ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਸ਼ੁਰੂ ਕੀਤੀਆਂ ਤਿਆਰੀਆਂ, ਦੋਹਰੇ ਮੋਰਚੇ 'ਤੇ ਲੜਣ ਲਈ ਕੱਸੀ ਕਮਰ

06/09/2022 12:55:48 PM

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਲਗਾਤਾਰ ਫੁੱਟ ਦੇ ਚੱਲਦਿਆਂ ਪਾਰਟੀ ਨੇ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਨੇ ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਵਿਧਾਨ ਸਭਾ ਹਲਕਿਆਂ ਦੀ ਵੰਡ ਕਰ ਦਿੱਤੀ ਹੈ। ਕਾਂਗਰਸ ਨੇ ਸੰਗਰੂਰ ਲੋਕ ਸਭਾ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਆਪਣੇ 50 ਤੋਂ ਵੱਧ ਆਗੂਆਂ ਨੂੰ ਤਾਇਨਾਤ ਕਰ ਦਿੱਤਾ ਹੈ। ਕਾਂਗਰਸ ਨੇ ਭਾਵੇਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੋਵੇ, ਪਰ ਚਾਰ ਸਾਬਕਾ ਮੰਤਰੀਆਂ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਅਤੇ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋ ਸਾਬਕਾ ਮੰਤਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਪਾਰਟੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਜ਼ਿਮਨੀ ਚੋਣਾਂ ਨੂੰ ਲੈ ਕੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਕਾਂਗਰਸ ਭਵਨ 'ਚ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿਚ ਕਾਂਗਰਸੀ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਪ੍ਰਗਟ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- CM ਮਾਨ ਦੀ ਰਿਹਾਇਸ਼ ਦੇ ਬਾਹਰ ਧਰਨੇ 'ਤੇ ਬੈਠੇ ਰਾਜਾ ਵੜਿੰਗ ਸਮੇਤ ਕਈ ਆਗੂ, ਸੁਰੱਖਿਆ ਮੁਲਾਜ਼ਮਾਂ ਨਾਲ ਉਲਝੇ

ਮੀਟਿੰਗ 'ਚ ਤੈਅ ਕੀਤਾ ਗਿਆ ਕਿ ਬਰਨਾਲਾ ਵਿਧਾਨ ਸਭਾ ਹਲਕਾ ਦੀ ਕਮਾਨ ਭਾਰਤ ਭੂਸ਼ਣ ਆਸ਼ੂ, ਲਹਿਰਾ ਤੋਂ ਬੀਬੀ ਰਾਜਿੰਦਰ ਕੌਰ ਭਠੱਲ ਅਤੇ ਪਰਗਟ ਸਿੰਘ ਸੰਭਾਲਣਗੇ। ਮਲੇਰਕੋਟਲਾ ਦੀ ਕਮਾਨ ਪ੍ਰਤਾਪ ਸਿੰਘ ਬਾਜਵਾ, ਧੂਰੀ ਤੋਂ ਸੁਖਜਿੰਦਰ ਰੰਧਾਵਾ, ਸੰਗਰੂਰ ਤੋਂ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਵਿਜੇ ਇੰਦਰ ਸਿੰਗਲਾ, ਮਹਿਲਕਲਾਂ ਤੋਂ ਕੁਸ਼ਲਦੀਪ ਢਿੱਲੋਂ ਨੂੰ ਕਮਾਨ ਸੌਂਪੀ ਗਈ ਹੈ। ਇਸ ਤੋਂ ਇਲਾਵਾ ਦਿੜ੍ਹਬਾ ਤੋਂ ਡਾ.ਰਾਜਕੁਮਾਰ ਚੱਬੇਵਾਲ ਅਤੇ ਸੁਖਪਾਲ ਖਹਿਰਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸੁਨਾਮ ਹਲਕੇ ਤੋਂ ਮਦਨਲਾਲ ਜਲਾਲਪੁਰ ਅਤੇ ਹੈਰੀ ਮਾਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ : ਭੈਣ ਦੇ ਪ੍ਰੇਮ ਵਿਆਹ ਤੋਂ ਖਫ਼ਾ ਭਰਾ ਨੇ ਦੋਸਤਾਂ ਨਾਲ ਮਿਲ ਜੀਜੇ ਨੂੰ ਗੋਲੀਆਂ ਨਾਲ ਭੁੰਨਿਆ

ਕਾਂਗਰਸ ਨੇ ਭਾਵੇਂ ਜ਼ਿਮਨੀ ਚੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹੋਣ ਪਰ ਪਾਰਟੀ ਨੂੰ ਡਰ ਵੀ ਹੈ ਕਿ ਵਿਜੀਲੈਂਸ ਵੱਲੋਂ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ’ਤੇ ਦਰਜ ਕੀਤੇ ਭ੍ਰਿਸ਼ਟਾਚਾਰ ਦੇ ਕੇਸ ਦਾ ਜ਼ਿਮਨੀ ਚੋਣ ’ਤੇ ਕੋਈ ਅਸਰ ਨਾ ਪੈ ਜਾਵੇ। ਕਿਉਂਕਿ ਸੰਗਰੂਰ ਵਿਚ ਕਾਂਗਰਸ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ-ਨਾਲ ਆਪਣੀ ਹੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਕੇਵਲ ਸਿੰਘ ਢਿੱਲੋਂ ਨਾਲ ਹੈ। ਦੱਸ ਦਈਏ ਕਿ ਢਿੱਲੋਂ ਕਾਂਗਰਸ ਨਾਲ ਸਬੰਧਤ ਸਨ ਅਤੇ ਉਨ੍ਹਾਂ ਦਾ ਸੰਪਰਕ ਵੀ ਕਾਂਗਰਸੀ ਵਰਕਰਾਂ ਨਾਲ ਰਿਹਾ ਹੈ। ਅਜਿਹੇ 'ਚ ਕਾਂਗਰਸ ਨੂੰ ਦੋਹਰੇ ਮੋਰਚੇ 'ਤੇ ਲੜਨਾ ਪਵੇਗਾ।ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਸੁੰਦਰ ਸ਼ਾਮ ਅਰੋੜਾ ਅਤੇ ਰਾਜ ਕੁਮਾਰ ਵੇਰਕਾ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ 

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਹਿਲਾ ਕਲਾਂ ਦੀ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ 'ਚ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ। ਪਾਰਟੀ ਨੇ ਇਹ ਫ਼ੈਸਲਾ ਉਦੋਂ ਲਿਆ ਹੈ ਜਦੋਂ ਸੰਗਰੂਰ ਵਿਚ ਲੋਕ ਸਭਾ ਉਪ ਚੋਣ ਹੋ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News