ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾ ਕੇ ਕਾਂਗਰਸ ਨੇ SC ਭਾਈਚਾਰੇ ਨਾਲ ਧੋਖਾ ਕੀਤਾ : ਡਾ. ਸੁਭਾਸ਼ ਸ਼ਰਮਾ

12/14/2021 12:13:42 PM

ਚੰਡੀਗੜ੍ਹ (ਸ਼ਰਮਾ) : ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਪੰਜਾਬ ਲਈ ਬਣਾਈ ਚੋਣ ਕਮੇਟੀ ’ਚ ਨਵਜੋਤ ਸਿੱਧੂ ਨੂੰ ਚੇਅਰਮੈਨ ਅਤੇ ਚੰਨੀ ਨੂੰ ਸਿਰਫ਼ ਮੈਂਬਰ ਬਣਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਚੰਨੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਗੇ। ਉਨ੍ਹਾਂ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਪੰਜਾਬ ਦੇ ਐੱਸ. ਸੀ. ਸਮਾਜ ਨਾਲ ਧੋਖਾ ਹੈ ਕਿਉਂਕਿ ਚੰਨੀ ਨੂੰ ਸਿਰਫ਼ ਐੱਸ. ਸੀ . ਵੋਟ ਖਿੱਚਣ ਲਈ ਹੀ ਅੰਤਰਿਮ ਮੁੱਖ ਮੰਤਰੀ ਬਣਾਇਆ ਗਿਆ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸ਼ੁਰੂ ਤੋਂ ਹੀ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਨਾਤੇ ਪ੍ਰੋਜੈਕਟ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਾ ਸਿਰਫ਼ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਢਾਹ ਲਾਈ ਹੈ, ਸਗੋਂ ਐੱਸ. ਸੀ. ਸਮਾਜ ਨੂੰ ਅਪਮਾਨਿਤ ਵੀ ਕੀਤਾ ਹੈ। ਉਨ੍ਹਾਂ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਦੀ ਨੀਅਤ ਸਾਫ਼ ਹੈ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜਥੇਦਾਰ ਦਾਦੂਵਾਲ ਨੇ ਮੁੱਖ ਮੰਤਰੀ ਨੂੰ ਮਿਲ ਕੇ ਬੇਅਦਬੀਆਂ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਕੀਤੀ ਮੰਗ

ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਚੋਣ ਕਮੇਟੀ ਦੀ ਕਮਾਨ ਸੌਂਪੀ ਹੈ। ਇਸ ਦੇ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਸੂਬਾ ਇਲੈਕਸ਼ਨ ਕਮੇਟੀ ’ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੇਅਰਮੈਨ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਅਤੇ ਕਾਂਗਰਸ ਨੇਤਾਵਾਂ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਨ੍ਹਾਂ ’ਚ ਕੋਆਰਡੀਨੇਸ਼ਨ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਕੈਂਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਐੱਚ.ਐੱਸ. ਹੰਸਪਾਲ, ਮੋਹਿੰਦਰ ਸਿੰਘ ਕੇ. ਪੀ., ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਰਮਿੰਦਰ ਆਵਲਾ, ਕੇ. ਐੱਲ. ਸ਼ਰਮਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਉਪ-ਪ੍ਰਧਾਨ ਲਾਲ ਸਿੰਘ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ, ਪੰਜਾਬ ਕਾਂਗਰਸ ਦੇ ਉਪ-ਪ੍ਰਧਾਨ ਗੁਰਪ੍ਰੀਤ ਕਾਂਗੜ, ਵਿਧਾਇਕ ਬਲਬੀਰ ਸਿੰਘ ਸਿੱਧੂ, ਸੁੰਦਰ ਸ਼ਿਆਮ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੌਤ, ਅਜਾਇਬ ਸਿੰਘ ਭੱਟੀ, ਨਵਤੇਜ ਸਿੰਘ ਚੀਮਾ, ਰਾਜਕੁਮਾਰ ਚੱਬੇਵਾਲ ਸਮੇਤ ਨੇਤਾ ਹਾਮਿਦ ਮਸੀਹ, ਬਲਬੀਰ ਰਾਣੀ ਸੋਢੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ, ਐੱਨ.ਐੱਸ.ਯੂ.ਆਈ. ਦੇ ਪ੍ਰਧਾਨ ਅਕਸ਼ੈ ਸ਼ਰਮਾ, ਪੰਜਾਬ ਸੇਵਾ ਦਲ ਦੇ ਚੀਫ਼ ਆਰਗੇਨਾਈਜ਼ਰ ਨਿਰਮਲ ਕੈਰਾ ਅਤੇ ਲੋਕਸਭਾ ਅਤੇ ਰਾਜ ਸਭਾ ਦੇ ਤਮਾਮ ਸੰਸਦ ਮੈਂਬਰ ਅਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਮੈਂਬਰ ਦੇ ਤੌਰ ’ਤੇ ਸ਼ਾਮਲ ਹਨ।

ਇਹ ਵੀ ਪੜ੍ਹੋ : ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਮਿਸ ਯੂਨੀਵਰਸ ਦੇ ਮਾਪੇ, ਘਰ ’ਚ ਜਸ਼ਨ ਦਾ ਮਾਹੌਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News