ਕਾਂਗਰਸ ਸਰਕਾਰ ਟਰੱਕਾਂ ਵਾਲਿਆਂ ਦੀ ਰੋਜ਼ੀ-ਰੋਟੀ ''ਤੇ ਮਾਰ ਰਹੀ ਹੈ ਸੱਟ : ਅਕਾਲੀ

Monday, Apr 02, 2018 - 07:22 AM (IST)

ਕਾਂਗਰਸ ਸਰਕਾਰ ਟਰੱਕਾਂ ਵਾਲਿਆਂ ਦੀ ਰੋਜ਼ੀ-ਰੋਟੀ ''ਤੇ ਮਾਰ ਰਹੀ ਹੈ ਸੱਟ : ਅਕਾਲੀ

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਕਣਕ ਦੀ ਢੋਆ-ਢੁਆਈ ਦੇ ਰੇਟ ਘਟਾ ਕੇ ਗਰੀਬ ਟਰੱਕਾਂ ਵਾਲਿਆਂ ਦੀ ਰੋਜ਼ੀ ਉਤੇ ਸੱਟ ਮਾਰ ਰਹੀ ਹੈ। ਕਣਕ ਦੀ ਖਰੀਦ ਦੇ ਮੌਜੂਦਾ ਸੀਜ਼ਨ ਦੌਰਾਨ ਇਸ ਨੇ ਲੇਬਰ ਦੇ ਠੇਕਿਆਂ ਦੇ ਰੇਟਾਂ ਵਿਚ 100 ਫੀਸਦੀ ਵਾਧਾ ਕਰ ਦਿੱਤਾ ਹੈ, ਜਿਸ ਕਰਕੇ ਇਹ ਠੇਕੇ ਸਿਰਫ ਕਾਂਗਰਸੀ ਆਗੂਆਂ ਦੁਆਰਾ ਲਏ ਜਾ ਰਹੇ ਹਨ । ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸਰਕਾਰ ਟਰੱਕਾਂ ਵਾਲਿਆਂ ਨੂੰ ਉਨ੍ਹਾਂ ਦੇ ਟੈਂਡਰਾਂ ਦੇ ਰੇਟ 40 ਤੋਂ 50 ਫੀਸਦੀ ਘਟਵਾਉਣ ਲਈ ਐਸਮਾ ਵਰਗੇ ਕਾਨੂੰਨ ਲਾਗੂ ਕਰਨ ਦੀਆਂ ਧਮਕੀਆਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 80 ਫੀਸਦੀ ਟਰੱਕਾਂ ਵਾਲਿਆਂ ਕੋਲ ਇਕ-ਇਕ ਟਰੱਕ ਹੈ ਅਤੇ ਇਹ ਪੁਰਾਣੇ ਹੋਣ ਕਰਕੇ ਲੰਬੇ ਰੂਟਾਂ 'ਤੇ ਨਹੀਂ ਚੱਲ ਸਕਦੇ, ਜਿਸ ਕਰਕੇ ਉਨ੍ਹਾਂ ਦੀ ਵਰਤੋਂ ਸਿਰਫ ਖਰੀਦ ਦੇ ਸੀਜ਼ਨ ਦੌਰਾਨ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਢੋਆ-ਢੁਆਈ ਦੇ ਰੇਟਾਂ ਵਿਚ 40 ਤੋਂ 50 ਫੀਸਦੀ ਕਟੌਤੀ ਕੀਤੇ ਜਾਣ ਦਾ ਸਭ ਤੋਂ ਵੱਧ ਅਸਰ ਇਨ੍ਹਾਂ ਟਰੱਕਾਂ ਵਾਲਿਆਂ ਦੀ ਰੋਜ਼ੀ ਉਤੇ ਪਵੇਗਾ।


Related News