ਕਾਂਗਰਸ ਦੇ ਨਾਰਾਜ਼ ਵਿਧਾਇਕ ਅਕਾਲੀ ਦਲ ਦੇ ਸੰਪਰਕ ''ਚ

07/24/2017 6:41:53 AM

ਜਲੰਧਰ (ਰਵਿੰਦਰ ਸ਼ਰਮਾ) - ਪੰਜਾਬ ਦੀ ਕੈਪਟਨ ਸਰਕਾਰ ਵਿਚ ਕੁਝ ਵੀ ਚੰਗਾ ਚੱਲ ਰਿਹਾ। ਸਰਕਾਰ ਦੀ ਕਾਰਜ ਪ੍ਰਣਾਲੀ ਤੋਂ ਨਾਰਾਜ਼ ਕਈ ਕਾਂਗਰਸੀ ਵਿਧਾਇਕ ਲਗਾਤਾਰ ਅਕਾਲੀ ਦਲ ਦੇ ਸੰਪਰਕ ਵਿਚ ਹਨ। ਕੈਪਟਨ ਸਰਕਾਰ ਦੀ ਸਿਰਫ 4 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਇਹ ਵਿਧਾਇਕ ਇੰਨੇ ਖਫਾ ਹੋ ਚੁੱਕੇ ਹਨ ਕਿ ਉਹ ਪਾਸਾ ਬਦਲਣ ਦੇ ਮੂਡ ਵਿਚ ਹਨ। ਅਜੇ ਸਭ ਕੁਝ ਕਹਿਣਾ ਭਾਵੇਂ ਕੁਝ ਜਲਦਬਾਜ਼ੀ ਹੋਵੇ ਪਰ ਹਕੀਕਤ ਇਹ ਹੈ ਕਿ ਕੈਪਟਨ ਸਰਕਾਰ ਦੇ ਵਿਧਾਇਕ ਗੁੱਡ ਫੀਲ ਨਹੀਂ ਕਰ ਰਹੇ ਪਰ ਆਉਣ ਵਾਲੇ ਇਕ-ਅੱਧੇ ਮਹੀਨੇ ਵਿਚ ਅਜਿਹਾ ਹੀ ਚੱਲਦਾ ਰਿਹਾ ਤਾਂ ਕੈਪਟਨ ਸਰਕਾਰ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ।
ਵਿਧਾਇਕਾਂ ਦੇ ਦਿਲ ਦਾ ਦਰਦ
ਇਸ ਗੱਲ ਨੂੰ ਲੈ ਕੇ ਨਾ ਤਾਂ ਉਨ੍ਹਾਂ ਦੀ ਸਰਕਾਰ ਵਿਚ ਸੁਣਵਾਈ ਹੋ ਰਹੀ ਹੈ ਤੇ ਨਾ ਹੀ ਬਿਊਰੋਕ੍ਰੇਸੀ ਵਿਚ। ਵਿਧਾਇਕਾਂ ਦਾ ਕਹਿਣਾ ਹੈ ਕਿ ਬਿਊਰੋਕ੍ਰੇਸੀ ਇਸ ਸਰਕਾਰ ਵਿਚ ਇਥੋਂ ਤਕ ਹਾਵੀ ਹੋ ਚੁੱਕੀ ਹੈ ਕਿ ਵਿਧਾਇਕਾਂ ਦਾ ਵਜੂਦ ਹੀ ਖਤਮ ਹੋਣ ਲੱਗਾ ਹੈ। ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵਿਧਾਇਕ ਨੂੰ ਮਿਲ ਰਹੇ ਹਨ ਤੇ ਨਾ ਹੀ ਜ਼ਿਲਾ ਪੱਧਰ 'ਤੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਵਿਧਾਇਕਾਂ  ਦੀ ਗੱਲ 'ਤੇ ਮੋਹਰ ਲੱਗ ਰਹੀ ਹੈ। ਨਾ ਕਿਸੇ ਵਿਧਾਇਕ ਦੀ ਸਿਫਾਰਿਸ਼ 'ਤੇ ਟਰਾਂਸਫਰ ਹੋ ਰਹੀ ਹੈ ਤੇ ਨਾ ਹੀ ਵਿਧਾਇਕ ਆਪਣੇ ਮਨ ਚਾਹੇ ਐੱਸ. ਐੱਚ. ਓ. ਤੇ ਡੀ. ਐੱਸ. ਪੀ. ਲਗਾ ਸਕਦੇ ਹਨ। ਇਸ ਹਾਲਾਤ 'ਚ ਸਾਰੇ ਪਾਰਟੀ ਵਿਧਾਇਕ ਇਕ ਤਰ੍ਹਾਂ ਨਾਲ ਨਿਹੱਥੇ ਹੋ ਕੇ ਰਹਿ ਗਏ ਹਨ। ਵਿਧਾਇਕਾਂ ਨੂੰ ਹੁਣ ਆਪਣੇ ਮਨ ਦੇ ਦਰਦ ਨੂੰ ਅਕਾਲੀ ਦਲ ਨਾਲ ਸ਼ੇਅਰ ਵੀ ਕਰਨਾ ਪੈ ਰਿਹਾ ਹੈ।
ਸਭ ਤੋਂ ਜ਼ਿਆਦਾ ਗੁੱਸਾ ਵਿਧਾਇਕਾਂ ਦਾ ਵੀ. ਆਈ. ਪੀ. ਕਲਚਰਲ ਖਤਮ ਕਰਨ ਬਾਰੇ ਹੈ। ਵਿਧਾਇਕਾਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਉਹ ਲੋਕ ਪ੍ਰਤੀਨਿਧੀ ਹੀ ਨਹੀਂ ਹਨ ਅਤੇ ਜਿੱਤਣ ਪਿਛੋਂ ਵੀ ਉਨ੍ਹਾਂ ਨੂੰ ਵਿਧਾਇਕ ਹੋਣ ਦਾ ਦਰਜਾ ਨਹੀਂ ਮਿਲ ਰਿਹਾ। ਆਪਣੀਆਂ ਸ਼ਿਕਾਇਤਾਂ ਤੇ ਮੁਸ਼ਕਿਲਾਂ ਨੂੰ ਲੈ ਕੇ ਵਿਧਾਇਕ ਰੋਜ਼ਾਨਾ ਪੰਜਾਬ ਸਕੱਤਰੇਤ ਪਹੁੰਚ ਰਹੇ ਹਨ ਪਰ ਉਥੇ ਉਨ੍ਹਾਂ ਦੀ ਕੋਈ ਸੁਣਨ ਵਾਲਾ ਨਹੀਂ ਹੈ। ਨਾ ਤਾਂ ਮੁੱਖ ਮੰਤਰੀ ਰੁਟੀਨ 'ਚ ਵਿਧਾਇਕਾਂ ਦੀ ਗੱਲ ਸੁਣ ਰਹੇ ਹਨ ਤੇ ਨਾ ਹੀ ਮੁੱਖ ਮੰਤਰੀ ਨੇ ਅਜੇ ਤਕ ਕਿਸੇ ਜ਼ਿਲੇ ਦਾ ਅਧਿਕਾਰਤ ਦੌਰਾ ਕੀਤਾ ਹੈ।
ਚਾਰ ਮਹੀਨਿਆਂ ਦੌਰਾਨ ਹੋਈ ਟਰਾਂਸਫਰ ਤੋਂ ਵੀ ਵਿਧਾਇਕ ਖੁਸ਼ ਨਹੀਂ ਹਨ। ਉਨ੍ਹਾਂ ਦੇ ਆਪਣੇ ਹਲਕੇ 'ਚ ਉਨ੍ਹਾਂ ਦੀ ਨਾ ਤਾਂ ਕੋਈ ਸਿਫਾਰਿਸ਼ ਇਸ ਮਾਮਲੇ 'ਚ ਚੱਲਦੀ ਹੈ ਤੇ ਨਾ ਹੀ ਆਪਣੇ ਮਨਚਾਹੇ ਕਿਸੇ ਮੁਲਾਜ਼ਮਾਂ ਜਾਂ ਅਧਿਕਾਰੀ ਨੂੰ ਆਪਣੇ ਹਲਕੇ ਵਿਚ ਲਗਾ ਸਕਦੇ ਹਨ। ਕਈ ਵਿਧਾਇਕਾਂ ਨੇ ਆਪੋ-ਆਪਣੇ ਪੱਧਰ 'ਤੇ ਕੁਝ ਨਾਵਾਂ ਦੀ ਸਿਫਾਰਿਸ਼ ਕੀਤੀ ਸੀ ਪਰ ਕਿਸੇ ਵੀ ਵਿਧਾਇਕ ਦੀ ਕੋਈ ਸੁਣਵਾਈ ਨਹੀਂ ਹੋਈ। ਇਕੱਲੇ ਸਿੱਖਿਆ ਵਿਭਾਗ ਨੇ 5500 ਤਬਾਦਲਿਆਂ ਦੀਆਂ ਅਰਜ਼ੀਆਂ ਵਿਧਾਇਕਾਂ ਦੇ ਜ਼ਰੀਏ ਪ੍ਰਾਪਤ ਕੀਤੀਆਂ ਸਨ ਪਰ ਇਨ੍ਹਾਂ ਵਿਚੋਂ ਕਿਸੇ 'ਤੇ ਮੋਹਰ ਨਹੀਂ ਲਗਾਈ ਗਈ। ਪਾਰਟੀ ਦੇ 5 ਤੋਂ 6 ਵਿਧਾਇਕਾਂ ਨੇ ਮੁੱਖ ਮੰਤਰੀ ਕੋਲ ਸਿੱਖਿਆ ਮੰਤਰੀ ਦੀ ਸ਼ਿਕਾਇਤ ਵੀ ਕੀਤੀ ਸੀ ਪਰ ਮੁੱਖ ਮੰਤਰੀ ਦੇ ਦਰਬਾਰ 'ਚ ਉਨ੍ਹਾਂ ਦੀ ਇਕ ਵੀ ਨਹੀਂ ਚੱਲੀ। ਅੰਦਰਖਾਤੇ ਇਹ ਚੰਗਿਆੜੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਪਰ ਮੌਖਿਕ ਤੌਰ 'ਤੇ ਅਜੇ ਕੈਪਟਨ ਵਿਰੁੱਧ ਕੋਈ ਵਿਧਾਇਕ ਖੁੱਲ੍ਹ ਕੇ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ ਹੈ।
ਪਾਰਟੀ ਦੇ ਵਿੱਤ ਮੰਤਰਾਲੇ ਤੋਂ ਸਾਰੇ ਵਿਧਾਇਕ ਬੇਹੱਦ ਨਿਰਾਸ਼ ਹਨ। ਵਿੱਤ ਮੰਤਰਾਲੇ ਤੋਂ ਵਿਧਾਇਕਾਂ ਨੂੰ ਕੋਈ ਗ੍ਰਾਂਟ ਨਹੀਂ ਮਿਲ ਰਹੀ ਹੈ, ਜਿਸ ਨਾਲ ਸਾਰੇ ਜ਼ਿਲਿਆਂ ਵਿਚ ਵਿਕਾਸ ਦੇ ਕੰਮ ਲਟਕੇ ਹੋਏ ਹਨ। ਵਿੱਤ ਮੰਤਰਾਲੇ ਦਾ ਸਾਫ ਕਹਿਣਾ ਹੈ ਕਿ ਅਜੇ ਪਹਿਲੀ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਹੋਰ ਮਦਾਂ ਦੇ ਐਲਾਨ ਪੂਰੇ ਕਰਨ ਲਈ ਫੰਡ ਜੁਟਾਇਆ ਜਾ ਰਿਹਾ ਹੈ। ਜ਼ਿਲਿਆਂ ਦੇ ਵਿਕਾਸ ਲਈ ਗ੍ਰਾਂਟ ਬਾਅਦ ਵਿਚ ਜਾਰੀ ਕੀਤੀ ਜਾਵੇਗੀ। ਕੇਵਲ ਵਿਧਾਇਕ ਹੀ ਨਹੀਂ ਕੁਝ ਕੈਬਨਿਟ ਮੰਤਰੀ ਵਿੱਤ ਮੰਤਰਾਲੇ ਦੀ ਵਰਕਿੰਗ ਤੋਂ ਖੁਸ਼ ਨਹੀਂ ਹਨ ਅਤੇ ਲਗਾਤਾਰ ਮੁੱਖ ਮੰਤਰੀ ਕੋਲ ਆਪਣੀਆਂ ਮੰਗਾਂ ਪਹੁੰਚਾ ਰਹੇ ਹਨ।
ਪਾਰਟੀ ਦੇ ਇਕ ਸੀਨੀਅਰ ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਅਜੇ ਸਰਕਾਰ ਦੇ ਪ੍ਰਤੀ ਵਿਧਾਇਕਾਂ ਦੇ ਇਸ ਗੁੱਸੇ ਦੀ ਗੱਲ ਕਰਨਾ ਬੇਹੱਦ ਜਲਦਬਾਜ਼ੀ ਹੈ। ਸਰਕਾਰ ਆਪਣਾ ਕੰਮ ਬਾਖੂਬੀ ਕਰ ਰਹੀ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੂਰਾ ਸਿਸਟਮ 10 ਸਾਲਾਂ ਵਿਚ ਤਹਿਸ-ਨਹਿਸ ਕਰ ਦਿੱਤਾ ਸੀ। ਕੈਪਟਨ ਸਰਕਾਰ ਫਿਲਹਾਲ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਨਿਭਾਅ ਅਤੇ ਸਿਸਟਮ ਨੂੰ ਸੁਧਾਰਨ 'ਚ ਲੱਗੀ ਹੋਈ ਹੈ ਅਤੇ ਛੇਤੀ ਹੀ ਸਭ ਕੁਝ ਠੀਕ ਹੋ ਜਾਵੇਗਾ।
ਕੈਪਟਨ ਸਰਕਾਰ ਨਕਾਰਾ, ਵਿਧਾਇਕ ਸੰਪਰਕ 'ਚ : ਸੁਖਬੀਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮੰਨਦੇ ਹਨ ਕਿ ਕੈਪਟਨ ਦੀ ਕਾਰਜ ਪ੍ਰਣਾਲੀ ਤੋਂ ਪ੍ਰੇਸ਼ਾਨ ਕੁਝ ਕਾਂਗਰਸੀ ਵਿਧਾਇਕ ਅਕਾਲੀ ਦਲ ਦੇ ਸੰਪਰਕ ਵਿਚ ਹਨ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਸਾਰੇ ਜ਼ਿਲਿਆਂ 'ਚ ਵਿਕਾਸ ਕੰਮ ਰੁਕੇ ਹੋਏ ਹਨ ਅਤੇ ਅਜਿਹਾ ਲੱਗ ਰਿਹਾ ਹੈ ਕਿ ਰਾਜ 'ਚ ਕੋਈ ਸਰਕਾਰ ਕੰਮ ਹੀ ਨਹੀਂ ਕਰ ਰਹੀ।
ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਿਰਫ 4 ਮਹੀਨਿਆਂ ਦੇ ਛੋਟੇ ਜਿਹੇ ਸਮੇਂ ਵਿਚ ਹੀ ਕਾਂਗਰਸ ਸਰਕਾਰ ਰਾਜ 'ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਨਾ ਤਾਂ ਰਾਜ ਦੀ ਜਨਤਾ ਹੀ ਸਰਕਾਰ ਤੋਂ ਖੁਸ਼ ਹੈ, ਨਾ ਹੀ ਕਾਂਗਰਸ ਦੇ ਵਿਧਾਇਕ ਸਰਕਾਰ ਦੇ ਕੰਮਕਾਜ ਤੋਂ ਖੁਸ਼ ਨਜ਼ਰ ਆ ਰਹੇ ਹਨ।


Related News