ਜਾਖੜ, ਮਨਪ੍ਰੀਤ ਤੇ ਸਿੰਗਲਾ ਨੇ ਅਬੋਹਰ ’ਚ 8 ਵਿਕਾਸ ਪ੍ਰਾਜੈਕਟਾਂ ਦੇ ਰੱਖੇ ਨੀਂਹ ਪੱਥਰ

01/12/2021 6:06:15 PM

ਜਲਾਲਾਬਾਦ (ਸੇਤੀਆ) : ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਹੈ ਕਿ ਗੁਰੂ ਦੀ ਕ੍ਰਿਪਾ ਨਾਲ ਪੰਜਾਬੀ ਹਮੇਸ਼ਾ ਅੱਗੇ ਵੱਧਣ ਵਾਲੀ ਮਸ਼ੀਨ ਹਨ ਤੇ ਉਨ੍ਹਾਂ ਅੰਦਰ ਇਕ ਅਜਿਹਾ ਇੰਜਣ ਲਗਾਇਆ ਹੋਇਆ ਹੈ ਜਿਸ ਦਾ ਕੋਈ ਬੈਕਗੇਅਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਅਸੀਂ ਪੰਜਾਬ ਵਾਸੀ ਅੱਗੇ ਵਧਣਾ ਸ਼ੁਰੂ ਕਰਦੇ ਹਾਂ ਤਾਂ ਪਿੱਛੇ ਮੁੜ ਕੇ ਨਹੀਂ ਵੇਖਦੇ। ਇਸ ਮੌਕੇ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ, ਵਿਧਾਇਕ ਬੱਲੂਆਣਾ ਨੱਥੂ ਰਾਮ, ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ, ਚੇਅਰਮੈਨ ਟਿਬਵੈਲ ਕਾਰਪੋਰੇਸ਼ਨ ਜਗਬੀਰ ਬਰਾੜ, ਸਾਬਕਾ ਸੰਸਦ ਸ਼ੇਰ ਸਿੰਘ ਘੁਬਾਇਆ,ਕਾਂਗਰਸ  ਜ਼ਿਲ੍ਹਾ ਪ੍ਰਧਾਨ ਰੰਜਮ ਕਾਮਰਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸੁਨੀਲ ਜਾਖੜ ਨੇ ਅਬੋਹਰ ਵਿਖੇ 202.64 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਨਹਿਰੀ ਕਲੋਨੀ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਜਿਥੇ ਆਮ ਲੋਕਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ, ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਕਾਂਗਰਸ ਆਗੂ ਸੰਦੀਪ ਜਾਖੜ ਨੇ ਵੀ ਆਪਣੇ ਵੱਢਮੁੱਲੇ ਵਿਚਾਰ ਸਾਂਝੇ ਕੀਤੇ।

ਸੁਨੀਲ ਜਾਖੜ ਨੇ ਕਿਹਾ ਕਿ ਉਹ ਅਬੋਹਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਸਰਵਪੱਖੀ ਵਿਕਾਸ ਲਈ ਵੱਡੀ ਰਕਮ ਜਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਰਕਮ ਵੈਟਰਨਰੀ ਹਸਪਤਾਲ, ਮੱਛੀ ਬੀਜ ਫਾਰਮ, ਨਵਾਂ ਸਰਕਾਰੀ ਕਾਲਜ, ਦੋ ਸੜਕਾਂ (ਮਲੋਟ ਚੌਕ ਤੋਂ ਹਨੂੰਮਾਨਗੜ੍ਹ ਬਾਈਪਾਸ ਚੌਕ ਅਤੇ ਮਲੋਟ ਚੌਕ ਤੋਂ ਸੀਤੋਗੁੰਨੋ ਚੌਕ ਤੱਕ) ਨੂੰ ਅਪਗ੍ਰੇਡ ਕਰਨ, ਪ੍ਰਾਜੈਕਟ ਕਦਮ (ਨਾਨ-ਮੋਟਰਾਈਜ਼ਡ ਟਰਾਂਸਪੋਰਟ ਕੋਰੀਡੋਰ ਦੇ ਵਿਕਾਸ ਲਈ ਖਰਚੇ ਜਾਣਗੇ), ਵਿਕਾਸਸ਼ੀਲ ਪਾਰਕ, ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਦੀ ਉਸਾਰੀ, ਨਵੇਂ ਖੇਡ ਸਟੇਡੀਅਮ ਦੀ ਉਸਾਰੀ ਅਤੇ ਅਨਾਜ ਮੰਡੀ ਦਾ ਨਵੀਨੀਕਰਨ ’ਤੇ ਖਰਚ ਕੀਤੀ ਜਾਵੇਗੀ। ਇਨ੍ਹਾਂ ਵੱਡੇ ਵਿਕਾਸ ਪ੍ਰਾਜੈਕਟਾਂ ਤੋਂ ਇਲਾਵਾ, ਅਬੋਹਰ ਬੱਸ ਅੱਡੇ ਨੂੰ ਦੁਬਾਰਾ ਬਣਾਉਣ ਦੀ ਸਰਕਾਰ ਦੀ ਵੀ ਯੋਜਨਾ ਹੈ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਉਹ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾ ਕੇ ਹੀ ਰਹਿਣਗੇ।

ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਵਿਸ਼ੇਸ਼ ਕਰਕੇ ਅਬੋਹਰ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਜਾਖੜ ਨੂੰ ਅਬੋਹਰ ਲਈ ਵੱਡੇ ਵਿਕਾਸ ਪ੍ਰਾਜੈਕਟ ਲਿਆਉਣ ਦਾ ਸਿਹਰਾ ਦਿੱਤਾ। ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀ ਹੁਣ ਕਿਸੇ ਵੀ ਤਰ੍ਹਾਂ ਪ੍ਰਾਈਵੇਟ ਸਕੂਲਾਂ ਤੋਂ ਪਿੱਛੇ ਨਹੀਂ ਹਨ। ਸਿੰਗਲਾ ਨੇ ਕਿਹਾ ਕਿ ਪੜ੍ਹਾਈ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਸਖ਼ਤ ਮੁਕਾਬਲਾ ਵੀ ਦੇ ਰਹੇ ਹਨ।” ਉਨ੍ਹਾਂ ਦੱਸਿਆ ਕਿ ਨਵੀਂ ਭਰਤੀ ਨਵੀਂ ਸਿੱਖਿਆ ਨੀਤੀ ਬਣਨ ਤੋਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਲੋਟ ਚੌਕ ਤੋਂ ਹਨੂੰਮਾਨਗੜ੍ਹ ਬਾਈਪਾਸ ਦੇ ਚੌੜਾ ਹੋਣ ਨਾਲ ਟ੍ਰੈਫਿਕ ਦੀਆਂ ਰੁਕਾਵਟਾਂ ਕਾਫੀ ਹੱਦ ਤਕ ਘੱਟ ਜਾਣਗੀਆਂ।

ਸਮਾਗਮ ਦੌਰਾਨ ਬੋਲਦਿਆਂ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਕਿਹਾ ਕਿ ਅਬੋਹਰ ਲਈ ਇਹ ਇਕ ਨਵੀਂ ਸ਼ੁਰੂਆਤ ਹੈ ਕਿਉਂਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕੰਮ ਸ਼ੁਰੂਆਤ ਵਿਚ ਹਨ। ਉਨ੍ਹਾਂ ਅਪੀਲ ਕੀਤੀ ਕਿ ਉਹ ਅਬੋਹਰ ਵਿਚ ਇਲਾਕਾ ਨਿਵਾਸੀਆਂ ਦੀ ਸਹਾਇਤਾ ਨਾਲ ਸ਼ੁਰੂ ਕੀਤੇ ਜਾ ਰਹੇ ਸਵੱਛਤਾ ਪ੍ਰੋਗਰਾਮ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਸੰਦੀਪ ਜਾਖੜ ਨੇ ਸਮਾਗਮ ਦੌਰਾਨ ਮੌਜੂਦ ਲੋਕਾਂ ਨਾਲ ਦਿੱਲੀ ਸਰਹੱਦ ‘ਤੇ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਯਾਦ ਵਿਚ 2 ਮਿੰਟ ਦਾ ਮੌਨ ਧਾਰਿਆ।


Gurminder Singh

Content Editor

Related News