‘ਦਸਮ ਪਿਤਾ ਦੀ ਤਸਵੀਰ ਨਾਲ ਛੇੜਛਾੜ ’ਤੇ ਕਾਂਗਰਸ ਮੰਗੇ ਮੁਆਫੀ’

Sunday, Dec 24, 2017 - 06:52 PM (IST)

‘ਦਸਮ ਪਿਤਾ ਦੀ ਤਸਵੀਰ ਨਾਲ ਛੇੜਛਾੜ ’ਤੇ ਕਾਂਗਰਸ ਮੰਗੇ ਮੁਆਫੀ’

ਸ੍ਰੀ ਆਨੰਦਪੁਰ ਸਾਹਿਬ (ਬਿਊਰੋ)- ਪੰਜਾਬ ਸਰਕਾਰ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸਰਕਾਰ ਵਲੋਂ ਅਖਬਾਰਾਂ ਵਿਚ ਇਸ਼ਤਿਹਾਰ ਦਿੱਤੇ ਗਏ। ਇਸ਼ਤਿਹਾਰਾਂ ’ਚ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿਚ ਗੁਰੂ ਸਾਹਿਬ ਇਕ ਘੋੜੇ ’ਤੇ ਸਵਾਰ ਹਨ। ਇਸ ਇਸ਼ਤਿਹਾਰ ਵਿਚ ਜਿਸ ਤਸਵੀਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦੱਸ ਕੇ ਛਾਪਿਆ ਗਿਆ ਹੈ ਉਹ ਅਸਲ ਵਿਚ ਉਨ੍ਹਾਂ ਦੀ ਤਸਵੀਰ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਤਸਵੀਰ ਅਸਲ ਵਿਚ 18ਵੀਂ ਸਦੀ ਦੇ ਫਰਾਂਸਿਸੀ ਫੌਜ ਮੁਖੀ ਨੇਪੋਲੀਅਨ ਬੋਨਾਪਾਰਟ ਦੀ ਤਸਵੀਰ ਹੈ। ਇਸ ਤਸਵੀਰ ਵਿਚ ਬੋਨਾਪਾਰਟ ਦੇ ਚਿਹਰੇ ਨੂੰ ਹਟਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਚਿਹਰਾ ਲਗਾਇਆ ਗਿਆ ਹੈ। ਉਨ੍ਹਾਂ ਦੇ ਹੱਥ ਵਿਚ ਤਲਵਾਰ ਹੈ। ਚੀਮਾ ਨੇ ਕਿਹਾ ਕਿ ਇਹ ਸਿੱਧੇ ਤੌਰ ’ਤੇ ਬੇਅਦਬੀ ਕੀਤੀ ਗਈ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ, ਇਸ ਨੂੰ ਲੈ ਕੇ ਮੁੱਖ ਮੰਤਰੀ ਸਮੇਤ ਪੂਰੀ ਕੈਬਿਨੇਟ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਸ਼ਤਿਹਾਰ ਬਣਾਉਣ ਵਾਲੀ ਕੰਪਨੀ ਦਾ ਲਾਇਸੈਂਸ ਰੱਦ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨਾ ਚਾਹੀਦਾ ਹੈ।
ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਉਨ੍ਹਾਂ ਦੇ ਜਨਮ ਸਥਾਨ ਪਟਨਾ ਸਾਹਿਬ ਵਿਚ ਇਕ ਅਲੌਕਿਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। 


Related News