ਕਾਂਗਰਸ ਨੇ ਗੋਡੇ ਟੇਕੇ, ਪਰ ਪੰਜਾਬੀਆਂ ਨੇ ਨਹੀਂ, ਭਾਜਪਾ ਕਦੇ ਪੰਜਾਬੀਆਂ ਨੂੰ ਅਜਿਹਾ ਨਹੀਂ ਕਰਨ ਦੇਵੇਗੀ: ਜਾਖੜ

08/08/2023 6:27:02 PM

ਅੰਮ੍ਰਿਤਸਰ (ਕਮਲ) - ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੜ੍ਹਾਂ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਹਾਲਾਤ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੂੰ ਬਹੁਮਤ ਦੇ ਕੇ ਪੰਜਾਬ ਦੀ ਸੱਤਾ ਦੀ ਕਮਾਨ ਦਿੱਤੀ ਹੈ, ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਅਤੇ ਪੰਜਾਬ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨ ’ਤੇ ਸਵਾਲ ਉਠਾਉਂਦੇ ਹੋਏ ਜਾਖੜ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਦੇ ਹੋਏ ਨੁਕਸਾਨ ਲਈ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹਨ, ਕਿਉਂਕਿ ਉਨ੍ਹਾਂ ਵੱਲੋਂ ਸਮੇਂ ਸਿਰ ਕੋਈ ਪ੍ਰਬੰਧ ਨਹੀਂ ਕੀਤੇ ਗਏ। 

ਇਹ ਵੀ ਪੜ੍ਹੋ : ਚੌਲਾਂ ਤੋਂ ਬਾਅਦ ਖੰਡ ਵਿਗਾੜੇਗੀ ਦੁਨੀਆ ਦਾ ਸੁਆਦ, ਭਾਰਤ ਲੈ ਸਕਦਾ ਹੈ ਵੱਡਾ ਫ਼ੈਸਲਾ

ਜਾਖੜ ਨੇ ਕਿਹਾ ਕਿ ਇਸ ਆਫ਼ਤ ਨਾਲ ਨਜਿੱਠਣ ਲਈ, ਨਾ ਹੀ ਇਸ ਸਬੰਧ ਵਿੱਚ ਕੋਈ ਮੀਟਿੰਗ ਕੀਤੀ ਗਈ ਸੀ। ਹੜ੍ਹਾਂ ਦੌਰਾਨ ਭਗਵੰਤ ਮਾਨ ਗੁਆਂਢੀ ਰਾਜਾਂ ਦਾ ਦੌਰਾ ਕਰਨ ਵਿੱਚ ਰੁਝੇ ਹੋਏ ਸਨ। ਜਾਖੜ ਨੇ ਕਿਹਾ ਕਿ ਅੱਜ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਭੇਜੇ 218.40 ਕਰੋੜ ਰੁਪਏ ਦੇ ਰਾਹਤ ਫੰਡ ਵੀ ਅਜੇ ਤੱਕ ਲੋਕਾਂ ਨੂੰ ਨਹੀਂ ਵੰਡੇ ਗਏ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਖੁਸ਼ ਪ੍ਰਸ਼ਾਸਨਿਕ ਅਧਿਕਾਰੀ ਅਤੇ ਬਾਬੂ ਪੰਜਾਬ ਸਰਕਾਰ ਦੇ ਖ਼ਿਲਾਫ਼ ਹੜਤਾਲ ’ਤੇ ਚਲੇ ਗਏ ਹਨ, ਜਿਸ ਕਾਰਨ ਲੋਕ ਦੁਖੀ ਹਨ। ਜਾਖੜ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਹੜਤਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੈ ਸਰਕਾਰ ਦੀ ਨਹੀਂ ਤਾਂ ਪੰਜਾਬ ਸਰਕਾਰ ਨੇ ਅਜੇ ਤੱਕ ਜਨਤਾ ਨੂੰ ਰਾਹਤ ਨਹੀਂ ਦਿੱਤੀ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਪੈਸੇ ਤਾਂ ਵੰਡ ਰਹੀ ਹੈ ਪਰ ਸਿਰਫ਼ ਇਸ਼ਤਿਹਾਰਾਂ ਲਈ ਆਪਣੇ ਕੂੜ ਪ੍ਰਚਾਰ ਲਈ। ਇਕੱਲੇ ਚੰਡੀਗੜ੍ਹ ਵਿੱਚ 1000 ਦੇ ਕਰੀਬ ਯੂਨੀਪੋਲ ਲਗਾਏ ਗਏ ਹਨ, ਜਿਨ੍ਹਾਂ ’ਤੇ ਪੰਜਾਬ ਸਰਕਾਰ ਨੇ ਇਸ਼ਤਿਹਾਰ ਲਗਾ ਦਿੱਤਾ ਹੈ। ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਜੇਕਰ ਮਾਨ ਸਾਹਿਬ ਇਕ ਮਹੀਨੇ ਲਈ ਇਸ਼ਤਿਹਾਰਬਾਜ਼ੀ ਬੰਦ ਕਰ ਕੇ ਆਪਣਾ ਪੈਸਾ ਹੜ੍ਹ ਪੀੜਤਾਂ ਨੂੰ ਵੰਡ ਦਿੰਦੇ ਤਾਂ ਵੀ ਜਨਤਾ ਨੂੰ ਕੋਈ ਰਾਹਤ ਨਹੀਂ ਮਿਲਣੀ ਸੀ। ਭਗਵੰਤ ਮਾਨ ਨੇ ਨਾ ਤਾਂ 218.40 ਕਰੋੜ ਰੁਪਏ ਵੰਡੇ, ਨਾ ਇਸ਼ਤਿਹਾਰਾਂ ’ਤੇ ਖ਼ਰਚ ਕੀਤੇ। ਉਹ ਬਿਆਨ ਦੇ ਰਹੇ ਹਨ ਕਿ ਪੰਜਾਬ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਅਤੇ ਨਾ ਹੀ ਮੈਂ ਕੇਂਦਰ ਸਰਕਾਰ ਤੋਂ ਕੋਈ ਪੈਸਾ ਮੰਗਿਆ ਹੈ। ਪੰਜਾਬ ਸਰਕਾਰ ਨੇ ਕਰਜ਼ਾ ਮੋੜਨ ਲਈ 2000 ਕਰੋੜ ਦਾ ਹੋਰ ਕਰਜ਼ਾ ਲਿਆ ਹੈ। 

ਇਹ ਵੀ ਪੜ੍ਹੋ : ਟਮਾਟਰ ਨੇ ਵਿਗਾੜਿਆ ਮੂੰਹ ਦਾ ਸੁਆਦ, ਜੁਲਾਈ 'ਚ 34 ਫ਼ੀਸਦੀ ਮਹਿੰਗੀ ਹੋਈ ਵੈੱਜ ਥਾਲੀ

ਜਾਖੜ ਨੇ ਕਿਹਾ ਕਿ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੈਂ ਕੇਂਦਰ ਸਰਕਾਰ ਤੋਂ ਭੀਖ ਨਹੀਂ ਮੰਗਾਂਗਾ ਪਰ ਭਗਵੰਤ ਮਾਨ ਦਾ ਮੁੱਖ ਸਕੱਤਰ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਦੱਸ ਰਿਹਾ ਹੈ ਕਿ ਪੰਜਾਬ ਨੂੰ 1200 ਕਰੋੜ ਦਾ ਨੁਕਸਾਨ ਹੋਇਆ ਹੈ। ਵਿੱਤ ਮੰਤਰੀ ਚੀਮਾ ਕਹਿ ਰਹੇ ਹਨ ਕਿ 1500 ਕਰੋੜ ਦਾ ਨੁਕਸਾਨ ਹੋਇਆ ਹੈ ਪਰ ‘ਆਪ’-ਕਾਂਗਰਸ ਗਠਜੋੜ ਦੇ ਸੰਸਦ ਮੈਂਬਰ ਪੰਜਾਬ ਦੇ ਨੁਕਸਾਨ ਲਈ ਕੇਂਦਰ ਸਰਕਾਰ ਤੋਂ 10,000 ਅਤੇ 20,000 ਕਰੋੜ ਰੁਪਏ ਦੀ ਮੰਗ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਆਗੂ ਗਠਜੋੜ ਅੱਗੇ ਝੁਕ ਗਏ ਹਨ, ਕਿਉਂਕਿ ਉਨ੍ਹਾਂ ਦੇ ਆਗੂਆਂ ਦੇ ਜੇਲ੍ਹ ਜਾਣ ਦਾ ਖ਼ਤਰਾ ਸਾਫ਼ ਦਿਖਾਈ ਦੇ ਰਿਹਾ ਸੀ। ਇੱਕ ਨੈਸ਼ਨਲ ਪਾਰਟੀ ਨੂੰ ਇੱਕ ਛੋਟੀ ਪਾਰਟੀ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਆਤਮ ਸਮਰਪਣ ਕਰ ਦਿੱਤਾ ਹੈ ਪਰ ਪੰਜਾਬੀਆਂ ਨੇ ਆਤਮ ਸਮਰਪਣ ਨਹੀਂ ਕੀਤਾ ਅਤੇ ਭਾਜਪਾ ਪੰਜਾਬੀਆਂ ਨੂੰ ਅਜਿਹਾ ਕਦੇ ਨਹੀਂ ਕਰਨ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਅਤੇ ਖਾਹਿਸ਼ਾਂ ’ਤੇ ਖਰੀ ਉਤਰੇਗੀ ਅਤੇ ਲੋਕਾਂ ਨੂੰ ਵੀ ਭਾਜਪਾ ਤੋਂ ਬਹੁਤ ਉਮੀਦਾਂ ਹਨ। ਇਸ ਮੰਤਵ ਲਈ ਕੇਂਦਰੀ ਲੀਡਰਸ਼ਿਪ ਦੇ ਹੁਕਮਾਂ ’ਤੇ ਭਾਜਪਾ ਦਾ ਰਾਸ਼ਟਰੀ, ਸੂਬਾਈ, ਜ਼ਿਲ੍ਹਾ ਪੱਧਰ ਦਾ ਹਰੇਕ ਭਾਜਪਾ ਵਰਕਰ ਨਰਿੰਦਰ ਮੋਦੀ ਦੀ ਕੌਮੀ ਵਿਚਾਰਧਾਰਾ ਅਤੇ ਲੋਕ ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੂਬੇ ਭਰ ਵਿੱਚ ਘਰ-ਘਰ ਜਾ ਕੇ ਦਸਤਕ ਦੇ ਰਿਹਾ ਹੈ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਹਰਵਿੰਦਰ ਸਿੰਘ ਸੰਧੂ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸੰਗਠਨ ਮਹਾਂਮੰਤਰੀ ਸ੍ਰੀਮੰਤਰੀ ਸ੍ਰੀਨਿਵਾਸਲੂ, ਸੂਬਾ ਜਨਰਲ ਸਕੱਤਰ ਅਤੇ ਅੰਮ੍ਰਿਤਸਰ ਲੋਕ ਸਭਾ ਇੰਚਾਰਜ ਬਿਕਰਮਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News