ਨੈਸ਼ਨਲ ਹਾਈਵੇ ਜਾਮ ਕਰਨ ਵਾਲੇ 36 ਅਕਾਲੀ ਆਗੂਆਂ ''ਤੇ ਪਰਚਾ ਦਰਜ

12/10/2017 5:25:27 AM

ਲੁਧਿਆਣਾ(ਅਨਿਲ)-ਪੰਜਾਬ ਵਿਚ ਅਕਾਲੀ ਭਾਜਪਾ ਵਰਕਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੇ ਰੋਸ ਵਜੋਂ ਲੁਧਿਆਣਾ ਦੇ ਅਕਾਲੀ ਭਾਜਪਾ ਵਰਕਰਾਂ ਵੱਲੋਂ ਸ਼ੁੱਕਰਵਾਰ ਨੂੰ ਲਾਡੋਵਾਲ ਚੌਕ ਵਿਚ ਨੈਸ਼ਨਲ ਹਾਈਵੇ ਜਾਮ ਕਰ ਕੇ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਨੈਸ਼ਨਲ ਹਾਈਵੇ 'ਤੇ 5 ਘੰਟੇ ਤੱਕ ਧਰਨਾ ਲਾ ਕੇ ਰੋਡ ਜਾਮ ਕਰਨ ਵਾਲੇ ਅਕਾਲੀ ਦਲ ਦੇ 36 ਮੈਂਬਰਾਂ ਸਮੇਤ 500-600 ਅਣਪਛਾਤੇ ਮਰਦਾਂ ਅਤੇ ਔਰਤਾਂ 'ਤੇ ਥਾਣਾ ਲਾਡੋਵਾਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਥਾਣਾ ਲਾਡੋਵਾਲ ਦੇ ਮੁਖੀ ਵਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ. ਪੀ. ਸੀ. ਦੀ ਧਾਰਾ 283, 341, 431, 188 ਅਤੇ 8-ਬੀ ਨੈਸ਼ਨਲ ਹਾਈਵੇ ਐਕਟ ਤਹਿਤ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਜੇਲ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ, ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਐੱਸ. ਐੱਸ. ਬੋਰਡ ਦੇ ਸਾਬਕਾ ਚੇਅਰਮੈਨ ਸੰਤਾ ਸਿੰਘ ਊਮੈਦਪੁਰੀ, ਐੱਸ. ਜੀ. ਪੀ. ਸੀ. ਮੈਂਬਰ ਚਰਨ ਸਿੰਘ ਆਲਮਗੀਰ, ਸਾਬਕਾ ਅਕਾਲੀ ਪ੍ਰਧਾਨ ਹਰਭਜਨ ਸਿੰਘ ਡੰਗ, ਮਾਲਵਾ ਜ਼ੋਨ ਦੇ ਸਾਬਕਾ ਅਕਾਲੀ ਦਲ ਪ੍ਰਧਾਨ ਤਰਸੇਮ ਸਿੰਘ ਭਿੰਡਰ, ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ ਕੁਲਾਰ, ਸੋਹਣ ਸਿੰਘ ਗੋਗਾ, ਅਸ਼ੋਕ ਮੱਕੜ, ਜਸਵਿੰਦਰ ਸਿੰਘ ਭੋਲਾ, ਗੁਰਪ੍ਰੀਤ ਸਿੰਘ ਬੱਬਲ, ਬਲਜੀਤ ਸਿੰਘ ਛਤਵਾਲ, ਮਨਪ੍ਰੀਤ ਸਿੰਘ ਮੰਨਾ, ਜਤਿੰਦਰ ਸਿੰਘ ਖਾਲਸਾ, ਲਖਵਿੰਦਰ ਸਿੰਘ ਲੱਖੀ, ਸਤਨਾਮ ਸਿੰਘ ਕੈਲੇ, ਸੁਖਵਿੰਦਰ ਸਿੰਘ ਗਰਚਾ, ਹਰਦੀਪ ਸਿੰਘ ਪਲਾਹਾ, ਪਰਮਜੀਤ ਸਿੰਘ ਗਰੇਵਾਲ, ਸਾਬਕਾ ਪੁਲਸ ਅਧਿਕਾਰੀ ਸਤੀਸ਼ ਮਲਹੋਤਰਾ, ਸੁਰਿੰਦਰ ਕੌਰ ਦਿਆਲ, ਅਵਨੀਤ ਕੌਰ ਖਾਲਸਾ, ਪਰਮਜੀਤ ਕੌਰ ਬਾਜਵਾ, ਰਣਜੀਤ ਕੌਰ ਭੋਲੀ, ਰਾਣੀ ਧਾਲੀਵਾਲ, ਗੁਰਦੀਪ ਕੌਰ, ਪ੍ਰਕਾਸ਼ ਸਹੋਤਾ, ਸਤੀਸ਼ ਕੌਰ ਢਿੱਲੋਂ, ਵੀਲਾ ਜੈਰਤ ਸਮੇਤ 500-600 ਅਣਪਛਾਤੇ ਮਰਦਾਂ ਅਤੇ ਔਰਤਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ 'ਤੇ ਕਰਵਾਈ ਗਈ ਵੀਡੀਓਗ੍ਰਾਫੀ ਵਿਚ ਹੋਰਨਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਵਿਅਕਤੀਆਂ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਜਾ ਸਕੇ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਜੇਕਰ ਮੁੜ ਧੱਕੇਸ਼ਾਹੀ ਹੋਈ ਤਾਂ ਫਿਰ ਧਰਨੇ ਲਾਏ ਜਾਣਗੇ : ਸਾਬਕਾ ਵਿਧਾਇਕ ਇਯਾਲੀ
ਵਿਧਾਨ ਸਭਾ ਹਲਕਾ ਦਾਖਾ ਦੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅਕਾਲੀ ਦਲ ਪਰਚਿਆਂ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਲਾਡੋਵਾਲ ਵਿਚ ਧਰਨਾ ਲਾਇਆ ਗਿਆ ਸੀ, ਉਹ ਅਕਾਲੀ ਵਰਕਰਾਂ 'ਤੇ ਝੂਠੇ ਮੁਕੱਦਮੇ ਕਰਵਾਉਣ ਕਾਰਨ ਲਾਇਆ ਗਿਆ ਸੀ, ਜਿਸ ਨਾਲ ਕਾਂਗਰਸ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਵਰਕਰਾਂ ਨਾਲ ਫਿਰ ਕਾਂਗਰਸ ਸਰਕਾਰ ਨੇ ਧੱਕੇਸ਼ਾਹੀ ਕੀਤੀ ਤਾਂ ਅਜਿਹੇ ਧਰਨੇ ਅੱਗੇ ਵੀ ਜਾਰੀ ਰਹਿਣਗੇ।
ਲੋਕਾਂ ਦੇ ਹੱਕ ਲਈ ਲਾਇਆ ਧਰਨਾ : ਹੀਰਾ ਸਿੰਘ ਗਾਬੜੀਆ
ਪੰਜਾਬ ਦੇ ਸਾਬਕਾ ਜੇਲ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਅਕਾਲੀ ਦਲ ਧਰਨੇ ਲਾਉਣੇ ਬੰਦ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਲਾਡੋਵਾਲ ਵਿਚ ਅਕਾਲੀ ਦਲ ਨੇ ਲੋਕਾਂ ਦੇ ਹੱਕਾਂ ਲਈ ਧਰਨਾ ਲਾਇਆ ਸੀ। ਜੇਕਰ ਕਾਂਗਰਸ ਸਰਕਾਰ ਫਿਰ ਤੋਂ ਕੋਈ ਧੱਕੇਸ਼ਾਹੀ ਕਰੇਗੀ ਤਾਂ ਅਕਾਲੀ ਦਲ ਹੋਰ ਧਰਨੇ ਲਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਇਹ ਧਰਨੇ ਪੰਜਾਬ ਦੀ ਹਰ ਸੜਕ 'ਤੇ ਲਾਏ ਜਾਣਗੇ। ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਅਕਾਲੀ ਦਲ ਆਪਣੀ ਲੜਾਈ ਜਾਰੀ ਰੱਖੇਗਾ।
ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਆਵਾਜ਼ ਉਠਾਈ : ਸ਼ਰਨਜੀਤ ਸਿੰਘ ਢਿੱਲੋਂ
ਪੰਜਾਬ ਦੇ ਸਾਬਕਾ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜੇਕਰ ਅਕਾਲੀ ਦਲ ਦੇ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਧਰਨਾ ਲਾ ਕੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਆਪਣੀ ਆਵਾਜ਼ ਉਠਾਈ ਹੈ। ਕਾਂਗਰਸ ਸਰਕਾਰ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਵੇ ਪਰ ਅਕਾਲੀ ਦਲ ਲੋਕਾਂ ਦੀ ਖਾਤਰ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ।


Related News