ਕਾਂਗਰਸ ਦੀ ਲੀਡਰਸ਼ਿਪ ਬਿਨਾਂ ਮਾਸਕ ਕੁਝ ਵੀ ਕਰੇ, ਜੇਕਰ ਬੇਰੁਜ਼ਗਾਰ ਰੁਜ਼ਗਾਰ ਮੰਗਣ ਤਾਂ ਪਰਚਾ: ਨਰਿੰਦਰ ਭਰਾਜ

07/05/2020 3:13:01 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ): ਕਾਂਗਰਸ ਸਰਕਾਰ ਦੇ ਲੀਡਰ ਬਿਨਾਂ ਮਾਸਕ ਤੋਂ ਕੁਝ ਵੀ ਕਰ ਸਕਦੇ ਹਨ, ਪਰ ਜਦ ਕੋਈ ਬੇਰੁਜ਼ਗਾਰ ਆਪਣੀ ਰੋਜ਼ੀ ਰੋਟੀ ਲਈ ਆਪਣੇ ਹੱਕ ਮੰਗੇ ਤਾਂ ਉਨ੍ਹਾਂ ਉਪਰ ਮਾਸਕ ਨਾ ਪਾਉਣ ਦਾ ਬਹਾਨਾ ਬਣਾ ਕੇ ਪਰਚਾ ਕਰ ਦਿਉ। ਇਹ ਕੋਝੀ ਹਰਕਤ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਸੰਗਰੂਰ ਵਿਖੇ ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰ ਅਧਿਆਪਕਾਂ ਤੇ ਪਰਚਾ ਦਰਜ ਕਰਕੇ ਕੀਤੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰਿੰਦਰ ਕੌਰ ਭਰਾਜ ਹਲਕਾ ਸਹਿ-ਪ੍ਰਧਾਨ ਸੰਗਰੂਰ ਨੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਸਰਕਾਰ ਦੀ ਦੋਗਲੀ ਨੀਤੀ ਹੈ ਕਿ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਅਤੇ ਹੋਰ ਪੜ੍ਹੇ-ਲਿਖੇ ਲੱਖਾਂ ਨੌਜਵਾਨ ਲੜਕੇ ਲੜਕੀਆਂ ਨੂੰ ਇਸ ਤਰ੍ਹਾਂ ਪਰਚੇ ਦਰਜ ਕਰ ਕੇ ਉਨ੍ਹਾਂ ਦੀ ਆਵਾਜ਼ ਨੂੰ ਦੁਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਬੀਬੀ ਭਰਾਜ ਨੇ ਕਿਹਾ ਕਿ ਇਹ ਕਿਹੋ ਜਿਹਾ ਸਿੱਖਿਆ ਸਿਸਟਮ ਚਲਾ ਰਹੇ ਹਨ ਵਿਜੇਇੰਦਰ ਸਿੰਗਲਾ ਕਦੀ ਅਧਿਆਪਕਾਂ ਨੂੰ ਗਾਲ੍ਹਾਂ ਕੱਢਦੇ ਹਨ, ਕਦੀ ਕੁੱਟਮਾਰ ਕਰਦੇ ਹਨ ਅਤੇ ਹੁਣ ਪਰਚੇ ਦਰਜ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕਾਗਰਸ ਪਾਰਟੀ ਇਕ ਗੱਲ ਯਾਦ ਰੱਖੇ ਕਿ 2022 ਵਿਚ ਜਨਤਾ ਇਹਨਾਂ ਸਭ ਜੁਲਮਾਂ ਦਾ ਮੂੰਹ ਤੋੜ ਜਵਾਬ ਦੇਵੇਗੀ।
ਨਰਿੰਦਰ ਕੌਰ ਭਰਾਜ ਨੇ ਬੇਰੁਜ਼ਗਾਰ ਅਧਿਆਪਕਾਂ ਤੇ ਦਰਜ ਹੋਏ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਬੇਰੁਜ਼ਗਾਰਾਂ ਤੇ ਪਰਚੇ ਦਰਜ ਕਰਨ ਦੀ ਥਾਂ ਉਨ੍ਹਾਂ ਨੂੰ ਰੁਜ਼ਗਾਰ ਦੇਵੇ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਲੋਕਾਂ ਨੂੰ ਸਮਾਰਟ ਫੋਨ, ਘਰ-ਘਰ ਨੌਕਰੀਆਂ ਅਤੇ ਹੋਰ ਸਹੂਲਤਾਂ ਦੇਣ ਦੇ ਵੱਡੇ ਵੱਡੇ ਵਾਅਦੇ ਕੀਤੇ ਸਰਕਾਰ ਉਨ੍ਹਾਂ ਸਾਰੇ ਦਾਅਵਿਆਂ ਤੋਂ ਬੁਰੀ ਤਰ੍ਹਾਂ ਮੁਕਰ ਚੁੱਕੀ ਹੈ। ਇਸ ਮੌਕੇ ਨਰਿੰਦਰ ਕੌਰ ਭਰਾਜ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀਆਂ ਬਿਨਾਂ ਮਾਸਕ ਤੋਂ ਫੋਟੋਆਂ ਅਤੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮਾਸਕ ਵਾਲੀਆਂ ਫੋਟੋਆਂ ਵੀ ਮੀਡੀਆ ਨੂੰ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਅਨਵਰ ਭਸੌੜ ਧੂਰੀ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।


Shyna

Content Editor

Related News