ਟੁੱਟੀਆਂ ਸੜਕਾਂ ’ਤੇ ਧਰਨੇ ਲਾਉਣ ਵਾਲੀ ਕਾਂਗਰਸ ਹੁਣ ਟੋਇਆਂ ’ਤੇ ਚੁੱਪ ਕਿਉਂ?

Tuesday, Jul 31, 2018 - 06:47 AM (IST)

ਜਲੰਧਰ, (ਖੁਰਾਣਾ)- ਅੱਜ ਤੋਂ 3-4 ਸਾਲ ਪਹਿਲਾਂ ਪੰਜਾਬ ਤੇ ਜਲੰਧਰ ਨਗਰ ਨਿਗਮ ਵਿਚ  ਵਿਰੋਧੀ ਧਿਰ 'ਚ ਬੈਠੀ ਕਾਂਗਰਸ ਪਾਰਟੀ ਨੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ  ਜ਼ਬਰਦਸਤ ਮੁਹਿੰਮ ਚਲਾਈ ਸੀ, ਜਿਸ ਕਾਰਨ ਅਕਾਲੀ-ਭਾਜਪਾ ਦੇ ਅਕਸ ਨੂੰ ਕਾਫੀ ਨੁਕਸਾਨ   ਪਹੁੰਚਿਆ  ਸੀ ਅਤੇ ਮੰਨਿਆ ਜਾਂਦਾ ਹੈ ਕਿ 2014 ਦੀਅਾਂ ਸੰਸਦ  ਮੈਂਬਰਾਂ  ਦੀਅਾਂ ਚੋਣਾਂ ਵਿਚ ਨਰਿੰਦਰ ਮੋਦੀ  ਦੀ ਜ਼ਬਰਦਸਤ ਲਹਿਰ ਹੋਣ ਦੇ ਬਾਵਜੂਦ ਜਲੰਧਰ ਦੇ ਐੱਨ. ਡੀ. ਏ. ਉਮੀਦਵਾਰ ਪਵਨ ਟੀਨੂੰ ਦੀ  ਹਾਰ ਟੁੱਟੀਆਂ ਸੜਕਾਂ ਦੇ ਮੁੱਦੇ 'ਤੇ ਹੀ ਹੋਈ ਸੀ।
ਜਿਸ ਕਾਂਗਰਸ ਨੇ ਟੁੱਟੀਆਂ ਸੜਕਾਂ  ਨੂੰ  ਲੈ ਕੇ ਦਰਜਨ ਤੋਂ ਜ਼ਿਆਦਾ ਵੱਡੇ ਧਰਨੇ ਦਿੱਤੇ ਉਸੇ ਕਾਂਗਰਸ ਨੇ ਅੱਜ ਸ਼ਹਿਰ ਦੀਆਂ  ਟੁੱਟੀਆਂ ਸੜਕਾਂ 'ਤੇ ਚੁੱਪੀ ਧਾਰਨ ਕੀਤੀ ਹੋਈ ਹੈ । ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ  ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਨੁਕਸਾਨੀਆਂ ਗਈਆਂ ਹਨ ਅਤੇ ਵਰਖਾ ਕਾਰਨ ਹਾਲਾਤ ਹੋਰ ਜ਼ਿਆਦਾ  ਖਰਾਬ ਹੋ ਗਏ ਹਨ। ਟੋਇਆਂ ਕਾਰਨ ਲੋਕ ਜ਼ਖਮੀ ਹੋ ਰਹੇ ਹਨ। ਸ਼ਾਇਦ ਹੀ ਕੋਈ ਸੜਕ ਸਾਬਤੀ ਬਚੀ  ਹੋਵੇ। ਵਾਰਡਾਂ ਦੀਆਂ ਸੜਕਾਂ ਤੋਂ ਇਲਾਵਾ ਮੇਨ ਸੜਕਾਂ ਵੀ ਟੁੱਟੀਆਂ ਹੋਈਆਂ ਹਨ। 2019  ਦੀਆਂ ਚੋਣਾਂ ਸਿਰ 'ਤੇ ਹਨ। ਇਸ ਲਈ ਸੱਤਾ ਪੱਖ ਵਿਚ ਖਲਬਲੀ ਤਾਂ ਮਚੀ ਹੋਈ ਹੈ ਪਰ ਆਰਥਿਕ  ਤੰਗੀ ਕਾਰਨ ਨਿਗਮ ਨਵੀਆਂ ਸੜਕਾਂ ਨਹੀਂ ਬਣਾ ਪਾ ਰਹੀ। ਕਈ ਸੜਕਾਂ ਤਾਂ ਅਜਿਹੀਆਂ ਹਨ, ਜਿਥੇ  ਪੈਚ ਵਰਕ ਵੀ ਨਹੀਂ ਹੋ  ਸਕਣਾ। ਹੁਣ ਦੇਖਣਾ ਹੈ ਕਿ 2019 ਦੀਆਂ ਚੋਣਾਂ ਵਿਚ  ਵਿਰੋਧੀ ਧਿਰ ਟੁੱਟੀਆਂ ਸੜਕਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਮੁਹਿੰਮ ਚਲਾਉਂਦੀ ਹੈ ਅਤੇ  ਕਾਂਗਰਸ ਕੀ ਐਕਸ਼ਨ ਲੈਂਦੀ ਹੈ।
 


Related News