ਮਾਛੀਵਾੜਾ : ਕਾਂਗਰਸੀ ਕੌਂਸਲਰਾਂ ਨੇ ਆਪਣੀ ਹੀ ਨਗਰ ਕੌਂਸਲ ਖਿਲਾਫ਼ ਕੱਢੀ ਭੜਾਸ

03/17/2020 4:31:13 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨਗਰ ਕੌਂਸਲ 'ਚ ਕਾਂਗਰਸ ਸਮਰਥਕ ਕੌਂਸਲਰਾਂ ਨੇ ਹੀ ਦਫ਼ਤਰ ਵਿਖੇ ਜਾ ਕੇ ਆਪਣੀ ਕੌਂਸਲ ਖਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਜੋ ਇੰਦਰਾ ਕਲੌਨੀ ਨੇੜ੍ਹੇ ਜੋ ਮੀਟ ਮਾਰਕੀਟ ਬਣਾਈ ਜਾ ਰਹੀ ਹੈ, ਉਹ ਲੋਕ ਹਿੱਤਾਂ ਦੇ ਵਿਰੁੱਧ ਹੈ, ਜਿਸ ਨੂੰ ਕਿਸੇ ਵੀ ਹਾਲਤ 'ਚ ਬਣਨ ਨਹੀਂ ਦਿੱਤਾ ਜਾਵੇਗਾ। ਨਗਰ ਕੌਂਸਲ ਦਫ਼ਤਰ ਵਿਖੇ ਕਾਰਜ ਸਾਧਕ ਅਫ਼ਸਰ ਨੂੰ ਮੰਗ ਪੱਤਰ ਦੇਣ ਆਏ ਭਾਰੀ ਗਿਣਤੀ 'ਚ ਇੰਦਰਾ ਕਲੌਨੀ ਵਾਸੀਆਂ ਤੋਂ ਇਲਾਵਾ ਪਰਮਜੀਤ ਸਿੰਘ ਪੰਮੀ, ਕਪਿਲ ਆਨੰਦ, ਅਮਰਜੀਤ ਸਿੰਘ, ਬਲਵਿੰਦਰ ਰਾਏ ਸੋਨੀ, ਪਰਮਿੰਦਰ ਸਿੰਘ ਨੋਨਾ, ਪਰਮਜੀਤ ਪੰਮਾ, ਗੁਰਨਾਮ ਸਿੰਘ ਖਾਲਸਾ, ਰਾਮਜੀ ਦਾਸ ਬੱਗੀ ਨੇ ਕਿਹਾ ਕਿ ਇੰਦਰਾ ਕਲੌਨੀ ਨੇੜ੍ਹੇ ਜੋ ਨਗਰ ਕੌਂਸਲ ਵਲੋਂ ਮੀਟ ਮਾਰਕੀਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਹ ਨਿਯਮਾਂ ਦੇ ਉਲਟ ਹੈ ਕਿਉਂਕਿ ਇੱਥੇ ਨੇੜ੍ਹੇ ਹੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਕਮਿਊਨਿਟੀ ਸੈਂਟਰ, ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਅਤੇ ਲੜਕੀਆਂ ਦਾ ਕਾਲਜ ਵੀ ਹੈ।

PunjabKesari

ਕੌਂਸਲਰਾਂ ਨੇ ਕਿਹਾ ਕਿ ਇਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇੜ੍ਹੇ ਹੋਣ ਦੇ ਨਾਲ-ਨਾਲ ਇੰਦਰਾ ਕਲੌਨੀ 1600 ਵੋਟਰ ਵੀ ਇਸ ਮਾਰਕੀਟ ਨਾਲ ਹਨ, ਜਿਨ੍ਹਾਂ ਨੂੰ ਇੱਥੇ ਮੀਟ ਮਾਰਕੀਟ ਬਣਨ ਨਾਲ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਹੋਰ ਤਾਂ ਹੋਰ ਨਗਰ ਕੌਂਸਲ ਦੇ ਕੌਂਸਲਰ ਪਰਮਜੀਤ ਪੰਮੀ, ਕਪਿਲ ਆਨੰਦ, ਅਮਰਜੀਤ ਸਿੰਘ ਤੇ ਪਰਮਜੀਤ ਪੰਮਾ ਨੇ ਇੱਥੋਂ ਤੱਕ ਵੀ ਕੌਂਸਲ ਖਿਲਾਫ਼ ਇੱਥੋਂ ਤੱਕ ਵੀ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਮੀਟਿੰਗ 'ਚ ਮਤੇ ਪਾਏ ਜਾਂਦੇ ਹਨ ਉਹ ਗੁੰਮਰਾਹ ਕਰਕੇ ਪਾਸ ਕੀਤੇ ਗਏ ਹਨ ਅਤੇ ਸ਼ਹਿਰ 'ਚ ਕੋਈ ਵੀ ਕਾਰਜ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਵਿਸ਼ਵਾਸ 'ਚ ਨਹੀਂ ਲਿਆ ਜਾਂਦਾ।
ਅੱਜ ਇਨ੍ਹਾਂ ਕੌਂਸਲਰਾਂ ਤੇ ਇੰਦਰਾ ਕਲੌਨੀ ਵਾਸੀਆਂ ਦੀ ਅਗਵਾਈ ਕਰ ਰਹੇ ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਕਾਂਗਰਸੀ ਕੌਂਸਲਰਾਂ ਨੂੰ ਲੋਕ ਹਿੱਤਾਂ ਤੇ ਵਧੀਆ ਕੰਮ ਕਰਨ ਲਈ ਚੁਣਿਆ ਹੈ ਅਤੇ ਜੇਕਰ ਅਸੀਂ ਲੋਕ ਵਿਰੋਧੀ ਕੰਮ ਕਰਾਂਗੇ ਤਾਂ ਭਵਿੱਖ 'ਚ ਸਾਨੂੰ ਇਸ ਦਾ ਖੁਮਿਆਜ਼ਾ ਭੁਗਤਨਾ ਪਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਇੰਦਰਾ ਕਲੌਨੀ ਨੇੜ੍ਹੇ ਮੀਟ ਮਾਰਕੀਟ ਬਣਾਉਣ ਦੀ ਬਜਾਏ ਜੋ ਇੱਥੋਂ ਦੇ ਗਰੀਬ ਲੋਕ ਪਿਛਲੇ 30 ਸਾਲਾਂ ਤੋਂ ਘਰ ਬਣਾ ਕੇ ਬੈਠੇ ਹਨ ਉਨ੍ਹਾਂ ਨੂੰ ਮਾਲਕੀ ਹੱਕ ਦੇਣ ਦੇ ਯਤਨ ਕਰੇ ਨਾ ਕਿ ਗਰੀਬਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰੇ। ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ ਨੇ ਸਿੱਧੇ ਤੌਰ 'ਤੇ ਨਗਰ ਕੌਂਸਲ ਅਧਿਕਾਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇੰਦਰਾ ਕਲੌਨੀ ਵਾਸੀਆਂ ਨਾਲ ਡੱਟ ਕੇ ਖੜ੍ਹੇ ਹਨ ਅਤੇ ਇਸ ਕਲੌਨੀ ਦੇ ਨੇੜ੍ਹੇ ਮੀਟ ਮਾਰਕੀਟ ਕਦੇ ਵੀ ਨਹੀਂ ਬਣਨ ਦੇਣਗੇ ਚਾਹੇ ਉਨ੍ਹਾਂ ਨੂੰ ਸੜਕਾਂ 'ਤੇ ਹੀ ਕਿਉਂ ਨਾ ਉਤਰਨਾ ਪਵੇ। ਸਾਰੇ ਹੀ ਕੌਂਸਲਰਾਂ ਤੇ ਇੰਦਰਾ ਕਲੌਨੀ ਵਾਸੀਆਂ ਨੇ ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਤੇ ਧਾਰਮਿਕ ਭਾਵਨਾਵਾਂ ਨੂੰ ਦੇਖਦਿਆਂ ਇੱਥੇ ਮੀਟ ਮਾਰਕੀਟ ਨਾ ਬਣਾਈ ਜਾਵੇ।
ਨਗਰ ਕੌਂਸਲ ਦੀ ਦੁਕਾਨ 'ਚ ਖੋਲ੍ਹਿਆ ਸ਼ਰਾਬ ਦਾ ਠੇਕਾ ਬੰਦ ਕੀਤਾ ਜਾਵੇ
ਕਾਰਜ ਸਾਧਕ ਅਫ਼ਸਰ ਨੂੰ ਮੰਗ ਪੱਤਰ ਦੇਣ ਆਏ ਇੰਦਰਾ ਕਲੌਨੀ ਵਾਸੀਆਂ ਤੇ ਕੌਂਸਲਰਾਂ ਨੇ ਇਹ ਵੀ ਮੁੱਦਾ ਉਠਾਇਆ ਕਿ ਕਲੌਨੀ ਨੇੜ੍ਹੇ ਹੀ ਜੋ ਨਗਰ ਕੌਂਸਲ ਦੀ ਸਰਕਾਰੀ ਇਮਾਰਤ ਹੈ ਉਸ 'ਚ ਕੌਂਸਲਰਾਂ ਨੂੰ ਵਿਸ਼ਵਾਸ ਤੋਂ ਲਏ ਬਿਨ੍ਹਾਂ ਹੀ ਸ਼ਰਾਬ ਦਾ ਠੇਕਾ ਖੁੱਲ੍ਹਵਾ ਦਿੱਤਾ ਗਿਆ ਜੋ ਲੋਕ ਵਿਰੋਧੀ ਫੈਸਲਾ ਹੈ। ਇੰਦਰਾ ਕਲੌਨੀ ਵਾਸੀਆਂ ਨੇ ਕਿਹਾ ਕਿ ਜੇਕਰ ਆਉਣ ਵਾਲੀ 31 ਮਾਰਚ ਤੱਕ ਇਹ ਸ਼ਰਾਬ ਦਾ ਠੇਕਾ ਬੰਦ ਨਾ ਹੋਇਆ ਤਾਂ ਉਹ ਕੌਂਸਲਰ ਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।
ਇੰਦਰਾ ਕਲੌਨੀ ਨੇੜ੍ਹੇ ਕੇਵਲ ਮਾਰਕੀਟ ਬਣਾਈ ਜਾ ਰਹੀ: ਪ੍ਰਧਾਨ
ਜਦੋਂ ਇੰਦਰਾ ਕਲੌਨੀ ਨਿਵਾਸੀ ਕਾਰਜ ਸਾਧਕ ਅਫ਼ਸਰ ਨੂੰ ਮੰਗ ਪੱਤਰ ਦੇਣ ਆਏ ਤਾਂ ਉਦੋਂ ਪੱਤਰਕਾਰਾਂ ਦੀ ਮੌਜ਼ੂਦਗੀ ਵਿਚ ਕਾਰਜ ਸਾਧਕ ਅਫ਼ਸਰ ਨੇ ਕਿਹਾ ਕਿ ਇੱਥੇ 48 ਲੱਖ ਰੁਪਏ ਦੀ ਲਾਗਤ ਨਾਲ ਮੀਟ ਮਾਰਕੀਟ ਬਣਾਉਣ ਦੀ ਤਜਵੀਜ਼ ਹੈ ਪਰ ਬਾਅਦ 'ਚ ਉਨ੍ਹਾਂ ਆਪਣੇ ਬਿਆਨ ਤੋਂ ਪਲਟਦਿਆਂ ਕਿਹਾਕਿ ਇੱਥੇ ਕੇਵਲ ਮਾਰਕੀਟ ਬਣਾਈ ਜਾ ਰਹੀ ਹੈ ਜਿੱਥੇ ਦੁਕਾਨਾਂ ਕਿਰਾਏ 'ਤੇ ਦੇ ਕੇ ਨਗਰ ਕੌਂਸਲ ਨੂੰ ਆਮਦਨ ਹੋਵੇਗੀ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਕਿਹਾ ਕਿ ਇੰਦਰਾ ਕਲੌਨੀ ਦੇ ਹੀ ਕੌਂਸਲਰ ਪਰਮਜੀਤ ਪੰਮੀ ਤੇ ਅਮਰਜੀਤ ਸਿੰਘ ਤੋਂ ਇਲਾਵਾ ਹੋਰਨਾਂ ਕੌਂਸਲਰਾਂ ਦੀ ਸਹਿਮਤੀ ਨਾਲ ਨਗਰ ਕੌਂਸਲ ਦੀ ਮੀਟਿੰਗ 'ਚ ਕਲੌਨੀ ਨੇੜ੍ਹੇ ਮਾਰਕੀਟ ਬਣਾਉਣ ਦਾ ਮਤਾ ਪਾਸ ਹੋਇਆ ਸੀ ਅਤੇ ਉਨ੍ਹਾਂ ਕਿਹਾ ਕਿ ਇੱਥੇ ਕੇਵਲ ਨਗਰ ਕੌਂਸਲ ਦੀ ਆਮਦਨ ਵਧਾਉਣ ਲਈ ਆਮ ਮਾਰਕੀਟ ਬਣਾਈ ਜਾ ਰਹੀ ਹੈ ਨਾ ਕਿ ਮੀਟ ਮਾਰਕੀਟ।
ਪ੍ਰਧਾਨ ਤੇ ਕਾਂਗਰਸੀ ਆਗੂ ਵਿਚਕਾਰ ਖੜਕੀ
ਅੱਜ ਨਗਰ ਕੌਂਸਲ ਦਫ਼ਤਰ ਵਿਖੇ ਮੀਟ ਮਾਰਕੀਟ ਦੇ ਵਿਰੋਧ 'ਚ ਮੰਗ ਪੱਤਰ ਦੇਣ ਆਏ ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ ਅਤੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਵਿਚਕਾਰ ਖੜਕ ਪਈ। ਦੋਵਾਂ ਵਿਚਕਾਰ ਬਹਿਸ ਦੌਰਾਨ ਪ੍ਰਧਾਨ ਨੇ ਕਿਹਾ ਕਿ ਉਹ ਸ਼ਹਿਰ 'ਚ ਲੋਕ ਭਲਾਈ ਲਈ ਕੋਈ ਵੀ ਕਾਰਜ਼ ਕਰਨਾ ਚਾਹੁੰਦੇ ਹਨ ਤਾਂ ਉਸ ਦੀ ਬਿਨ੍ਹਾਂ ਮਤਲਬ ਤੋਂ ਵਿਰੋਧਤਾ ਕੀਤੀ ਜਾਂਦੀ ਹੈ ਜਦਕਿ ਸ਼ਕਤੀ ਆਨੰਦ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਵਾਲੇ ਵੀ ਕੌਂਸਲਰ ਤੇ ਕਾਂਗਰਸ ਪਾਰਟੀ ਹੈ। ਇਸ ਲਈ ਉਹ ਕੰਮ ਕੀਤੇ ਜਾਣ ਜੋ ਲੋਕ ਪੱਖੀ ਹੋਣ ਨਾ ਕਿ ਲੋਕ ਵਿਰੋਧੀ। ਅੱਜ ਦੋਵਾਂ ਆਗੂਆਂ ਦੀ ਆਪਸ 'ਚ ਹੋਈ ਤਕਰਾਰਬਾਜ਼ੀ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੀ ਰਹੀ।


Babita

Content Editor

Related News