ਤਲਵੰਡੀ ਸਾਬੋ 'ਚ ਕਾਂਗਰਸ ਦੀ ਜਨਸਭਾ ’ਚ ਚੱਲੀ ਗੋਲੀ, 2 ਵਿਅਕਤੀ ਹੋਏ ਜ਼ਖ਼ਮੀ
Thursday, Sep 02, 2021 - 05:40 PM (IST)
 
            
            ਤਲਵੰਡੀ ਸਾਬੋ (ਮੁਨੀਸ਼)-ਕਾਂਗਰਸ ਦੇ ਜ਼ਿਲ੍ਹਾ ਬਠਿੰਡਾ (ਦਿਹਾਤੀ) ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਕਾਂਗਰਸ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਸਥਾਨਕ ਨਗਰ ਅੰਦਰ ਕੀਤੀ ਜਾ ਰਹੀ ਜਨਸਭਾ ਦੌਰਾਨ ਗੋਲੀ ਚੱਲਣ ਨਾਲ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉੱਧਰ ਤਲਵੰਡੀ ਸਾਬੋ ਪੁਲਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਜਾਂਚ ਸ਼ੁਰੂ ਕਰ ਦੇਣ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਪਿਛਲੇ ਦਿਨਾਂ ਤੋਂ ਹਲਕੇ ਦੇ ਆਰੰਭੇ ਦੌਰੇ ਦੀ ਲੜੀ ਤਹਿਤ ਤਲਵੰਡੀ ਸਾਬੋ ਦੇ ਕਾਂਗਰਸੀ ਆਗੂਆਂ ਵੱਲੋਂ ਸਥਾਨਕ ਧਰਮਸ਼ਾਲਾ ’ਚ ਇੱਕ ਇਕੱਤਰਤਾ ਰੱਖੀ ਗਈ ਸੀ, ਜਿਸ ’ਚ ਕਾਂਗਰਸੀ ਵਰਕਰਾਂ ਤੋਂ ਇਲਾਵਾ ਸ਼ਹਿਰ ਵਾਸੀ ਵੀ ਮੌਜੂਦ ਸਨ।

ਜਟਾਣਾ ਦੇ ਪੁੱਜਣ ਤੋਂ ਬਾਅਦ ਜਨਸਭਾ ’ਚ ਉਦੋਂ ਸਨਸਨੀ ਫ਼ੈਲ ਗਈ, ਜਦੋਂ ਅਚਾਨਕ ਗੋਲੀ ਚੱਲ ਗਈ ਅਤੇ ਜਨਸਭਾ ’ਚ ਹਾਜ਼ਰ ਦੋ ਵਿਅਕਤੀਆਂ ਦੇ ਲੱਗ ਗਈ। ਜ਼ਖ਼ਮੀਆਂ ’ਚੋਂ ਇਕ ਨੂੰ ਤੁਰੰਤ ਸਿਵਲ ਹਸਪਤਾਲ ਤਲਵੰਡੀ ਸਾਬੋ ਅਤੇ ਇੱਕ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੋਂ ਇੱਕ ਵਿਅਕਤੀ ਨੂੰ ਅੱਗੇ ਗੰਭੀਰ ਹਾਲਤ ਦੇ ਚਲਦਿਆਂ ਬਠਿੰਡਾ ਰੈਫਰ ਕੀਤੇ ਜਾਣ ਦੀ ਸੂਚਨਾ ਹੈ। ਗੋਲੀ ਕਿਸ ਦੀ ਬੰਦੂਕ ’ਚੋਂ ਚੱਲੀ, ਇਸ ਦੀ ਪੁਸ਼ਟੀ ਅਜੇ ਪੁਲਸ ਨੇ ਨਹੀ ਕੀਤੀ ਪਰ ਅੱਖੀਂ ਦੇਖਣ ਵਾਲਿਆਂ ਅਨੁਸਾਰ ਗੋਲੀ ਸ਼ਹਿਰ ਦੇ ਹੀ ਇੱਕ ਕਾਂਗਰਸੀ ਆਗੂ ਦੇ ਨਿੱਜੀ ਗੰਨਮੈਨ ਦੀ ਬੰਦੂਕ ’ਚੋਂ ਚੱਲੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਤਲਵੰਡੀ ਸਾਬੋ ਪੁਲਸ ਭਾਵੇਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਰ ਰਹੀ ਹੈ ਪਰ ਡੀ. ਐੱਸ. ਪੀ. ਤਲਵੰਡੀ ਸਾਬੋ ਜਸਮੀਤ ਸਿੰਘ ਨੇ ਸਮੁੱਚੀ ਘਟਨਾ ਨੂੰ ਦੁਰਘਟਨਾਵੱਸ ਗ਼ਲਤੀ ਨਾਲ ਵਾਪਰੀ ਕਰਾਰ ਦਿੰਦਿਆਂ ਕਿਹਾ ਕਿ ਘਟਨਾ ਨਾਲ ਦੋ ਲੋਕ ਮਾਮੂਲੀ ਜ਼ਖ਼ਮੀ ਹੋਏ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            