ਕਣਕ ਵੰਡ ਸਮਾਰੋਹ ''ਚ ਕਾਂਗਰਸੀ ਆਗੂ ਦਾ ਅਰਧਨਗਨ ਪ੍ਰਦਰਸ਼ਨ

Tuesday, Jul 25, 2017 - 02:20 AM (IST)

ਬਠਿੰਡਾ(ਬਲਵਿੰਦਰ)-ਕਾਂਗਰਸ ਦੇ ਕਣਕ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਸਾਹਮਣੇ ਹੀ ਇਕ ਕਾਂਗਰਸੀ ਆਗੂ ਨੇ ਅਰਧਨਗਨ ਪ੍ਰਦਰਸ਼ਨ ਕੀਤਾ, ਜਿਸ ਦੀ ਮੰਗ ਸੀ ਕਿ ਪੁਲਸ ਚੌਕੀ ਦਾ ਇੰਚਾਰਜ ਉਸ ਦਾ ਮਨਭਾਉਂਦਾ ਅਧਿਕਾਰੀ ਲਾਇਆ ਜਾਵੇ। ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਨੇ ਕਣਕ ਵੰਡ ਸਮਾਰੋਹ 'ਚ ਵਿਤਕਰਾ ਕਰਨ ਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਗਾਇਆ।
ਕੀ ਹੈ ਮਾਮਲਾ ? 
ਅਕਾਲੀ-ਭਾਜਪਾ ਸਰਕਾਰ ਦੀ ਚੱਲ ਰਹੀ ਆਟਾ-ਦਾਲ ਸਕੀਮ ਤਹਿਤ ਅੱਜ ਧਰਮਸ਼ਾਲਾ, ਗਲੀ ਨੰ. 3, ਅਮਰਪੁਰਾ ਬਸਤੀ ਵਿਖੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਕੀਤੀ ਜਾ ਰਹੀ ਸੀ, ਜਿਸ ਵਿਚ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਜੋ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਵੀ ਹਨ, ਮੁੱਖ ਮਹਿਮਾਨ ਵਜੋਂ ਪਹੁੰਚੇ ਸਨ, ਜਿਨ੍ਹਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਛੋਟੇ ਲਾਲ ਨੇ ਜੌਹਲ ਅੱਗੇ ਮਸਲਾ ਰੱਖਿਆ ਕਿ ਪੁਲਸ ਚੌਕੀ ਵਰਧਮਾਨ ਦਾ ਇੰਚਾਰਜ ਅਕਾਲੀਆਂ ਦਾ ਬੰਦਾ ਹੈ, ਜੋ ਕਾਂਗਰਸੀਆਂ ਦੀ ਗੱਲ ਨਹੀਂ ਮੰਨਦਾ ਤੇ ਨਾ ਹੀ ਕਿਸੇ ਕਾਂਗਰਸੀ ਵਰਕਰ ਦੀ ਇੱਜ਼ਤ ਕਰਦਾ ਹੈ। ਇਸ ਲਈ ਉਸਨੂੰ ਬਦਲ ਦੇਣਾ ਚਾਹੀਦਾ ਹੈ ਪਰ ਜੌਹਲ ਨੇ ਇਸ ਗੱਲ ਨੂੰ ਹੱਸ ਕੇ ਟਾਲ ਦਿੱਤਾ, ਜਿਸ 'ਤੇ ਛੋਟੇ ਲਾਲ ਤੈਸ਼ ਵਿਚ ਆ ਗਏ ਤੇ ਉਨ੍ਹਾਂ ਆਪਣੇ ਕੱਪੜੇ ਉਤਾਰ ਦਿੱਤੇ। ਉਨ੍ਹਾਂ ਅਰਧਨਗਨ ਹੋ ਕੇ ਸਮਾਰੋਹ ਦੌਰਾਨ ਰੋਸ ਪ੍ਰਦਰਸ਼ਨ ਕੀਤਾ ਕਿ ਕਾਂਗਰਸ ਦੇ ਰਾਜ ਵਿਚ ਹੀ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇੱਜ਼ਤ ਨਹੀਂ ਹੁੰਦੀ ਤੇ ਨਾ ਹੀ ਕੋਈ ਵੱਡਾ ਆਗੂ ਸੁਣਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੱਪੜਿਆਂ ਵਾਂਗ ਹੀ ਹਰ ਜਗ੍ਹਾ ਕਾਂਗਰਸੀਆਂ ਦੀ ਇੱਜ਼ਤ ਉੱਤਰ ਰਹੀ ਹੈ, ਜਿਸ ਦੀ ਸੁਣਵਾਈ ਹਾਈਕਮਾਨ ਵੀ ਨਹੀਂ ਕਰ ਰਹੀ। ਅੰਤ ਸਾਥੀ ਆਗੂਆਂ ਨੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਤਾਂ ਉਹ ਸ਼ਾਂਤ ਹੋ ਗਏ।
ਕੀ ਕਹਿੰਦੇ ਹਨ ਛੋਟੇ ਲਾਲ ?
ਸੀਨੀਅਰ ਆਗੂ ਛੋਟੇ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਪਾਰਟੀ ਦੀ ਜੀਅ-ਜਾਨ ਨਾਲ ਸੇਵਾ ਕੀਤੀ ਹੈ। ਹੁਣ ਜੇਕਰ ਕਾਂਗਰਸ ਦੇ ਰਾਜ 'ਚ ਥੋੜ੍ਹੀ ਜਿਹੀ ਇੱਜ਼ਤ ਮੰਗ ਲਈ ਤਾਂ ਕੋਈ ਗੁਨਾਹ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਉਸ ਦੇ ਭਤੀਜੇ ਤੋਂ ਕਿਸੇ ਵਿਅਕਤੀ 'ਚ ਕਾਰ ਵੱਜ ਗਈ ਸੀ, ਜਿਸ 'ਤੇ ਪੁਲਸ ਉਸ ਨੂੰ ਰਾਤ ਵੇਲੇ ਹੀ ਚੁੱਕ ਕੇ ਲੈ ਗਈ। ਉਨ੍ਹਾਂ ਪੁਲਸ ਨੂੰ ਸਿਫਾਰਿਸ਼ ਕੀਤੀ ਸੀ ਕਿ ਉਸ ਦੇ ਭਤੀਜੇ ਨੂੰ ਛੱਡ ਦੇਣ, ਉਹ ਸਵੇਰੇ ਉਸ ਨੂੰ ਖੁਦ ਲੈ ਕੇ ਆਉਣਗੇ ਪਰ ਚੌਕੀ ਇੰਚਾਰਜ ਨੇ ਉਸ ਨੂੰ ਨਹੀਂ ਛੱਡਿਆ, ਸਗੋਂ ਬਦਤਮੀਜ਼ੀ ਨਾਲ ਬੋਲਦਾ ਰਿਹਾ। ਛੋਟੇ ਲਾਲ ਨੇ ਕਿਹਾ ਕਿ ਜੇਕਰ ਕਾਂਗਰਸ ਦੇ ਰਾਜ ਵਿਚ ਇਕ ਸੀਨੀਅਰ ਆਗੂ ਦੀ ਗੱਲ ਵੀ ਨਹੀਂ ਮੰਨੀ ਜਾ ਸਕਦੀ ਤਾਂ ਉਨ੍ਹਾਂ ਦਾ ਕੀ ਜਿਊਣਾ ਹੋਇਆ। ਉਨ੍ਹਾਂ ਦੀ ਮੰਗ ਹੈ ਕਿ ਅਕਾਲੀਆਂ ਦੇ ਚੌਕੀ ਇੰਚਾਰਜ ਨੂੰ ਬਦਲਿਆ ਜਾਵੇ। 
ਕਾਨੂੰਨ ਸਭ ਲਈ ਇਕ ਹੈ-ਜੈਜੀਤ ਜੌਹਲ
ਜੈਜੀਤ ਜੌਹਲ ਨੇ ਕਿਹਾ ਕਿ ਕਾਨੂੰਨ ਸਭ ਲਈ ਇਕ ਹੈ, ਫਿਰ ਭਾਵੇਂ ਉਹ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਸਖ਼ਤ ਆਦੇਸ਼ ਹਨ ਕਿ ਪੁਲਸ ਦੇ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕੀਤੀ ਜਾਵੇ। ਪੁਲਸ ਆਪਣਾ ਕੰਮ ਕਾਨੂੰਨ ਮੁਤਾਬਕ ਕਰ ਰਹੀ ਹੈ, ਇਸ ਲਈ ਉਹ ਇਸ ਸੰਬੰਧ 'ਚ ਕੁਝ ਵੀ ਨਹੀਂ ਕਹਿਣਗੇ। ਕਾਂਗਰਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਪਾਰਟੀ ਦੀ ਹਕੂਮਤ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਨਾ ਕਰਨ। ਕਣਕ ਵੰਡਣ 'ਚ ਵਿਤਕਰੇਬਾਜ਼ੀ ਹੋਣ ਦੇ ਰੌਲੇ ਬਾਰੇ ਉਨ੍ਹਾਂ ਕਿਹਾ ਕਿ ਕਣਕ ਤੇ ਹੋਰ ਸਾਮਾਨ ਦੀ ਵੰਡ ਕਾਰਡ ਨੰਬਰ ਮੁਤਾਬਕ ਕੀਤੀ ਜਾ ਰਹੀ ਹੈ, ਪਾਰਟੀ ਮੁਤਾਬਕ ਨਹੀਂ। ਉਨ੍ਹਾਂ 12 ਵਜੇ ਆਉਣਾ ਸੀ ਤੇ ਕਿਸੇ ਕਾਰਨ ਸਿਰਫ ਅੱਧਾ ਘੰਟਾ ਹੀ ਲੇਟ ਹੋਏ ਸਨ ਪਰ ਲੋਕ ਦਿੱਤੇ ਸਮੇਂ ਤੋਂ ਕਾਫੀ ਸਮਾਂ ਪਹਿਲਾਂ ਆ ਗਏ ਸਨ। ਆਮ ਲੋਕਾਂ 'ਚ ਇਸ ਸਬੰਧੀ ਬਿਲਕੁਲ ਹੀ ਰੋਸ ਨਹੀਂ ਸੀ ਪਰ ਕੁਝ ਮਹਿਲਾ ਅਕਾਲੀ ਵਰਕਰਾਂ ਨੇ ਰੌਲਾ ਪਾ ਲਿਆ, ਜਦਕਿ ਪ੍ਰੋਗਰਾਮ 'ਚ ਬਿਨਾਂ ਮਤਭੇਦ ਕਣਕ ਵੰਡੀ ਗਈ।


Related News