ਕਾਂਗਰਸੀ ਕੌਂਸਲਰ ਨੇ ਨਗਰ ਕੌਂਸਲ ਪ੍ਰਧਾਨ ''ਤੇ ਲਾਏ ਸਰਕਾਰੀ ਥਾਵਾਂ ''ਤੇ ਨਾਜਾਇਜ਼ ਕਬਜ਼ੇ ਕਰਵਾਉਣ ਦੇ ਦੋਸ਼

Thursday, Apr 12, 2018 - 01:58 AM (IST)

ਕਾਂਗਰਸੀ ਕੌਂਸਲਰ ਨੇ ਨਗਰ ਕੌਂਸਲ ਪ੍ਰਧਾਨ ''ਤੇ ਲਾਏ ਸਰਕਾਰੀ ਥਾਵਾਂ ''ਤੇ ਨਾਜਾਇਜ਼ ਕਬਜ਼ੇ ਕਰਵਾਉਣ ਦੇ ਦੋਸ਼

ਭੁੱਚੋ ਮੰਡੀ(ਨਾਗਪਾਲ)-ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਭੁੱਚੋ ਮੰਡੀ ਦੇ ਸਾਬਕਾ ਚੇਅਰਮੈਨ ਅਤੇ ਕੌਂਸਲਰ ਤੇਜਾ ਸਿੰਘ ਦੰਦੀਵਾਲ ਨੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਅਧਿਕਾਰੀਆਂ 'ਤੇ ਕੌਂਸਲ 'ਚ ਵੱਡੇ ਪੱਧਰ 'ਤੇ ਧਾਂਦਲੀਆਂ ਕਰਨ ਦਾ ਦੋਸ਼ ਲਾਉਂਦੇ ਹੋਏ ਇਸ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੌਂਸਲ ਪ੍ਰਧਾਨ ਨੇ ਹਲਕੇ ਦੇ ਅਕਾਲੀ-ਭਾਜਪਾ ਆਗੂਆਂ ਦੀ ਮਿਲੀਭੁਗਤ ਨਾਲ ਸਰਕਾਰ ਦੇ ਲੱਖਾਂ ਰੁਪਏ ਮੁੱਲ ਦੀਆਂ ਵਪਾਰਕ ਦੁਕਾਨਾਂ ਦੀਆਂ ਥਾਵਾਂ 'ਤੇ ਨਾਜਾਇਜ਼ ਕਬਜ਼ੇ ਕਰਵਾਏ। ਉਨ੍ਹਾਂ ਕਿਹਾ ਕਿ ਭਾਵੇਂ ਕਬਜ਼ੇ ਬਾਰੇ ਨਗਰ ਕੌਂਸਲ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਸਬੰਧਤ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪਤਾ ਹੈ ਪਰ ਉਹ ਅਕਾਲੀ-ਭਾਜਪਾ ਆਗੂਆਂ ਦੇ ਪ੍ਰਭਾਵ ਕਾਰਨ ਅੱਖਾਂ ਬੰਦ ਕਰ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਹਲਕੇ ਦੇ ਕਾਂਗਰਸੀ ਆਗੂ ਇਕੱਠੇ ਹੋ ਕੇ ਨਗਰ ਕੌਂਸਲ ਭੁੱਚੋ ਮੰਡੀ ਵਿਚ ਹੋਏ ਅਨੇਕਾਂ ਘਪਲਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਿਖਤੀ ਜਾਣਕਾਰੀ ਦੇਣਗੇ। ਕਾਂਗਰਸੀ ਕੌਂਸਲਰ ਵੱਲੋਂ ਅਕਾਲੀ-ਭਾਜਪਾ ਪ੍ਰਧਾਨ 'ਤੇ ਲਾਏ ਦੋਸ਼ਾਂ ਸਬੰਧੀ ਗੱਲ ਕਰਦਿਆਂ ਕੌਂਸਲ ਪ੍ਰਧਾਨ ਰਾਕੇਸ਼ ਕੁਮਾਰ ਕੇਛਾ ਨੇ ਉਨ੍ਹਾਂ ਉਪਰ ਲਾਏ ਜਾ ਰਹੇ ਦੋਸ਼ ਗਲਤ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਪਾਰਕ ਦੁਕਾਨ 'ਤੇ ਨਾਜਾਇਜ਼ ਕਬਜ਼ਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।


Related News