੀਬੀ ਦੋਸਤਾਂ 'ਤੇ ਵੀ ਹੈ।
ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਸੂਰੀ ਦੇ ਕੁਝ ਨਜ਼ਦੀਕੀ ਦੋਸਤਾਂ ਤੋਂ ਸੂਰੀ ਬਾਰੇ ਕੁਝ ਸੁਰਾਗ ਲੈਣ ਲਈ ਥਾਣੇ ਵੀ ਬੁਲਾਇਆ ਪਰ ਉਨ੍ਹਾਂ ਨੇ ਸੂਰੀ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਥਾਣਾ ਮੁਖੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਸੂਰੀ ਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੇ ਹਨ। ਕਿਤੋਂ ਵੀ ਕੋਈ ਜਾਣਕਾਰੀ ਆਉਂਦੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਗੰਭੀਰਤਾ ਨਾਲ ਸੂਰੀ ਦੀ ਤਲਾਸ਼ ਕਰ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਬੀਤੇ ਮੰਗਲਵਾਰ ਨੂੰ ਕਾਂਗਰਸੀ ਆਗੂ ਬਲਵੰਤ ਸਿੰਘ ਸ਼ੇਰਗਿਲ ਵਿਦੇਸ਼ ਜਾਣ ਤੋਂ ਪਹਿਲਾਂ ਆਪਣਾ ਵੈਪਨ ਵੇਚਣ ਲਈ ਗੰਨ ਹਾਊਸ ਵਿਚ ਆਏ ਸਨ। ਜਿਵੇਂ ਹੀ ਗੰਨ ਹਾਊਸ ਦੇ ਮਾਲਕ ਪਰਵਿੰਦਰ ਸੂਰੀ ਨੇ ਵੈਪਨ ਚੈੱਕ ਕਰਨਾ ਚਾਹਿਆ ਤਾਂ ਉਸ ਵਿਚੋਂ ਫਾਇਰ ਹੋ ਗਿਆ। ਗੋਲੀ ਸ਼ੇਰਗਿੱਲ ਦੇ ਨੱਕ ਨੂੰ ਚੀਰਦੀ ਹੋਈ ਉਨ੍ਹਾਂ ਦੇ ਦਿਮਾਗ ਵਿਚ ਦਾਖਲ ਹੋ ਗਈ ਅਤੇ ਬਾਅਦ ਵਿਚ ਖੋਪੜੀ ਨਾਲ ਟਕਰਾਉਣ ਤੋਂ ਬਾਅਦ ਖੋਪੜੀ ਦੇ ਦੋ ਟੁਕੜੇ ਹੋ ਗਏ। ਮੌਕੇ 'ਤੇ ਹੀ ਸ਼ੇਰਗਿੱਲ ਦੀ ਮੌਤ ਹੋ ਗਈ। ਪੁਲਸ ਨੇ ਪਰਵਿੰਦਰ ਸੂਰੀ ਖਿਲਾਫ ਕੇਸ ਦਰਜ ਕਰ ਲਿਆ ਪਰ ਉਹ ਕੁਝ ਸਮੇਂ ਬਾਅਦ ਫਰਾਰ ਹੋ ਗਿਆ ਸੀ।
ਵਿਦੇਸ਼ ਭੱਜਣ ਦਾ ਵੀ ਸ਼ੱਕ
ਇਸ ਮਾਮਲੇ ਵਿਚ ਜੇਕਰ ਪੁਲਸ ਤੁਰੰਤ ਐਕਸ਼ਨ ਲੈਂਦੀ ਤਾਂ ਪੁਲਸ ਨੂੰ ਸ਼ੱਕ ਨਾ ਰਹਿੰਦਾ ਕਿ ਸੂਰੀ ਵਿਦੇਸ਼ ਭੱਜ ਗਿਆ ਹੈ ਜਾਂ ਨਹੀਂ। ਪੁਲਸ ਨੇ ਇਮੀਗ੍ਰੇਸ਼ਨ ਚੈੱਕ ਪੋਸਟ 'ਤੇ ਅਲਰਟ ਭੇਜਿਆ ਹੈ। ਐੱਲ. ਓ. ਸੀ. ਨੋਟਿਸ ਵੀ ਜਾਰੀ ਨਹੀਂ ਹੋਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਵਿੰਦਰ ਸੂਰੀ ਦਾ ਪਾਸਪੋਰਟ ਵੀ ਪੁਲਸ ਦੇ ਹੱਥ ਨਹੀਂ ਲੱਗਾ। ਜੇਕਰ ਸੂਰੀ ਵੀਰਵਾਰ ਤੋਂ ਪਹਿਲਾਂ ਵਿਦੇਸ਼ ਭੱਜ ਗਿਆ ਹੈ ਤਾਂ ਪੁਲਸ ਦੀ ਇਸ ਕੇਸ ਵਿਚ ਕਾਫੀ ਕਿਰਕਿਰੀ ਹੋਵੇਗੀ।
ਪਰਿਵਾਰ ਨਾਲ ਸਿੰਗਾਪੁਰ ਹੋ ਕੇ ਆਇਆ ਸੀ ਸੂਰੀ 
ਪਰਵਿੰਦਰ ਸੂਰੀ ਪਰਿਵਾਰ ਨਾਲ ਸਿੰਗਾਪੁਰ ਹੋ ਕੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਜੂਨ ਮਹੀਨੇ ਵਿਚ ਉਹ ਛੁੱਟੀਆਂ ਬਿਤਾਉਣ ਸਿੰਗਾਪੁਰ ਗਿਆ ਸੀ। ਸੂਰੀ ਨੇ ਆਪਣੇ ਫੇਸਬੁੱਕ ਅਕਾਊਂਟ ਵਿਚ ਪਰਿਵਾਰ ਨਾਲ ਸਿੰਗਾਪੁਰ ਦੀਆਂ ਕਾਫੀ ਫੋਟੋਆਂ ਸ਼ੇਅਰ ਕਰਕੇ ਰੱਖੀਆਂ ਹਨ।


Related News