ਉਮੀਦਵਾਰ ਬਣਨ ਲਈ ‘ਡੋਪ’ ਟੈਸਟ ਦੀ ਰਿਪੋਰਟ ਫਾਰਮ ਨਾਲ ਨੱਥੀ ਕਰਨੀ ਹੋਵੇਗੀ ਜ਼ਰੂਰੀ : ਜ਼ੀਰਾ

07/17/2018 5:34:09 AM

ਸ੍ਰੀ ਮੁਕਤਸਰ ਸਾਹਿਬ(ਪਵਨ)-ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸ ਪਾਰਟੀ ਦੇ ਨੌਜਵਾਨ ਵਿਧਾਇਕ  ਕੁਲਬੀਰ ਸਿੰਘ ਜ਼ੀਰਾ ਆਪਣੀ ਇਕ ਨਿੱਜੀ ਫੇਰੀ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇ। ਇਸ ਦੌਰਾਨ ਪਾਰਟੀ ਦੇ ਸਰਗਰਮ ਆਗੂ ਸ਼ਰਨਜੀਤ ਸਿੰਘ ਸੰਧੂ ਸਦਰਵਾਲਾ ਚੇਅਰਮੈਨ ਜ਼ਿਲਾ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਕਾਂਗਰਸ ਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਪਾਰਟੀ ਦੀ ਮਜ਼ਬੂਤੀ ਲਈ ਅਤੇ ਹੋਰ ਨਿੱਜੀ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਥਾਨਕ ਇਕ ਰੈਸਟੋਰੈਂਟ ਵਿਚ ਪਾਰਟੀ ਵਰਕਰ ਭਰਵੀਂ ਗਿਣਤੀ ’ਚ ਇਕੱਤਰ ਹੋਏ। ਇਸ ਵੇਲੇ ਗੱਲਬਾਤ ਕਰਦਿਆਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਨਸ਼ਿਆਂ ਕਾਰਨ ਅੱਜ ਪੰਜਾਬ ਦੇ ਸਮੁੱਚੇ ਵਸਨੀਕ ਬੇਹੱਦ ਚਿੰਤਤ ਹਨ ਅਤੇ ਜਾਗਰੂਕ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਕੱਲੀਆਂ ਸਰਕਾਰਾਂ ਕਿਸੇ ਵੀ ਖੇਤਰ ’ਚ ਕਦੇ ਵੀ ਪੂਰਨ ਸਫਲਤਾ ਹਾਸਲ ਨਹੀਂ ਕਰ ਸਕਦੀਆਂ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਕੋਹਡ਼ ਨੂੰ ਖਤਮ ਕਰਨ ਵਾਸਤੇ ਆਪਣਾ ਵਧ-ਚੜ੍ਹ ਕੇ ਯੋਗਦਾਨ ਪਾਈਏ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੇਸ਼, ਕੌਮ ਅਤੇ ਆਪਣੇ ਪਰਿਵਾਰ ਦੀ ਤਰੱਕੀ ਵਾਸਤੇ ਪਹਿਲਾਂ ਆਪਣੇ ਨਿਸ਼ਾਨੇ ਮਿੱਥਣ ਅਤੇ ਫਿਰ ਉਨ੍ਹਾਂ ਨਿਸ਼ਾਨਿਆਂ ਦੀ ਪ੍ਰਾਪਤੀ ਵਾਸਤੇ ਸਖ਼ਤ ਮਿਹਨਤ ਕਰਨ। ਇਸ ਤੋਂ ਇਲਾਵਾ ਨੌਜਵਾਨ ਸਮਾਜ ਸੇਵੀ ਸੰਸਥਾਵਾਂ ਨਾਲ ਜੁਡ਼ ਕੇ ਸਮਾਜ ਦੀ ਭਲਾਈ ਵਾਸਤੇ ਸੇਵਾਵਾਂ ਕਰਨ ਲਈ ਵੀ ਅੱਗੇ ਆਉਣ ਅਤੇ ਖਾਸ ਕਰ ਕੇ ਖੇਡਾਂ ਵਿਚ ਹਿੱਸਾ ਲੈਣ। ਉਨ੍ਹਾਂ ਨਸ਼ਿਆਂ ਦੀ ਦਲ-ਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਬਣਾਈਆਂ ਨੀਤੀਆਂ ਦਾ ਲਾਭ ਲੈਂਦੇ ਹੋਏ ਆਪਣਾ ਇਲਾਜ ਕਰਵਾਉਣ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਵਿਚ ਹਿੱਸਾ ਪਾਉਣ। ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਹਲਕਾ ਜ਼ੀਰਾ ਵਿਚ ਅਸੀਂ ਉਸ ਵਿਅਕਤੀ ਨੂੰ ਪਾਰਟੀ ਵੱਲੋਂ ਟਿਕਟ ਦੇਵਾਂਗੇ, ਜਿਸ ਦਾ ਡੋਪ ਟੈਸਟ ਨੈਗੇਟਿਵ ਪਾਇਆ ਜਾਵੇਗਾ ਅਤੇ ਪਾਰਟੀ ਉਮੀਦਵਾਰ ਬਣਨ ਲਈ ਫਾਰਮ ਭਰ ਕੇ ਉਸ ਨਾਲ ਆਪਣੇ ਡੋਪ ਟੈਸਟ ਦੀ ਰਿਪੋਰਟ ਨੱਥੀ ਕਰਨੀ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਸਦਕਾ ਪੰਜਾਬ ਨੂੰ ਅਜਿਹੇ ਭਿਆਨਕ ਦੌਰ ’ਚੋਂ ਲੰਘਣਾ ਪੈ ਰਿਹਾ ਹੈ। ਇਸ ਦੌਰਾਨ ਸ਼ਰਨਜੀਤ ਸਿੰਘ ਸੰਧੂ ਤੋਂ ਇਲਾਵਾ ਬਰਿੰਦਰਮੀਤ ਸਿੰਘ ਪਾਹਡ਼ਾ, ਗੁਰਮੀਤ ਸਿੰਘ ਪਾਹਡ਼ਾ, ਸਰਬਜੀਤ ਸਿੰਘ ਕਾਕਾ ਬਰਾਡ਼, ਗੁਰਪ੍ਰੀਤ ਸਿੰਘ ਮਸੌਣ, ਸੇਮਾ ਮਹਾਬੱਧਰ, ਗੁਰਦੀਪ ਸਿੰਘ ਗਾਗਾ, ਬਰਿੰਦਰ ਸਿੰਘ ਸਿੱਧੂ, ਸੇਵਕ ਭੁੱਲਰ ਆਦਿ ਸਮੇਤ ਹੋਰ ਵੀ ਪਾਰਟੀ ਦੇ ਸਰਗਰਮ ਆਗੂ ਮੌਜੂਦ ਸਨ। 


Related News