ਕਾਂਗਰਸ ਸਰਕਾਰ ਡਰੱਗ ਮਾਫੀਆ ਨੂੰ ਬਚਾਉਣ ਦੀ ਕਰ ਰਹੀ ਹੈ ਕੋਸ਼ਿਸ਼ : ਦਲਵੀਰ ਢਿੱਲੋਂ

Wednesday, Apr 11, 2018 - 10:36 PM (IST)

ਕਾਂਗਰਸ ਸਰਕਾਰ ਡਰੱਗ ਮਾਫੀਆ ਨੂੰ ਬਚਾਉਣ ਦੀ ਕਰ ਰਹੀ ਹੈ ਕੋਸ਼ਿਸ਼ : ਦਲਵੀਰ ਢਿੱਲੋਂ

ਬਰਨਾਲਾ,    (ਵਿਵੇਕ ਸਿੰਧਵਾਨੀ,ਰਵੀ)-  ਡਰੱਗ ਮਾਫੀਆ ਨੂੰ ਕਾਂਗਰਸ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਡਰੱਗ ਮਾਫ਼ੀਆ ਖਿਲਾਫ ਲੜਾਈ ਜਾਰੀ ਰਹੇਗੀ। ਇਹ ਸ਼ਬਦ ਆਮ ਪਾਰਟੀ ਦੇ ਮਾਲਵਾ ਜ਼ੋਨ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਸਥਾਨਕ ਰੈਸਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਬਿਕਰਮਜੀਤ ਮਜੀਠੀਆ ਖਿਲਾਫ ਜਾਂਚ ਕਮੇਟੀ ਨੇ ਰਿਪੋਰਟ ਵੀ ਦੇ ਦਿੱਤੀ ਹੈ, ਜਿਸ 'ਚ ਉਹ ਦੋਸ਼ੀ ਪਾਇਆ ਗਿਆ ਹੈ। ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਈ. ਡੀ. ਅਧਿਕਾਰੀ ਨਿਰੰਜਣ ਸਿੰਘ ਨੂੰ ਵੀ ਈ. ਡੀ. 'ਚੋਂ ਮੁਅੱਤਲ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਵੱਲੋਂ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਆਮ ਪਾਰਟੀ ਫਾਲਤੂ 'ਚ ਹੀ ਪੰਜਾਬ 'ਚ ਨਸ਼ੇ ਹੋਣ ਦਾ ਢਿੰਡੋਰਾ ਪਿੱਟ ਰਹੀ ਹੈ। ਜਦੋਂਕਿ ਏਜੰਸੀਆਂ ਦੀ ਰਿਪੋਰਟ 'ਚ ਭਾਰਤ 'ਚ ਜਿੰਨਾ ਨਸ਼ਾ ਵਿਕਦਾ ਹੈ, ਉਸ ਦਾ 31 ਫੀਸਦੀ ਨਸ਼ਾ ਪੰਜਾਬ 'ਚ ਵਿਕਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਆਮ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਤਾਂ ਮਜੀਠੀਆ ਤੋਂ ਇਸ ਮੁੱਦੇ 'ਤੇ ਮੁਆਫ਼ੀ ਮੰਗੀ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਮੁੱਦਾ ਪੰਜਾਬ ਦਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਨਸ਼ਿਆਂ ਵਿਰੁੱਧ ਲੜਦੀ ਰਹੇਗੀ। ਉਨ੍ਹਾਂ ਨੇ ਕੇਜਰੀਵਾਲ ਦਾ ਵੀ ਬਚਾਓ ਕਰਦਿਆਂ ਕਿਹਾ ਕਿ ਰਾਜਨੀਤਕ ਮਾਫੀਆ ਨੇ ਕੇਜਰੀਵਾਲ ਨੂੰ ਉਲਝਾਉਣ ਲਈ ਉਨ੍ਹਾਂ 'ਤੇ 31 ਕੇਸ ਅਦਾਲਤਾਂ 'ਚ ਪਾ ਦਿੱਤੇ ਸਨ। ਅਦਾਲਤਾਂ ਦੇ ਚੱਕਰ ਤੋਂ ਬਚਣ ਲਈ ਹੀ ਉਨ੍ਹਾਂ ਨੇ ਮੁਆਫ਼ੀ ਮੰਗੀ ਹੈ। ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਦੀਆਂ ਬੱਸਾਂ ਵੀ ਪਹਿਲਾਂ ਵਾਂਗ ਚੱਲ ਰਹੀਆਂ ਹਨ। ਕੈਪਟਨ ਸਰਕਾਰ ਟਰਾਂਸਪੋਰਟ ਮਾਫ਼ੀਆ ਨੂੰ ਵੀ ਬੜ੍ਹਾਵਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਵੱਲੋਂ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪਹਿਲਾਂ ਤਾਂ ਉਨ੍ਹਾਂ ਨੇ ਨਾਨਕ ਸ਼ਾਹ ਫਕੀਰ ਫਿਲਮ ਬਣਾਉਣ ਦੀ ਇਜਾਜ਼ਤ ਦੇ ਦਿੱਤੀ, ਫਿਰ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਆਮ ਆਦਮੀ ਪਾਰਟੀ ਦਾ ਇਹ ਸਟੈਂਡ ਹੈ ਕਿ ਕੋਈ ਵੀ ਫ਼ਿਲਮ ਅਜਿਹੀ ਨਾ ਹੋਵੇ ਜੋ ਕਿਸੇ ਵੀ ਵਰਗ ਦੀਆਂ ਧਾਰਮਕ ਭਾਵਨਾਵਾਂ ਨੂੰ ਭੜਕਾਉਂਦੀ ਹੋਵੇ? ਉਨ੍ਹਾਂ ਕਿਹਾ ਕਿ ਵਿਸਾਖੀ ਦੇ ਮੌਕੇ 'ਤੇ ਸਾਡੇ ਵੱਲੋਂ ਕੋਈ ਸਿਆਸੀ ਕਾਨਫਰੰਸ ਨਹੀਂ ਕੀਤੀ ਜਾਵੇਗੀ। 
ਆਮ ਪਾਰਟੀ ਤਲਵੰਡੀ ਸਾਬੋ 'ਚ ਸੇਵਾ ਮੁਹਿੰਮ ਚਲਾਏਗੀ ਅਤੇ ਉਥੇ ਸਫਾਈ ਕਰੇਗੀ। ਇਸ ਸਮੇਂ ਆਮ ਆਦਮੀ ਪਾਰਟੀ ਦੇ ਬਰਨਾਲਾ ਵਿਧਾਇਕ ਗੁਰਮੀਤ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਪਿਰਮਲ ਸਿੰਘ ਧੌਲਾ, ਆਮ ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਆਦਿ ਹਾਜ਼ਰ ਸਨ।


Related News