ਕਾਂਗਰਸ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਨਾਲ ਕੀਤਾ ਧੋਖਾ : ਹਰਮੀਤ ਸਿੰਘ ਸੰਧੂ
Sunday, Jul 08, 2018 - 11:02 PM (IST)

ਝਬਾਲ (ਲਾਲੂਘੁੰਮਣ)-ਝੂਠੇ ਲਾਰਿਆਂ 'ਤੇ ਵਾਦਿਆਂ ਦੇ ਬਲਬੂਤੇ 'ਤੇ ਸੱਤਾ 'ਚ ਆਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਇਸ ਸਮੇਂ ਹਰ ਮੁਹਾਜ 'ਤੇ ਫੇਲ ਸਾਬਤ ਹੋਈ ਹੈ 'ਤੇ ਸੂਬੇ ਦੀ ਜਨਤਾ ਦਾ ਇਸ ਸਰਕਾਰ ਤੋਂ ਡੇਢ ਸਾਲ 'ਚ ਹੀ ਮੋਹ ਭੰਗ ਹੋ ਚੁੱਕਾ ਹੈ। ਇਹ ਪ੍ਰਗਟਾਵਾ ਸਾਬਕਾ ਅਕਾਲੀ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਹਰਮੀਤ ਸਿੰਘ ਸੰਧੂ ਨੇ ਪਿੰਡ ਜਗਤਪੁਰਾ ਸਥਿਤ ਸਾਬਕਾ ਸਰਪੰਚ ਕੈਪਟਨ ਸੁਖਚੈਨ ਸਿੰਘ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਨਾਲ ਰੱਖੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ। ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ ਕਿਸਾਨਾਂ 'ਤੇ ਮਜਦੂਰਾਂ ਨਾਲ ਹੀ ਨਹੀਂ ਸਗੋਂ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਕੁਰਕੀ ਖਤਮ ਦਾ ਨਾਅਰਾ ਦੇਣ ਵਾਲੀ ਕੈਪਟਨ ਸਰਕਾਰ ਦੇ ਰਾਜ 'ਚ ਕਰਜ਼ੇ ਦੇ ਬੋਝ ਹੇਠ ਦੱਬੇ ਜਿੱਥੇ ਕਿਸਾਨ 'ਤੇ ਮਜਦੂਰ ਆਏ ਦਿਨ ਖੁਦਕੁਸ਼ੀਆਂ ਕਰ ਰਿਹੇ ਹਨ, ਉੱਥੇ ਨਸ਼ਿਆਂ ਦੇ ਵਧੇ ਪ੍ਰਕੋਪ ਦੀ ਭੇਂਟ ਚੜ• ਕੇ ਨੌਜਵਾਨ ਮੌਤ ਦੇ ਮੂੰਹ 'ਚ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਗਰੀਬਾਂ ਤੋਂ ਆਟਾ-ਦਾਲ, ਸ਼ਗਨ ਅਤੇ ਪੈਨਸ਼ਨ ਸਕੀਮ ਵਰਗੀਆਂ ਸਹੂਲਤਾਂ ਸਰਕਾਰ ਵੱਲੋਂ ਖੋਹੀਆਂ ਜਾ ਰਹੀਆਂ ਹਨ, ਮਨਰੇਗਾ ਤਹਿਤ ਕੰਮ ਕਰਨ ਵਾਲੇ ਕਾਮਿਆਂ ਨੂੰ ਮੇਹਨਤਾਨਾਂ ਨਹੀਂ ਦਿੱਤਾ ਜਾ ਰਿਹਾ ਹੈ, ਸਰਕਾਰੀ ਹਸਪਤਾਲਾਂ 'ਚ ਅਕਾਲੀ ਸਰਕਾਰ ਵੱਲੋਂ ਦਵਾਈਆਂ ਦੀ ਮੁਫਤ ਸਹੂਲਤ ਨੂੰ ਬੰਦ ਕਰਨ ਨਾਲ ਭਗਤ ਪੂਰਨ ਸਿੰਘ ਬੀਮਾ ਯੋਜਨਾ 'ਤੇ ਵੀ ਬਰੇਕਾਂ ਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸਭ ਸਹੂਲਤਾਂ ਮੁੜ ਪਹਿਲਾਂ ਵਾਂਗ ਹੀ ਚਲਾਈਆਂ ਜਾਣਗੀਆਂ। ਸੰਧੂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਝੋਨੇ ਦੇ ਸਮਰਥਨ ਮੁੱਲ 'ਤੇ 200 ਰੁਪਏ ਦਾ ਵਾਧਾ ਕਰਨ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਸਭ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਬਦੌਲਤ ਹੀ ਸੰਭਵ ਹੋਇਆ ਹੈ।