ਨਾਜਾਇਜ਼ ਮੰਡੀਆਂ ਨੂੰ ਮਿਲਿਆ ਕਾਂਗਰਸੀਆਂ ਦਾ ਆਸ਼ੀਰਵਾਦ, ਹਟਾਉਣ ਗਏ ਸੁਪਰਡੈਂਟ ਨੂੰ ਧਮਕਾਇਆ
Friday, Sep 01, 2017 - 03:34 AM (IST)

ਸਰਕਾਰ ਦੇ ਨਾਲ ਹੀ ਬਦਲੇ ਮਾਫੀਆ ਦੇ ਆਕਾ
ਲੁਧਿਆਣਾ (ਹਿਤੇਸ਼)-ਸਰਕਾਰ ਦੇ ਨਾਲ ਹੀ ਨਾਜਾਇਜ਼ ਤੌਰ 'ਤੇ ਗਤੀਵਿਧੀਆਂ ਕਰਨ ਵਾਲੇ ਲੋਕਾਂ ਨੇ ਵੀ ਆਪਣੇ ਆਕਾ ਬਦਲਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦਾ ਸਬੂਤ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪਹਿਲਾਂ ਅਕਾਲੀ-ਭਾਜਪਾ ਆਗੂਆਂ ਦੀ ਸ਼ਹਿ 'ਤੇ ਜਵੱਦੀ ਨਹਿਰ ਕੰਢੇ ਨਾਜਾਇਜ਼ ਰੇਹੜੀ ਮਾਰਕੀਟ ਲਗਵਾਉਣ ਵਾਲਿਆਂ ਦੇ ਹੱਕ 'ਚ ਕਾਂਗਰਸ ਆਗੂਆਂ ਨੇ ਸਿਫਾਰਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਨਗਰ ਨਿਗਮ ਸੁਪਰਡੈਂਟ ਜਸਦੇਵ ਸੇਖੋਂ ਨੇ ਦੱਸਿਆ ਕਿ ਨਹਿਰ ਦੇ ਕੰਢੇ ਖਾਲੀ ਪਈ ਜਗ੍ਹਾ 'ਚ ਕੁਝ ਸਮਾਂ ਪਹਿਲਾਂ ਵੀ ਮੰਡੀ ਲਾਉਣ ਦੀ ਕੋਸ਼ਿਸ਼ ਹੋਈ ਸੀ, ਜਿਸ ਨੂੰ ਨਕਾਮ ਕਰ ਦਿੱਤਾ ਗਿਆ ਪਰ ਵੀਰਵਾਰ ਸਵੇਰ ਫਿਰ ਕੁਝ ਲੋਕਾਂ ਨੇ ਉਥੇ ਜਗ੍ਹਾ ਦੀ ਲੈਵਲਿੰਗ ਕਰ ਕੇ ਰੇਹੜੀ ਫੜ੍ਹੀ ਲਾਉਣ ਲਈ ਮਾਰਕਿੰਗ ਵੀ ਕਰ ਦਿੱਤੀ। ਜਿਸ ਸਬੰਧੀ ਸ਼ਿਕਾਇਤ ਮਿਲਣ 'ਤੇ ਉਹ ਤਹਿਬਾਜ਼ਾਰੀ ਟੀਮ ਤੇ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪੁੱਜੇ ਤਾਂ ਇਕ ਨੌਜਵਾਨ ਕਾਂਗਰਸੀ ਆਗੂ ਨੇ ਫੋਨ ਕਰ ਕੇ ਸਿਫਾਰਸ਼ ਕੀਤੀ ਤੇ ਫਿਰ ਇਕ ਵਿਧਾਇਕ ਦੇ ਪੀ. ਏ. ਨੇ ਮੰਡੀ ਲੱਗਣ ਦੇਣ ਦੀ ਵਕਾਲਤ ਕੀਤੀ ਪਰ ਉਨ੍ਹਾਂ ਨੇ ਮੰਡੀ ਹਟਵਾ ਦਿੱਤੀ ਤਾਂ ਇਕ ਸਾਬਕਾ ਮੰਤਰੀ ਦੇ ਨੇੜਲਾ ਦੱਸਣ ਵਾਲੇ ਵਿਅਕਤੀ ਨੇ ਫੋਨ ਕਰ ਕੇ ਦੁਰਵਿਵਹਾਰ ਕੀਤਾ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ਦੀ ਸੂਚਨਾ ਉੱਚ ਅਫਸਰਾਂ ਤੇ ਇਲਾਕਾ ਪੁਲਸ ਨੂੰ ਦਿੱਤੀ ਗਈ ਅਤੇ ਮੰਡੀ ਨਾ ਲੱਗਣ ਦੇਣ ਲਈ ਮੌਕੇ 'ਤੇ ਤਹਿਬਾਜ਼ਾਰੀ ਸਟਾਫ ਨੂੰ ਤਾਇਨਾਤ ਕਰ ਦਿੱਤਾ। ਨਿਗਮ ਟੀਮ ਨੇ ਜਵੱਦੀ ਨਹਿਰ 'ਤੇ ਹੀ ਪਾਵਰ ਹਾਊਸ ਅਤੇ ਗ੍ਰੀਨ ਬੈਲਟ ਦੇ ਨਾਲ ਲਗਦੀ ਫਲ ਸਬਜ਼ੀ ਮੰਡੀ ਨੂੰ ਤਾਂ ਹਟਾਇਆ ਹੀ, ਪੱਖੋਵਾਲ ਰੋਡ 'ਤੇ ਨਹਿਰ ਤੋਂ ਪਹਿਲਾਂ ਮਾਡਲ ਟਾਊਨ ਵੱਲ ਜਾਣ ਵਾਲੀ ਸੜਕ ਕੰਢੇ ਲਗਦੀ ਰੇਹੜੀ ਫੜ੍ਹੀ ਵਾਲਿਆਂ ਦਾ ਸਾਮਾਨ ਵੀ ਜ਼ਬਤ ਕਰ ਲਿਆ।
ਰੇਹੜੀ ਫੜ੍ਹੀ ਵਾਲਿਆਂ ਤੋਂ ਹੁੰਦੀ ਹੈ ਵਸੂਲੀ
ਸ਼ਹਿਰ 'ਚ ਇਸ ਤਰ੍ਹਾਂ ਸਰਕਾਰੀ ਜਗ੍ਹਾ 'ਤੇ ਕਈ ਮੰਡੀਆਂ ਲਗਦੀਆਂ ਹਨ ਜਿਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲਿਆਂ ਵੱਲੋਂ ਰੇਹੜੀ ਫੜ੍ਹੀ ਤੋਂ ਵਸੂਲੀ ਕੀਤੀ ਜਾਂਦੀ ਹੈ ਜਿਸ ਪੈਸੇ ਨੂੰ ਉਪਰ ਤੱਕ ਪਹੁੰਚਾਉਣ ਦਾ ਦਾਅਵਾ ਕਰ ਕੇ ਨਿਗਮ ਜਾਂ ਦੂਜੇ ਵਿਭਾਗਾਂ ਦੀ ਕੋਈ ਕਾਰਵਾਈ ਨਾ ਹੋਣ ਦੀ ਗਾਰੰਟੀ ਤਾਂ ਲਈ ਹੀ ਜਾਂਦੀ ਹੈ, ਮੌਕੇ 'ਤੇ ਜਨਰੇਟਰ ਲਾ ਕੇ ਬਿਜਲੀ ਦੀ ਸਪਲਾਈ ਵੀ ਦਿੱਤੀ ਜਾਂਦੀ ਹੈ।
ਮੰਡੀ ਬੋਰਡ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ 'ਚ
ਇਸ ਤਰ੍ਹਾਂ ਮੰਡੀਆਂ ਲਾਉਣ ਦੀ ਯੋਜਨਾ ਮਾਰਕੀਟ ਕਮੇਟੀ ਨੇ ਮਨਜ਼ੂਰ ਕੀਤੀ ਹੋਈ ਹੈ ਪਰ ਉਨ੍ਹਾਂ 'ਚ ਸਿਰਫ ਕਿਸਾਨ ਹੀ ਆਪਣੇ ਉਤਪਾਦ ਲਿਆ ਕੇ ਸਿੱਧਾ ਵੇਚ ਸਕਦੇ ਹਨ ਪਰ ਇੱਥੇ ਤਾਂ ਮੰਡੀ ਤੋਂ ਲਿਆ ਕੇ ਸਾਮਾਨ ਵੇਚਿਆ ਜਾਂਦਾ ਹੈ। ਜਿਸ 'ਚ ਫਲ ਸਬਜ਼ੀਆਂ ਤੋਂ ਇਲਾਵਾ ਪਲਾਸਟਿਕ, ਕੱਪੜੇ ਆਦਿ ਸਾਮਾਨ ਵੇਚਣ ਦੇ ਸਟਾਲ ਵੀ ਲਗਦੇ ਹਨ। ਅਜਿਹੀਆਂ ਕਈ ਮੰਡੀਆਂ ਨੂੰ ਮਾਰਕੀਟ ਕਮੇਟੀ ਵੱਲੋਂ ਫੀਸ ਵਸੂਲਣ ਬਦਲੇ ਮਾਨਤਾ ਦਿੱਤੀ ਜਾ ਰਹੀ ਹੈ।