ਕਾਂਗਰਸ ਸਰਕਾਰ ਦੇ ਸੱਤਾ ''ਚ ਆਉਂਦਿਆਂ ਹੀ ਰਾਣਾ ਗੁਰਜੀਤ ਦੇ ਤਾਰੇ ਗਰਦਿਸ਼ ''ਚ

02/18/2018 1:11:08 PM

ਜਲੰਧਰ (ਰਵਿੰਦਰ ਸ਼ਰਮਾ)—ਕਹਿੰਦੇ ਹਨ ਕਿ ਸਮੇਂ ਦੀ ਮਾਰ ਵੱਡਿਆਂ ਵੱਡਿਆਂ ਨੂੰ ਔਕਾਤ ਦਿਖਾ ਦਿੰਦੀ ਹੈ। ਕਪੂਰਥਲਾ ਦੀ  ਸਿਆਸਤ ਵਿਚ ਆਪਣੀ ਮਜ਼ਬੂਤ ਪਕੜ ਰੱਖਣ ਵਾਲੇ ਰਾਣਾ ਗੁਰਜੀਤ ਸਿੰਘ ਨੇ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਜਦੋਂ ਸੂਬੇ ਵਿਚ ਉਨ੍ਹਾਂ ਦੀ ਹੀ ਪਾਰਟੀ ਦੀ ਸਰਕਾਰ ਹੋਵੇਗੀ ਤਾਂ ਉਨ੍ਹਾਂ ਦੇ ਤਾਰੇ ਗਰਦਿਸ਼ ਵਿਚ ਪਹੁੰਚ ਜਾਣਗੇ। ਸਿਆਸਤ ਵਿਚ ਕਦੀ ਮਾਤ ਨਾ ਖਾਣ ਵਾਲੇ ਰਾਣਾ ਗੁਰਜੀਤ ਸਿੰਘ ਨੂੰ ਵੀ ਆਪਣਿਆਂ ਕੋਲੋਂ ਹੀ ਮਾਰ ਪੈ ਰਹੀ ਹੈ।  
ਗੱਲ ਅਜੇ ਸਿਰਫ 11 ਮਹੀਨੇ ਪੁਰਾਣੀ ਹੀ ਹੈ ,ਜਦੋਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੀ ਸੀ। ਸਰਕਾਰ ਬਣਦਿਆਂ ਹੀ ਰਾਣਾ ਗੁਰਜੀਤ ਸਿੰਘ ਦੇ ਸੁਪਨਿਆਂ ਨੂੰ ਪਰ ਲੱਗ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿਚ ਜਗ੍ਹਾ ਮਿਲ ਗਈ ਸੀ। ਦੋਆਬਾ ਦੇ ਇਕੱਲੇ ਰਾਣਾ ਹੀ ਸਰਕਾਰ ਵਿਚ ਆਪਣੀ ਧਾਕ ਦਿਖਾ ਰਹੇ ਸਨ। ਹੌਲੀ-ਹੌਲੀ ਉਨ੍ਹਾਂ ਦੀ ਪਾਰਟੀ ਦੀ ਅੰਦਰੂਨੀ ਸਿਆਸਤ ਵਿਚ ਵੀ ਪਕੜ ਮਜ਼ਬੂਤ ਹੋਣ ਲੱਗੀ ਸੀ। ਇਕ ਸਮਾਂ ਸੀ ਜਦੋਂ ਰਾਣਾ ਗੁਰਜੀਤ ਸਿੰਘ ਖੁਦ ਨੂੰ ਡਿਪਟੀ ਸੀ. ਐੱਮ. ਤੋਂ ਲੈ ਕੇ ਸੀ. ਐੱਮ. ਤੱਕ ਬਣਨ ਦੇ ਸੁਪਨੇ ਦੇਖਣ ਲੱਗ ਪਏ ਸਨ। ਰਾਣਾ ਗੁਰਜੀਤ ਸਿੰਘ ਨੇ ਦੋਆਬਾ ਸਣੇ ਮਾਝਾ ਦੇ ਵੀ ਕਈ ਵਿਧਾਇਕਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਡਿਨਰ ਡਿਪਲੋਮੇਸੀ ਤੱਕ ਸ਼ੁਰੂ ਕਰ ਦਿੱਤੀ ਸੀ ਪਰ ਅਚਾਨਕ ਰਾਣਾ ਗੁਰਜੀਤ ਸਿੰਘ ਦੀ ਕਿਸਮਤ ਉਸ ਵੇਲੇ ਪਲਟੀ ਜਦੋਂ ਰੇਤ ਮਾਈਨਿੰਗ ਬੋਲੀ ਮਾਮਲੇ ਵਿਚ ਉਨ੍ਹਾਂ ਦਾ ਨਾਂ ਸਾਹਮਣੇ ਆਇਆ। ਭਾਵੇਂ ਸ਼ੁਰੂਆਤੀ ਮਹੀਨਿਆਂ ਵਿਚ ਇਹ ਰੇਤ ਮਾਈਨਿੰਗ ਮਾਮਲੇ ਦੀ ਖੇਡ ਵਿਚ ਬਚਦੇ ਨਜ਼ਰ ਆਏ ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਥ ਦਿੰਦਿਆਂ ਇਸ ਮਾਮਲੇ ਵਿਚ ਕਮਿਸ਼ਨ ਬਿਠਾ ਦਿੱਤਾ ਤੇ ਕਮਿਸ਼ਨ ਨੇ ਬਾਅਦ ਵਿਚ ਕਲੀਨ ਚਿੱਟ ਵੀ ਦੇ ਦਿੱਤੀ ਪਰ ਵਿਰੋਧੀ ਧਿਰ ਨੇ ਇਸ ਮਾਮਲੇ ਨੂੰ ਲੈ ਕੇ ਹਮਲਾ ਤੇਜ਼ ਕਰ ਦਿੱਤਾ। ਇਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦਾ  ਬੇਟਾ ਈ. ਡੀ. ਦੇ ਮਾਮਲੇ ਵਿਚ ਕੀ ਫਸਿਆ,  ਰੌਲਾ ਹੀ ਪੈ ਗਿਆ। ਆਪਣੇ 'ਤੇ ਵਿਰੋਧੀ ਧਿਰ ਦੇ ਹਮਲੇ ਤੇਜ਼ ਹੁੰਦੇ ਵੇਖ ਰਾਣਾ ਗੁਰਜੀਤ ਸਿੰਘ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਪਰ ਮੁੱਖ ਮੰਤਰੀ ਨੇ ਵੀ ਪੂਰੀ ਯਾਰੀ ਨਿਭਾਉਂਦਿਆਂ 14 ਦਿਨਾਂ ਤੱਕ ਅਸਤੀਫਾ ਆਪਣੀ ਜੇਬ ਵਿਚ ਹੀ ਰੱਖਿਆ ਪਰ ਜਦੋਂ ਗੱਲ ਕੌਮੀ ਪ੍ਰ੍ਰਧਾਨ ਰਾਹੁਲ ਗਾਂਧੀ ਤੱਕ ਪਹੁੰਚੀ ਤਾਂ ਤੁਰੰਤ ਸਖ਼ਤ ਐਕਸ਼ਨ ਲਿਆ ਗਿਆ ਤੇ ਰਾਤੋ ਰਾਤ ਗੁਰਜੀਤ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਕਦੀ ਸੀ. ਐੱਮ. ਦੇ ਸੁਪਨੇ ਦੇਖਣ ਵਾਲਾ ਆਗੂ ਹੁਣ ਕੈਬਨਿਟ ਵਿਚ ਵੀ ਨਹੀਂ ਸੀ। ਪਹਿਲਾਂ ਕੈਬਨਿਟ ਤੋਂ ਬਾਹਰ, ਫਿਰ ਈ. ਡੀ. ਦਾ ਘੇਰਾ ਤੇ ਹੁਣ ਇਨਕਮ ਟੈਕਸ ਵਿਭਾਗ ਨੇ ਵੀ ਰਾਣਾ ਦੀਆਂ ਕੰਪਨੀਆਂ 'ਤੇ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਚਾਰੇ ਪਾਸਿਓਂ ਘਿਰੇ ਰਾਣਾ ਗੁਰਜੀਤ ਸਿਆਸਤ ਦੇ ਅਜਿਹੇ ਮੋੜ 'ਤੇ ਪਹੁੰਚ ਗਏ ਹਨ, ਜਿਥੋਂ ਵਾਪਸ ਆਉਣਾ ਹੁਣ ਬੇਹੱਦ ਮੁਸ਼ਕਲ ਜਾਪਦਾ ਹੈ। ਹੁਣ ਉਨ੍ਹਾਂ ਦਾ ਸਿਆਸੀ ਕਰੀਅਰ ਵੀ  ਡਿੱਕੇ -ਡੋਲੇ ਖਾ ਰਿਹਾ ਹੈ। ਇੰਨੀ ਮਾੜੀ ਹਾਲਤ ਤਾਂ ਰਾਣਾ ਗੁਰਜੀਤ ਸਿੰਘ ਦੀ ਉਸ ਵੇਲੇ ਵੀ ਨਹੀਂ ਹੋਈ, ਜਦੋਂ ਸੂਬੇ ਵਿਚ ਅਕਾਲੀ-ਭਾਜਪਾ ਸਰਕਾਰ ਸੀ ਪਰ  ਆਪਣੀ ਸਰਕਾਰ ਆਉਂਦਿਆਂ ਹੀ ਰਾਣਾ ਗੁਰਜੀਤ ਸਿੰਘ ਦੇ ਮਾੜੇ ਦਿਨ ਸ਼ੁਰੂ ਹੋ ਗਏ।


Related News