ਜਾਖੜ-ਕਵਿਤਾ ਖੰਨਾ ਵਿਚਕਾਰ ਮੁਲਾਕਾਤ ਨਾਲ ਕਾਂਗਰਸ ਤੇ ਭਾਜਪਾ ''ਚ ਭੂਚਾਲ

09/26/2017 9:16:13 AM

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਸੁਨੀਲ ਜਾਖੜ ਬੀਤੇ ਦਿਨ ਸਵ. ਸੰਸਦ ਵਿਨੋਦ ਖੰਨਾ ਦੀ ਪਤਨੀ ਨਾਲ ਹੋਈ ਮੁਲਕਾਤ ਨੇ ਸਿਆਸੀ ਜੰਗ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੇ ਕੁਝ ਵੱਡੇ ਨੇਤਾ ਇਸ ਗੱਲਬਾਤ ਨਾਲ ਕਾਂਗਰਸ ਨੂੰ ਨੁਕਸਾਨ ਹੋਣ ਦੀ ਗੱਲ ਕਰ ਰਹੇ ਹਨ ਜਦਕਿ ਕੁਝ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਨੇ ਇਹ ਮੁਲਾਕਾਤ ਕਰ ਕੇ ਜਿਥੇ ਕਵਿਤਾ ਖੰਨਾ ਦੀ ਹਮਦਰਦੀ ਪ੍ਰਾਪਤ ਕੀਤੀ ਹੈ, ਉਥੇ ਭਾਜਪਾ 'ਚ ਕਲੇਸ਼ ਸ਼ੁਰੂ ਕਰਵਾ ਦਿੱਤਾ ਹੈ। ਕਵਿਤਾ ਖੰਨਾ ਨੇ ਇਸ ਮੁਲਾਕਾਤ ਨੂੰ ਕੇਵਲ ਜਾਖੜ ਵੱਲੋਂ ਮੇਰੇ ਨਿਵਾਸ 'ਤੇ ਆ ਕੇ ਅਫਸੋਸ ਪ੍ਰਗਟ ਕਰਨ ਦੀ ਗੱਲ ਆਖੀ ਹੈ। 
ਇਸ ਦੇ ਬਾਵਜੂਦ ਰਾਜਨੀਤਿਕ ਮਾਹਿਰ ਇਸ ਵਾਰਤਾਲਾਪ ਦਾ ਆਪਣੇ-ਆਪਣੇ ਢੰਗ ਨਾਲ ਵੱਖ-ਵੱਖ ਮਤਲਬ ਕੱਢ ਰਹੇ ਹਨ। ਜਾਖੜ ਨੇ ਕਵਿਤਾ ਖੰਨਾ ਨਾਲ ਗੱਲਬਾਤ ਕਰ ਕੇ ਇਕ ਤੀਰ ਨਾਲ 2 ਨਿਸ਼ਾਨੇ ਸਾਧੇ ਹਨ। ਇਸ ਕੂਟਨੀਤੀ ਨਾਲ ਜਾਖੜ ਦੇ ਸਿਆਸੀ ਵਿਰੋਧੀ ਵੀ ਉਲਝ ਕੇ ਰਹਿ ਗਏ ਹਨ। ਕਾਂਗਰਸ ਅਤੇ ਭਾਜਪਾ ਦੋਵਾਂ ਖੇਮਿਆਂ ਵਿਚ ਇਸ ਗੱਲਬਾਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਦੋਵੇਂ ਹੀ ਰਾਜਨੀਤਿਕ ਦਲਾਂ 'ਚ ਇਹ ਵਿਵਾਦ ਸਪੱਸ਼ਟ ਦਿਖਾਈ ਦੇ ਰਿਹਾ ਹੈ।
ਕਵਿਤਾ ਖੰਨਾ ਇਸ ਸਮੇਂ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਉਨ੍ਹਾਂ ਨੂੰ ਟਿਕਟ ਨਾ ਮਿਲਣ ਕਾਰਨ ਕਾਂਗਰਸ ਦੀ ਨਜ਼ਰ 'ਚ ਸਭ ਤੋਂ ਵਧੀਆ ਟਾਰਗੇਟ ਮੰਨੀ ਜਾ ਰਹੀ ਹੈ। ਜਾਖੜ ਨੇ ਰਾਜਨੀਤਿਕ ਸਤਰੰਜ ਦਾ ਖੇਡ ਖੇਡਦੇ ਹੋਏ ਕਵਿਤਾ ਖੰਨਾ ਨਾਲ ਗੱਲਬਾਤ ਕਰ ਕੇ ਜੋ ਵਿਨੋਦ ਖੰਨਾ ਦੇ ਅਧੂਰੇ ਪ੍ਰਾਜੈਕਟਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ ਹੈ, ਉਸ ਨਾਲ ਉਹ ਕਵਿਤਾ ਖੰਨਾ ਨੂੰ ਇਹ ਸੰਦੇਸ਼ ਦੇਣ ਵਿਚ ਸਫ਼ਲ ਹੋਏ ਹਨ ਕਿ ਜੇਕਰ ਉਹ ਚੋਣ ਜਿੱਤ ਗਏ ਤਾਂ ਵਿਨੋਦ ਖੰਨਾ ਦੇ ਸਾਰੇ ਸੁਪਨੇ ਪੂਰੇ ਕਰਨਗੇ। ਜਦਕਿ ਭਾਜਪਾ ਉਮੀਦਵਾਰ ਨੇ ਤਾਂ ਇਸ ਸੰਬੰਧੀ ਸਪੱਸ਼ਟ ਕਿਹਾ ਹੈ ਕਿ ਜੇਕਰ ਜਾਖ਼ੜ ਮੇਰੇ ਕੋਲ ਵੀ ਆਉਂਦੇ ਤਾਂ ਮੈਂ ਵੀ ਉਨ੍ਹਾਂ ਦਾ ਸਵਾਗਤ ਕਰਾਂਗਾ ਪਰ ਵਿਨੋਦ ਖੰਨਾ ਦੇ ਸੁਪਨੇ ਪੂਰੇ ਕਰਨ ਵਿਚ ਭਾਜਪਾ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। 

ਕੈਪਟਨ ਨਾਲ ਗੱਲ ਕਰਨ ਤੋਂ ਬਾਅਦ ਬਣਿਆ ਪ੍ਰੋਗਰਾਮ
ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਦਾ ਕਵਿਤਾ ਨਾਲ ਮੁਲਕਾਤ ਦਾ ਪ੍ਰੋਗਰਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਹੀ ਬਣਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਚਾਹੁੰਦੇ ਹਨ ਕਿ ਕਵਿਤਾ ਖੰਨਾ ਕਿਸੇ ਤਰ੍ਹਾਂ ਨਾਲ ਕਾਂਗਰਸ ਖੇਮੇ ਵਿਚ ਆ ਜਾਵੇ ਪਰ ਕਵਿਤਾ ਖੰਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਾਖੜ ਦਾ ਮੇਰੇ ਨਿਵਾਸ 'ਤੇ ਆਉਣਾ ਕੇਵਲ ਵਿਨੋਦ ਖੰਨਾ ਦੀ ਮੌਤ ਸੰਬੰਧੀ ਸ਼ੋਕ ਪ੍ਰਗਟ ਕਰਨਾ ਸੀ ਅਤੇ ਇਸ ਗੱਲਬਾਤ ਦਾ ਰਾਜਨੀਤੀ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ।


Related News