ਸੱਤਾ ਬਦਲਣ ਨਾਲ ਪਿੰਡ ਬਾਦਲ ਦੀ ਕਿਸਮਤ ਵੀ ਬਦਲੀ, ਕਿਸਾਨ ਸ਼ਮਸ਼ਾਨਘਾਟ ''ਚ ਝੋਨਾ ਸੁੱਟਣ ਲਈ ਮਜਬੂਰ

11/03/2017 10:02:11 AM

ਬਠਿੰਡਾ — ਪੰਜਾਬ 'ਚ ਸੱਤਾ 'ਤੇ ਕਾਂਗਰਸ ਸਰਕਾਰ ਦੇ ਕਾਬਜ਼ ਹੋਣ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦੇ ਕਿਸਾਨਾਂ ਨੂੰ ਇਸ ਵਾਰ ਸ਼ਮਸ਼ਾਨਘਾਟ 'ਚ ਝੋਨਾ ਸੁੱਟਣਾ ਪਿਆ ਹੈ।ਹਕੂਮਤ ਬਦਲਣ ਮਗਰੋਂ ਇਸ ਵਾਰ ਪਿੰਡ ਬਾਦਲ ਦੇ ਖ਼ਰੀਦ ਕੇਂਦਰ ਦੇ ਰੰਗ ਵੀ ਬਦਲੇ ਹੋਏ ਹਨ।ਪਿੰਡ ਦਾ ਖ਼ਰੀਦ ਕੇਂਦਰ ਝੋਨੇ ਦੀ ਫ਼ਸਲ ਨਾਲ ਨੱਕੋ-ਨੱਕ ਭਰਿਆ ਹੋਇਆ ਹੈ ਅਤੇ ਕਿਸਾਨ ਨੇੜੇ ਪੈਂਦੇ ਸ਼ਮਸ਼ਾਨਘਾਟ 'ਚ ਝੋਨਾ ਸੁੱਟਣ ਲਈ ਮਜਬੂਰ ਹਨ।
ਹਾਲਾਂਕਿ ਪਿੰਡ ਬਾਦਲ ਦੇ ਵੱਡੇ ਘਰਾਂ ਵੱਲੋਂ ਆਪੋ-ਆਪਣੇ ਖੇਤਾਂ ਜਾਂ ਘਰਾਂ 'ਚ ਝੋਨਾ ਢੇਰੀ ਕੀਤਾ ਜਾਂਦਾ ਹੈ। ਖ਼ਰੀਦ ਏਜੰਸੀਆਂ ਵੱਲੋਂ ਇਨ੍ਹਾਂ ਵੱਡੇ ਘਰਾਂ ਦੇ ਖੇਤਾਂ 'ਚੋਂ ਹੀ ਜੀਰੀ ਖ਼ਰੀਦੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਇਸ ਵਾਰ ਬਾਦਲ ਪਰਿਵਾਰ ਨੇ ਪਿੰਡ ਦੇ ਖ਼ਰੀਦ ਕੇਂਦਰ 'ਚ ਝੋਨਾ ਸੁੱਟਿਆ ਸੀ ।ਪਿੰਡ ਬਾਦਲ ਦੇ ਖ਼ਰੀਦ ਕੇਂਦਰ ਦੇ ਨਾਲ ਸ਼ਮਸ਼ਾਨਘਾਟ ਪੈਂਦਾ ਹੈ । ਤਿੰਨ ਦਿਨ ਪਹਿਲਾਂ ਇਹ ਹਾਲ ਸੀ ਕਿ ਖ਼ਰੀਦ ਕੇਂਦਰ ਦੀ ਮੁੱਖ ਸੜਕ ਹੀ ਬੰਦ ਹੋ ਗਈ ਸੀ। ਸੜਕਾਂ ਦੇ ਕਿਨਾਰਿਆਂ 'ਤੇ ਕਿਸਾਨਾਂ ਨੂੰ ਝੋਨਾ ਸੁੱਟਣਾ ਪਿਆ। ਖ਼ਰੀਦ ਕੇਂਦਰ ਕਾਫ਼ੀ ਛੋਟਾ ਹੈ ਅਤੇ ਨੇੜਲੇ ਪਿੰਡਾਂ ਦੀ ਫ਼ਸਲ ਵੀ ਪਿੰਡ ਬਾਦਲ ਦੇ ਹੀ ਖ਼ਰੀਦ ਕੇਂਦਰ 'ਚ ਆਉਂਦੀ ਹੈ। ਕਰੀਬ ਚਾਰ-ਪੰਜ ਕਿਸਾਨਾਂ ਨੇ ਪਿੰਡ ਦੇ ਸ਼ਮਸ਼ਾਨਘਾਟ 'ਚ ਫ਼ਸਲ ਸੁੱਟੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਝੋਨਾ ਸੁਕਾਇਆ ਜਾ ਰਿਹਾ ਹੈ। ਖ਼ਰੀਦ ਏਜੰਸੀ ਵੱਲੋਂ ਸ਼ਮਸ਼ਾਨਘਾਟ ਦੇ ਅੰਦਰ ਹੀ ਫ਼ਸਲ ਦੀ ਬੋਲੀ ਲਾ ਦਿੱਤੀ ਜਾਂਦੀ ਹੈ । ਕਿਸਾਨਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੈਠੇ ਹਨ ਅਤੇ ਸ਼ਮਸ਼ਾਨਘਾਟ 'ਚ ਹੀ ਰਾਤਾਂ ਕੱਟ ਰਹੇ ਹਨ ।ਭਾਰਤੀ ਖ਼ੁਰਾਕ ਨਿਗਮ ਅਤੇ ਪਨਸਪ ਵੱਲੋਂ ਪਿੰਡ ਬਾਦਲ ਦੇ ਖ਼ਰੀਦ ਕੇਂਦਰ 'ਚੋਂ ਫ਼ਸਲ ਖ਼ਰੀਦੀ ਜਾ ਰਹੀ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਗੱਠਜੋੜ ਸਰਕਾਰ ਸਮੇਂ ਕਦੇ ਦਿੱਕਤ ਨਹੀਂ ਆਈ ਸੀ ਅਤੇ ਐਤਕੀਂ ਲਿਫਟਿੰਗ ਦੀ ਦਿੱਕਤ ਹੈ। ਮਾਰਕੀਟ ਕਮੇਟੀ ਮਲੋਟ ਦੇ ਰਿਕਾਰਡ ਅਨੁਸਾਰ ਪਿੰਡ ਬਾਦਲ ਦੇ ਖ਼ਰੀਦ ਕੇਂਦਰ 'ਚ ਇਸ ਵੇਲੇ 17 ਹਜ਼ਾਰ ਬੋਰੀ ਫ਼ਸਲ ਪਈ ਹੈ, ਜਦੋਂਕਿ ਮੰਡੀ 'ਚ 30 ਹਜ਼ਾਰ ਦੇ ਕਰੀਬ ਬੋਰੀ ਝੋਨਾ ਪਿਆ ਹੈ। ਕਿਧਰੇ ਵੀ ਮੰਡੀ 'ਚ ਖਾਲੀ ਥਾਂ ਨਹੀਂ ਹੈ । ਇਸ ਖ਼ਰੀਦ ਕੇਂਦਰ 'ਚੋਂ ਹੁਣ ਤੱਕ 8525 ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ। ਪਿਛਲੇ ਸੀਜ਼ਨ 'ਚ ਇਸ ਮੰਡੀ ਵਿੱਚ 3.10 ਲੱਖ ਬੋਰੀ ਫ਼ਸਲ ਆਈ ਸੀ, ਜੋ ਕਿ ਐਤਕੀਂ 3.50 ਲੱਖ ਨੂੰ ਪਾਰ ਕਰਨ ਦਾ ਅਨੁਮਾਨ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਦਿਨਾਂ 'ਚ ਇੱਕ-ਦੋ ਕਿਸਾਨਾਂ ਨੇ ਪਿੰਡ ਬਾਦਲ ਵਿਚਲੇ ਕਾਲਜਾਂ ਦੇ ਨੇੜੇ ਹੀ ਝੋਨਾ ਉਤਾਰ ਦਿੱਤਾ ਸੀ।
ਉਥੇ ਹੀ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਜੇਪਾਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਬਾਦਲ ਦੇ ਖ਼ਰੀਦ ਕੇਂਦਰ 'ਚ 8625 ਟਨ ਝੋਨੇ 'ਚੋਂ 8025 ਟਨ ਦੀ ਖ਼ਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡਾਂ ਦੇ ਕਿਸਾਨ ਬਾਸਮਤੀ ਖ਼ਰੀਦ ਕੇਂਦਰ 'ਚ ਸੁਕਾਉਣ ਲਈ ਲਿਆਉਂਦੇ ਹਨ, ਜਿਸ ਕਰ ਕੇ ਥਾਂ ਘਟ ਜਾਂਦੀ ਹੈ। ਥਾਂ ਦੀ ਕਮੀ ਕਰ ਕੇ ਕਿਸਾਨਾਂ ਨੂੰ ਹੋਰ ਹੀਲੇ ਕਰਨੇ ਪੈਂਦੇ ਹਨ।


Related News