6.5 ਬੈਂਡ ਵਾਲੀ ਕੁੜੀ ਨਾਲ ਵਿਆਹ ਤੇ ਕੈਨੇਡਾ ਭੇਜਣ ’ਤੇ ਖ਼ਰਚੇ 36 ਲੱਖ, ਹੁਣ ਕਰਨ ਲੱਗੀ 25 ਲੱਖ ਦੀ ਹੋਰ ਡਿਮਾਂਡ
Sunday, May 12, 2024 - 10:03 PM (IST)
ਮੋਗਾ (ਆਜ਼ਾਦ)– ਫਿਰੋਜ਼ਪੁਰ ਜ਼ਿਲੇ ਦੇ ਪਿੰਡ ਵਾੜਾ ਭਾਈ ਘੱਲ ਖੁਰਦ ਦੇ ਵਸਨੀਕ ਜਗਤਾਰ ਸਿੰਘ ਦੇ ਪੁੱਤਰ ਜਸਪ੍ਰੀਤ ਸਿੰਘ ਨੂੰ ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਕਥਿਤ ਮਿਲੀਭੁਗਤ ਕਰਕੇ 36 ਲੱਖ 85 ਹਜ਼ਾਰ ਰੁਪਏ ਹੜੱਪਣ ਤੋਂ ਇਲਾਵਾ ਆਪਣੇ ਪਤੀ ਨੂੰ ਕੈਨੇਡਾ ’ਚ ਪੱਕਾ ਕਰਵਾਉਣ ਦੇ ਨਾਂ ’ਤੇ 25 ਲੱਖ ਰੁਪਏ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਬੱਧਨੀ ਕਲਾਂ ’ਚ ਮਾਮਲਾ ਦਰਜ ਕਰ ਲਿਆ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਜਗਤਾਰ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਜਸਪ੍ਰੀਤ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਨਿਵਾਸੀ ਪਿੰਡ ਬੁੱਟਰ ਖੁਰਦ ਦੇ ਨਾਲ 20 ਨਵੰਬਰ, 2022 ਨੂੰ ਤਲਵੰਡੀ ਭਾਈ ’ਚ ਹੋਇਆ ਸੀ, ਜਿਸ ਦਾ ਸਾਰਾ ਖ਼ਰਚਾ ਮੁੰਡੇ ਵਾਲਿਆਂ ਵਲੋਂ ਕੀਤਾ ਗਿਆ। ਮਨਪ੍ਰੀਤ ਕੌਰ ਦੇ ਆਈਲੈੱਟਸ ’ਚੋਂ 6.5 ਬੈਂਡ ਆਏ ਸਨ, ਜਿਸ ’ਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਧੀ ਦਾ ਸਾਰਾ ਖ਼ਰਚਾ ਮੁੰਡੇ ਵਾਲੇ ਕਰਨਗੇ ਤੇ ਉਹ ਕੈਨੇਡਾ ਜਾ ਕੇ ਮੁੰਡੇ ਨੂੰ ਉਥੇ ਬੁਲਾ ਲਵੇਗੀ ਤੇ ਪੀ. ਆਰ. ਵੀ ਦਿਵਾਏਗੀ, ਜਿਸ ’ਤੇ ਮੁੰਡੇ ਵਾਲਿਆਂ ਨੇ ਕਰੀਬ 36 ਲੱਖ ਰੁਪਏ ਖ਼ਰਚ ਦਿੱਤੇ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਇਕ ਹੋਰ ਵੱਡਾ ਧਮਾਕਾ, ਬੈਂਸ ਭਰਾਵਾਂ ਨੇ ਫੜਿਆ ਕਾਂਗਰਸ ਦਾ 'ਹੱਥ'
ਵਿਆਹ ਤੋਂ ਬਾਅਦ 25 ਦਸੰਬਰ, 2022 ਨੂੰ ਮਨਪ੍ਰੀਤ ਕੌਰ ਕੈਨੇਡਾ ਚਲੀ ਗਈ ਤੇ 5 ਮਹੀਨਿਆਂ ਬਾਅਦ ਉਸ ਨੇ ਆਪਣੇ ਪਤੀ ਜਸਪ੍ਰੀਤ ਸਿੰਘ ਨੂੰ ਵੀ ਕੈਨੇਡਾ ਬੁਲਾ ਲਿਆ। ਜਗਤਾਰ ਸਿੰਘ ਨੇ ਕਿਹਾ ਕਿ ਮੇਰੇ ਮੁੰਡੇ ਜਸਪ੍ਰੀਤ ਸਿੰਘ ਨੂੰ ਹੁਣ ਉਸ ਦੀ ਪਤਨੀ ਮਨਪ੍ਰੀਤ ਕੌਰ ਕੈਨੇਡਾ ’ਚ ਪੀ. ਆਰ. ਦਿਵਾਉਣ ’ਤੇ 25 ਲੱਖ ਰੁਪਏ ਦੀ ਮੰਗ ਕਰ ਰਹੀ ਹੈ ਤੇ ਪੈਸੇ ਨਾ ਦੇਣ ’ਤੇ ਉਹ ਉਸ ਨੂੰ ਵਾਪਸ ਭੇਜਣ ਦੀਆਂ ਧਮਕੀਆਂ ਦੇਣ ਲੱਗੀ, ਜਿਸ ’ਤੇ ਅਸੀਂ ਪੰਚਾਇਤ ਦੇ ਰਾਹੀਂ ਮਨਪ੍ਰੀਤ ਕੌਰ ਦੇ ਪਿਤਾ ਗੁਰਚਰਨ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਦੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਤੁਸੀਂ ਕਿਹਾ ਸੀ ਕਿ ਜਦੋਂ ਉਨ੍ਹਾਂ ਦੀ ਲੜਕੀ ਕੈਨੇਡਾ ਪਹੁੰਚ ਜਾਵੇਗੀ ਤਾਂ ਉਹ ਆਪਣੇ ਪਤੀ ਨੂੰ ਬੁਲਾ ਕੇ ਪੀ. ਆਰ. ਕਰਵਾਏਗੀ ਪਰ ਹੁਣ ਉਹ 25 ਲੱਖ ਰੁਪਏ ਮੰਗ ਰਹੀ ਹੈ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਇਸ ਸਬੰਧੀ ਉਹ ਕੁਝ ਨਹੀਂ ਕਰ ਸਕਦੇ।
ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਸਮੇਂ ਮਨਪ੍ਰੀਤ ਕੌਰ ਦੇ ਪਿਤਾ ਗੁਰਚਰਨ ਸਿੰਘ ਨੇ ਕਿਹਾ ਕਿ ਜਸਪ੍ਰੀਤ ਸਿੰਘ ਕੈਨੇਡਾ ’ਚ ਉਸ ਦੀ ਧੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਉਹ ਵੱਖ ਹੋ ਗਈ ਤੇ ਉਨ੍ਹਾਂ ਸ਼ਿਕਾਇਤਕਰਤਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਕਤ ਮਾਮਲੇ ’ਚ ਜਾਂਚ ਅਧਿਕਾਰੀ ਵਲੋਂ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਕਥਿਤ ਮੁਲਜ਼ਮਾਂ ਮਨਪ੍ਰੀਤ ਕੌਰ, ਉਸ ਦੇ ਪਿਤਾ ਗੁਰਚਰਨ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਸਾਰੇ ਨਿਵਾਸੀ ਪਿੰਡ ਬੁੱਟਰ ਖੁਰਦ ਖ਼ਿਲਾਫ਼ ਧੋਖਾਧੜੀ ਤੇ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਨੇ ਜਾਂਚ ’ਚ ਕਿਹਾ ਕਿ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਆਪਣੀ ਧੀ ਨੂੰ ਕੈਨੇਡਾ ਭੇਜ ਕੇ 36 ਲੱਖ 82 ਹਜ਼ਾਰ ਰੁਪਏ ਖ਼ਰਚਾ ਕਰਵਾ ਕੇ 25 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।