ਵਰਕਰਾਂ ਨੇ ਬਲਾਕ ਪ੍ਰਧਾਨ ''ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਲਾਏ ਦੋਸ਼
Sunday, Feb 18, 2018 - 03:18 AM (IST)

ਮਾਮਲਾ ਕਾਂਗਰਸੀਆਂ ਵੱਲੋਂ ਬਲਾਕ ਪ੍ਰਧਾਨ ਵਿਰੁੱਧ ਮੂੰਹ ਖੋਲ੍ਹਣ ਦਾ
ਸੰਗਤ ਮੰਡੀ(ਮਨਜੀਤ)-ਚੁੱਘੇ ਕਲਾਂ ਵਿਖੇ ਕੁਝ ਟਕਸਾਲੀ ਕਾਂਗਰਸੀਆਂ ਵੱਲੋਂ ਬਠਿੰਡਾ ਦਿਹਾਤੀ ਦੇ ਬਲਾਕ ਪ੍ਰਧਾਨ ਪਰਮਿੰਦਰ ਸ਼ਰਨੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਹ ਦੋਸ਼ ਲਾਏ ਸਨ ਕਿ ਉਹ ਉਨ੍ਹਾਂ ਦੇ ਕੰਮ ਨਹੀਂ ਕਰ ਰਿਹਾ, ਬਲਕਿ ਅਕਾਲੀ ਦਲ ਦੇ ਕੰਮ ਕਰਵਾ ਰਿਹਾ ਹੈ। ਹੁਣ ਕੁਝ ਵਰਕਰਾਂ ਵੱਲੋਂ ਬਲਾਕ ਪ੍ਰਧਾਨ ਪਰਮਿੰਦਰ ਸ਼ਰਨੀ 'ਤੇ ਫਿਰ ਦੋਸ਼ ਲਾਏ ਗਏ ਹਨ ਕਿ ਉਹ ਆਪਣੇ ਬੰਦੇ ਉਨ੍ਹਾਂ ਦੇ ਘਰ ਭੇਜ ਕੇ ਚੁੱਪ ਨਾ ਰਹਿਣ ਦੀ ਸੂਰਤ 'ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ, ਮੱਖਣ ਸਿੰਘ, ਦਰਸ਼ਨ ਸਿੰਘ ਤੇ ਬਲਦੇਵ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਪਿਛਲੇ ਦਿਨੀਂ ਬਲਾਕ ਪ੍ਰਧਾਨ ਪਰਮਿੰਦਰ ਸ਼ਰਨੀ ਵਿਰੁੱਧ ਵਰਕਰਾਂ ਨੂੰ ਅੱਖੋਂ-ਪਰੋਖੇ ਕਰਨ ਕਾਰਨ ਮੋਰਚਾ ਖੋਲ੍ਹਿਆ ਸੀ। ਇਸੇ ਰੰਜਿਸ਼ ਤਹਿਤ ਹੀ ਸ਼ਰਨੀ ਵੱਲੋਂ ਆਪਣੇ ਕੁਝ ਸਾਥੀ ਉਨ੍ਹਾਂ ਦੇ ਘਰ ਭੇਜ ਕੇ ਕਿਹਾ ਗਿਆ ਕਿ ਉਹ ਚੁੱਪ ਕਰ ਜਾਣ ਨਹੀਂ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਪੁਲਸ ਦਾ ਡਰ ਦਿੰਦਿਆਂ ਕਿਹਾ ਗਿਆ ਕਿ ਉਹ ਉਨ੍ਹਾਂ ਨਾਲ ਰਲ ਜਾਣ ਨਹੀਂ ਤਾਂ ਇਸ ਦਾ ਨਤੀਜਾ ਬੁਰਾ ਹੋਵੇਗਾ। ਇਨ੍ਹਾਂ ਵਰਕਰਾਂ ਵੱਲੋਂ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਬਲਾਕ ਪ੍ਰਧਾਨ ਪਰਮਿੰਦਰ ਸ਼ਰਨੀ ਹੋਵੇਗਾ। ਇਸ ਸਬੰਧੀ ਜਦ ਬਲਾਕ ਪ੍ਰਧਾਨ ਪਰਮਿੰਦਰ ਸ਼ਰਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਲੋਕ ਉਨ੍ਹਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰ ਰਹੇ ਹਨ। ਜੇਕਰ ਉਨ੍ਹਾਂ ਨੇ ਕੋਈ ਗਲਤ ਕੀਤਾ ਹੈ ਤਾਂ ਇਸ ਦੀ ਉਹ ਸ਼ਿਕਾਇਤ ਕਰਨ, ਬਾਕੀ ਫੈਸਲਾ ਪਾਰਟੀ ਨੇ ਕਰਨਾ ਹੈ।