ਗੋਰਾਇਆ: ਕਾਂਗਰਸੀ ਕੌਂਸਲਰ ਦੇ ਭਤੀਜੇ ਨੇ ਮੁਹੱਲੇ 'ਚ ਕਰਵਾਈ 'ਲਵ ਮੈਰਿਜ', ਭੜਕੇ ਲੋਕਾਂ ਨੇ ਜਾਰੀ ਕੀਤਾ ਇਹ ਫ਼ਰਮਾਨ
Wednesday, Dec 01, 2021 - 12:27 PM (IST)
ਗੋਰਾਇਆ (ਜ. ਬ.)- ਕਾਂਗਰਸੀ ਕੌਂਸਲਰ ਦੇ ਭਤੀਜੇ ਵੱਲੋਂ ਆਪਣੇ ਹੀ ਮੁਹੱਲੇ ’ਚ ਰਹਿੰਦੀ ਕੁੜੀ ਨਾਲ ਲਵ-ਮੈਰਿਜ ਕਰਵਾਉਣੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਵੱਡੀ ਗਿਣਤੀ ਵਿਚ ਦੋ ਗੋਤਾਂ ਦੇ ਮੁਹੱਲਾ ਵਾਸੀਆਂ ਵੱਲੋਂ ਕੌਂਸਲਰ ਦੇ ਪਰਿਵਾਰ ਦਾ ਬਾਇਕਾਟ ਕਰਨ ਦਾ ਲਿਖ਼ਤੀ ਤੌਰ ’ਤੇ ਫ਼ਰਮਾਨ ਜਾਰੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕੌਂਸਲਰ ਦੇ ਘਰ ਦੇ ਬਾਹਰ ਲੜਕੀ-ਪਰਿਵਾਰ ਦੀਆਂ ਅਤੇ ਮੁਹੱਲੇ ਦੀਆਂ ਔਰਤਾਂ ਵੱਲੋਂ ਕੌਂਸਲਰ ਦੇ ਘਰ ਅੱਗੇ ਨਾਅਰੇਬਾਜ਼ੀ ਕੀਤੀ ਗਈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਦੇ ਪਤੀ ਵੱਲੋਂ ਇਸ ਦੀ ਲਿਖ਼ਤੀ ਸ਼ਿਕਾਇਤ ਅਤੇ ਵੀਡਿਓ ਗੋਰਾਇਆ ਪੁਲਸ ਨੂੰ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਥਾਣਾ ਗੋਰਾਇਆ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਕੌਂਸਲਰ ਰਾਜੀਵ ਪੁੰਜ ਬਿੱਟੂ, ਕੌਂਸਲਰ ਬਲਜਿੰਦਰ ਕਾਲਾ, ਕੌਂਸਲਰ ਸੁਖਰਾਜ ਕੌਰ, ਕੌਂਸਲਰ ਰੋਸ਼ਨ ਲਾਲ ਬਿੱਟੂ, ਰਾਮ ਲੁਭਾਇਆ ਪੁੰਜ, ਕੌਂਸਲਰ ਰਸ਼ਪਾਲ ਕੌਰ ਪਹੁੰਚੇ। ਇਸ ਮੌਕੇ ਸਾਬਕਾ ਕੌਂਸਲਰ ਜੀਵਨ ਦਾਸ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਨੇ 15 ਦਿਨ ਪਹਿਲਾਂ ਮਾਣਯੋਗ ਹਾਈਕੋਰਟ ਵਿਚ ਮੁਹੱਲੇ ਦੀ ਰਹਿਣ ਵਾਲੀ ਇਕ ਕੁੜੀ ਨਾਲ ਲਵ-ਮੈਰਿਜ ਕਰਵਾ ਲਈ ਸੀ, ਜਿਸ ਤੋਂ ਬਾਅਦ ਦੋਵੇਂ ਵਿਦੇਸ਼ ਚਲੇ ਗਏ, ਜਿਸ ਵਿਚ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਲੈਣਾ-ਦੇਣਾ ਨਹੀਂ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੁਹੱਲਾ ਵਾਸੀਆਂ ਨੂੰ ਉਨ੍ਹਾਂ ਖ਼ਿਲਾਫ਼ ਭੜਕਾ ਕੇ ਪਹਿਲਾਂ ਤਾਂ ਮੁਹੱਲੇ ਵਿਚ ਪੰਚਾਇਤ ਰੱਖ ਲਈ ਗਈ, ਜਿਸ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਨੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਮਹੌਲ ਖ਼ਰਾਬ ਹੋਣ ਦਾ ਡਰ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਮੁਹੱਲੇ ਦੀਆਂ ਔਰਤਾਂ ਨੂੰ ਭੜਕਾ ਕੇ ਉਨ੍ਹਾਂ ਦੇ ਘਰ ਵਿਚ ਭੇਜ ਦਿੱਤਾ, ਜਿਨ੍ਹਾਂ ਵੱਲੋਂ ਉਨ੍ਹਾਂ ਦੇ ਗੇਟ ਦੀ ਤੋੜ-ਭੰਨ ਕੀਤੀ ਗਈ ਅਤੇ ਉਨ੍ਹਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਅਤੇ ਗਾਲੀ-ਗਲੋਚ ਕੀਤੀ ਗਈ।
ਇਹ ਵੀ ਪੜ੍ਹੋ: ਬਾਕਸਿੰਗ ਕੋਚ ਨੇ 15 ਸਾਲਾ ਕੁੜੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਕੱਪੜੇ ਲਾਹ ਕੇ ਵਜ਼ਨ ਕਰਨ ਲਈ ਕੀਤਾ ਮਜਬੂਰ
ਇਸ ਮੌਕੇ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਨੇ ਕਿਹਾ ਕਿ ਜੀਵਨ ਦਾਸ ਸ਼ਹਿਰ ਦਾ ਇਕ ਪਤਵੰਤਾ ਵਿਅਕਤੀ ਹੈ, ਜੇਕਰ ਬੱਚਿਆਂ ਨੇ ਲਵ-ਮੈਰਿਜ ਕਰਵਾ ਲਈ ਹੈ ਅਤੇ ਉਸ ਤੋਂ ਬਾਅਦ ਵਿਦੇਸ਼ ਚਲੇ ਗਏ ਹਨ, ਇਸ ਵਿਚ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਕੀ ਕਸੂਰ ਹੈ। ਮੁਹੱਲਾ ਵਾਸੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਉਸ ਦੇ ਪਰਿਵਾਰ ਦਾ ਬਾਇਕਾਟ ਕਰਨ ਦਾ, ਜੋ ਲਿਖਤੀ ਫ਼ਰਮਾਨ ਅਤੇ ਗਾਲੀ-ਗਲੋਚ ਕਰਦੇ ਦੀ ਵੀਡੀਓ ਵਾਇਰਲ ਕੀਤੀ ਹੈ, ਨਾਲ ਹੀ ਧਾਰਮਿਕ ਅਸਥਾਨ ਵਿਚ ਆਉਣ ਤੋਂ ਜੋ ਮਨਾਹੀ ਜਾਂ ਫ਼ਰਮਾਨ ਜਾਰੀ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਦੀ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਜੀਵਨ ਦਾਸ ਦੇ ਮੁਹੱਲੇ ਦੇ ਲੋਕ ਥਾਣੇ ਵਿਚ ਉਸ ਦੇ ਨਾਲ ਪਹੁੰਚੇ ਹਨ, ਜਿਨ੍ਹਾਂ ਨੇ ਸ਼ਰਾਰਤੀ ਅਨਸਰਾਂ ਨੂੰ ਦੱਸ ਦਿੱਤਾ ਹੈ ਕਿ ਉਹ ਜੀਵਨ ਦਾਸ ਦੇ ਨਾਲ ਖੜ੍ਹੇ ਹਨ, ਉੱਧਰ ਸੀਨੀਅਰ ਕਾਂਗਰਸੀ ਆਗੂ ਰਾਮ ਲੁਭਾਇਆ ਪੁੰਜ ਨੇ ਕਿਹਾ ਕਿ ਸੂਬੇ ਵਿਚ ਸਰਕਾਰ ਭਾਵੇਂ ਕਾਂਗਰਸ ਦੀ ਹੈ ਪਰ ਹਲਕਾ ਫਿਲੌਰ ਵਿਚ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਹਲਕਾ ਫਿਲੌਰ ਵਿਚ ਕਾਂਗਰਸ ਪਾਰਟੀ ਦਾ ਮਿਆਰ ਦਿਨ-ਬ-ਦਿਨ ਡਿੱਗਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖ਼ਤਰਾ ਅਜੇ ਟਲ਼ਿਆ ਨਹੀਂ: ਬਲੈਕ-ਆਊਟ ਦੀ ਦਹਿਲੀਜ਼ ’ਤੇ ਖੜ੍ਹਾ ਹੈ ਪੰਜਾਬ
ਦੂਜੇ ਪਾਸੇ ਥਾਣਾ ਗੋਰਾਇਆ ਵਿਚ ਪਹੁੰਚੇ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਵੱਡੀ ਗਿਣਤੀ ਵਿਚ ਮੁਹੱਲਾ ਵਾਸੀਆਂ ਨੇ ਵੀ ਆਪਣਾ ਰੋਸ ਜ਼ਾਹਿਰ ਕੀਤਾ। ਇਸ ਮੌਕੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੁਹੱਲੇ ਵਿਚ ਪੰਚਾਇਤ ਸੱਦੀ ਗਈ ਸੀ, ਜਿਸ ਵਿਚ ਜੀਵਨ ਦਾਸ ਨੂੰ ਵੀ ਸੱਦਿਆ ਗਿਆ ਸੀ ਪਰ ਉਹ ਹਾਜ਼ਰ ਨਹੀਂ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪਤਵੰਤਿਆਂ ਨੂੰ ਅਤੇ ਮੁਹੱਲੇ ਦੇ ਕੌਂਸਲਰ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਬੇਨਤੀ ਕੀਤੀ ਸੀ। ਲੰਬੜਦਾਰ ਹੈਪੀ ਮਾਹੀ ਤੇ ਕੌਂਸਲਰ ਹਰਮੇਸ਼ ਲਾਲ ਨੇ ਕਿਹਾ ਕਿ ਉਹ ਪਤਵੰਤੇ ਹਨ, ਜਿਸ ਕਾਰਨ ਲੜਕੀ ਦਾ ਪਰਿਵਾਰ ਉਨ੍ਹਾਂ ਕੋਲ ਆਇਆ ਸੀ, ਜੀਵਨ ਦਾਸ ਵੀ ਪਤਵੰਤੇ ਹਨ, ਜਿਸ ਕਾਰਨ ਉਨ੍ਹਾਂ ਨਾਲ ਉਹ ਗੱਲ ਕਰਨ ਗਏ ਸਨ ਪਰ ਉਨ੍ਹਾਂ ਵੱਲੋਂ ਪਤਵੰਤਿਆਂ ਖ਼ਿਲਾਫ਼ ਹੀ ਥਾਣੇ ਵਿਚ ਸ਼ਿਕਾਇਤ ਦੇ ਦਿੱਤੀ ਹੈ, ਜੋ ਗ਼ਲਤ ਗੱਲ ਹੈ।
ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀਆਂ ਵੱਲੋਂ 2 ਗੋਤ, ਜਿਨ੍ਹਾਂ ਦੀ ਆਬਾਦੀ ਮੁਹੱਲੇ ਵਿਚ ਸਭ ਤੋਂ ਵੱਧ ਹੈ, ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਫ਼ੈਸਲਾ ਪਾਸ ਕੀਤਾ ਹੋਇਆ ਹੈ ਕਿ ਇਹ ਦੋਵੇਂ ਗੋਤ ਦੇ ਲੜਕਾ-ਲੜਕੀ ਆਪਸ ਵਿਚ ਵਿਆਹ ਨਹੀਂ ਕਰਵਾਉਣਗੇ, ਜਿਸ ਦੀ ਸਹਿਮਤੀ ਜੀਵਨ ਦਾਸ ਵੱਲੋਂ ਵੀ ਦਿੱਤੀ ਹੋਈ ਹੈ ਤੇ ਕਰੀਬ ਤਿੰਨ ਸਾਲ ਪਹਿਲਾਂ ਜੀਵਨ ਦਾਸ ਵੱਲੋਂ ਵੀ ਇਕ ਵਿਆਹ ਮੁਹੱਲੇ ਵਿਚ ਤੁੜਵਾਇਆ ਗਿਆ ਸੀ, ਜੋ ਇਕੋ ਹੀ ਗੋਤ ਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਈ ਹੈ ਤਾਂ ਜੀਵਨਦਾਰ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਜਿਹੜੀਆਂ ਔਰਤਾਂ ਜੀਵਨ ਦਾਸ ਦੇ ਘਰ ਦੇ ਬਾਹਰ ਗਈਆਂ ਹਨ, ਉਹ ਗ਼ਲਤ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕੋਈ ਧਾਰਮਿਕ ਸਥਾਨ ’ਤੇ ਆਉਣ ਤੋਂ ਨਹੀਂ ਰੋਕਿਆ ਸਕਦਾ ਤੇ ਨਾ ਹੀ ਕਿਸੇ ਨੇ ਰੋਕਿਆ ਹੈ। ਇਸ ਸਬੰਧੀ ਐੱਸ. ਐੱਚ. ਓ. ਗੋਰਾਇਆ ਪਰਮਿੰਦਰ ਸਿੰਘ ਰਾਏ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਦੋਵੇਂ ਪਾਰਟੀਆਂ ਨੂੰ ਦੋਬਾਰਾ ਥਾਣੇ ਬੁਲਾਇਆ ਗਿਆ ਹੈ। ਵੀਡੀਓ ਦੀ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁਹੱਲਾ ਵਾਸੀਆਂ ਵੱਲੋਂ ਬਾਇਕਾਟ ਕਰਨ ਸਬੰਧੀ ਲਿਖ਼ਤੀ ਪੇਪਰ ਦੇਣ ਲਈ ਜੀਵਨ ਦਾਸ ਆਪਣੇ ਸਾਥੀ ਕੌਂਸਲਰਾਂ ਨਾਲ ਥਾਣੇ ਗਏ ਅਤੇ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਨਕੋਦਰ: ਭੈਣ ਦੇ ਪਿੰਡ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਹ ਤੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ