ਕਾਂਗਰਸ ਦੀ ਰੈਲੀ ''ਚ ਕੈਪਟਨ ਤੇ ਸਿੱਧੂ ਦੀ ਗੈਰ-ਹਾਜ਼ਰੀ ਨੇ ਛੇੜੀ ਨਵੀਂ ਚਰਚਾ

Sunday, Dec 15, 2019 - 06:26 PM (IST)

ਕਾਂਗਰਸ ਦੀ ਰੈਲੀ ''ਚ ਕੈਪਟਨ ਤੇ ਸਿੱਧੂ ਦੀ ਗੈਰ-ਹਾਜ਼ਰੀ ਨੇ ਛੇੜੀ ਨਵੀਂ ਚਰਚਾ

ਚੰਡੀਗੜ੍ਹ : ਕਾਂਗਰਸ ਦੀ ਦਿੱਲੀ ਵਿਚ ਹੋਈ 'ਭਾਰਤ ਬਚਾਓ ਰੈਲੀ' 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਕਾਰਨ ਚੰਡੀਗੜ੍ਹ ਤੋਂ ਉਡਾਨ ਨਹੀਂ ਭਰ ਸਕਿਆ ਅਤੇ ਇਸ ਕਰਕੇ ਉਹ ਰੈਲੀ ਵਿਚ ਪਹੁੰਚ ਨਹੀਂ ਸਕੇ। ਹਾਲਾਂਕਿ ਕਾਂਗਰਸ ਦੀ ਸੱਤਾ ਵਾਲੇ ਦੂਜੇ ਸੁਬਿਆਂ ਦੇ ਮੁੱਖ ਮੰਤਰੀ ਰੈਲੀ ਵਿਚ ਸ਼ਿਰਕਤ ਕਰਨ ਲਈ ਇਕ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਗਏ ਸਨ। 

PunjabKesari

ਮੁੱਖ ਮੰਤਰੀ ਤੋਂ ਇਲਾਵਾ ਇਸ ਰੈਲੀ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਨਹੀਂ ਪਹੁੰਚੇ। ਇਸ ਕਰਕੇ ਕਾਂਗਰਸੀ ਹਲਕਿਆਂ ਵਿਚ ਦੋਵਾਂ ਦੇ ਰੈਲੀ 'ਚ ਨਾ ਪੁੱਜਣ ਦੀ ਚਰਚਾ ਹੁੰਦੀ ਰਹੀ। ਦੋਵਾਂ ਆਗੂਆਂ ਦੇ ਰੈਲੀ ਵਿਚ ਨਾ ਪਹੁੰਚਣ ਦਾ ਕਾਂਗਰਸ ਹਾਈ ਕਮਾਂਡ ਕੋਈ ਨੋਟਿਸ ਲਵੇਗੀ ਜਾਂ ਨਹੀਂ, ਇਸ ਬਾਰੇ ਵੀ ਚੁੰਝ ਚਰਚਾ ਹੋਈ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ ਵਰਕਰਾਂ ਦੇ ਵੱਡੇ ਧੜੇ ਨਾਲ ਜ਼ਰੂਰ ਇਸ ਰੈਲੀ ਵਿਚ ਪਹੁੰਚੇ ਪਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੀ ਗੈਰ-ਮੌਜੂਦਗੀ ਨੇ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ। 

PunjabKesari

ਉਂਝ ਲੋਕ ਸਭਾ ਚੋਣਾਂ ਦਰਮਿਆਨ ਦੋਵਾਂ ਲੀਡਰਾਂ ਵਿਚਾਲੇ ਪੈਦਾ ਹੋਏ ਵਿਵਾਦ ਤੋਂ ਬਾਅਦ ਇਹ ਪਹਿਲਾ ਮੌਕਾ ਹੋਣਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਇਕੋ ਸਿਆਸੀ ਮੰਚ 'ਤੇ ਨਜ਼ਰ ਆਉਣੇ ਸਨ। ਇਸ ਤੋਂ ਪਹਿਲਾਂ ਵੀ ਦੋਵੇਂ ਲੀਡਰ ਇਕੋ ਜਥੇ 'ਚ ਇਕੱਠਿਆਂ ਪਾਕਿਸਤਾਨ ਸਥਿਤ ਸ੍ਰੀ ਕਰਤਾਪੁਰ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਗਏ ਸਨ ਪਰ ਉਦੋਂ ਵੀ ਇਕੋ ਵਾਹਨ 'ਚ ਹੋਣ ਦੇ ਬਾਵਜੂਦ ਦੋਵਾਂ ਨੇ ਇਕ ਦੂਜੇ ਵੱਲ ਦੇਖਿਆ ਤਕ ਨਹੀਂ। 


author

Gurminder Singh

Content Editor

Related News