ਘਰ ''ਚ ਦਾਖਲ ਹੋ ਕਾਂਗਰਸੀ ਸਰਪੰਚ ''ਤੇ ਹਮਲਾ

01/15/2019 5:00:45 PM

ਤਰਨਤਾਰਨ : ਪੰਜਾਬ 'ਚ ਪੰਚਾਇਤੀ ਚੋਣਾਂ ਦਾ ਕੰਮ ਭਾਵੇਂ ਮੁਕੰਮਲ ਹੋ ਚੁੱਕਾ ਹੈ ਪਰ ਚੋਣ ਰੰਜਿਸ਼ ਕਾਰਨ ਹੋ ਰਹੀਆਂ ਖੂਨੀਆਂ ਲੜਾਈਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮਾਮਲਾ ਜ਼ਿਲਾ ਤਾਰਨਤਾਰਨ ਦੇ ਪਿੰਡ ਨੂਰਦੀ ਖੁਰਦ ਦਾ ਹੈ ਜਿਥੇ ਨਵੇਂ ਬਣੇ ਸਰਪੰਚ ਰਾਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਹਿਲਾਂ ਧਮਕੀਆਂ ਭਰਿਆ ਫੋਨ ਆਇਆ ਅਤੇ ਬਾਅਦ 'ਚ ਸ਼ਾਮ ਨੂੰ 10 ਤੋਂ 15 ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ 'ਤੇ ਹਮਲਾ ਕਰਕੇ ਭੰਨ ਤੋੜ ਕਰਦੇ ਹੋਏ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ। ਪੀੜਤ ਪਰਿਵਾਰ ਦਾ ਕਹਿਣਾ ਹੈ ਕੇ ਚੋਣਾਂ 'ਚ ਹਾਰੇ ਉਮੀਦਵਾਰ ਵੱਲੋਂ ਉਨ੍ਹਾਂ 'ਤੇ ਇਹ ਹਮਲਾ ਕਰਵਾਇਆ ਗਿਆ ਹੈ। 
ਪੀੜਤ ਸਰਪੰਚ ਰਾਮ ਸਿੰਘ ਦਾ ਕਹਿਣਾ ਹੈ ਕੇ ਵੋਟਾਂ ਵੇਲੇ ਦੋਵਾਂ ਉਮੀਦਵਾਰਾਂ ਨੂੰ ਬਰਾਬਰ ਦੀਆਂ ਵੋਟਾਂ ਪਈਆਂ ਸਨ, ਜਿਸ ਤੋਂ ਬਾਅਦ ਐੱਸ. ਡੀ. ਐੱਮ. ਵੱਲੋਂ ਟਾਸ ਕਰਕੇ ਸਰਪੰਚ ਚੁਣਿਆ ਗਿਆ ਸੀ, ਉਸੇ ਦਿਨ ਤੋਂ ਵਿਰੋਧੀ ਉਮੀਦਵਾਰ ਮੇਰੇ ਨਾਲ ਰੰਜਿਸ਼ ਰੱਖ ਰਿਹਾ ਸੀ। ਦੂਜੇ ਪਾਸੇ ਦੂਜੀ ਧਿਰ ਦੇ ਉਮੀਦਵਾਰ ਨੇ ਸਰਪੰਚ ਵਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜਦੋ ਉਹ ਸ਼ਾਮ ਨੂੰ ਘਰ ਜਾ ਰਿਹਾ ਸੀ ਤਾਂ ਰਸਤੇ 'ਚ ਮੌਜੂਦਾ ਸਰਪੰਚ ਰਾਮ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਉਸ ਦੀ ਕੁੱਟ ਮਾਰ ਕੀਤੀ ਗਈ ਅਤੇ ਉਸ ਨੂੰ ਬੰਦੀ ਬਣਾ ਲਿਆ ਗਿਆ, ਜਿਸ 'ਤੇ ਉਹ ਮੁਸ਼ਕਿਲ ਨਾਲ ਜਾਨ ਬਚਾਅ ਕੇ ਉਥੋਂ ਭੱਜਣ 'ਚ ਕਾਮਯਾਬ ਰਿਹਾ। ਇਸ ਸੰਬੰਧੀ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ, ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor

Related News